5 Dariya News

ਮਿਲਟਰੀ ਲਿਟਰੇਚਰ ਫੈਸਟੀਵਲ-2019 : 'ਚਾਈਨਾਜ਼ ਸਟਰੈਟੇਜਿਕ ਡੈਟਰੈਂਸ' ਕਿਤਾਬ ਉਤੇ ਚਰਚਾ

ਚੀਨ ਵੱਲੋਂ ਅਪਣਾਈ ਸੁਨ ਜ਼ੂ ਦੀ ਜੰਗ ਬਗ਼ੈਰ ਦੁਸ਼ਮਣਾਂ ਨੂੰ ਕਾਬੂ ਕਰਨ ਦੀ ਨੀਤੀ ਦੇ ਪਹਿਲੂ ਉਭਰੇ

5 Dariya News

ਚੰਡੀਗੜ੍ਹ 13-Dec-2019

ਇੱਥੇ ਲੇਕ ਕਲੱਬ ਵਿੱਚ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਅੱਜ 'ਚਾਈਨਾਜ਼ ਸਟਰੈਟੇਜਿਕ ਡੈਟਰੈਂਸ' ਕਿਤਾਬ ਬਾਰੇ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ। ਪੈਨਲ ਮੈਂਬਰਾਂ ਵਿੱਚ ਕਿਤਾਬ ਦੇ ਲੇਖਕ ਕਰਨਲ ਅੰਸ਼ੁਮਨ ਨਾਰੰਗ ਅਤੇ ਮੇਜਰ ਜਨਰਲ ਅਮਰਜੀਤ ਸਿੰਘ ਸ਼ਾਮਲ ਸਨ। ਚਰਚਾ ਦੀ ਪ੍ਰਧਾਨਗੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਪੀ.ਕੇ. ਸਿੰਘ ਨੇ ਕੀਤੀ।ਲੇਖਕ ਕਰਨਲ ਅੰਸ਼ੁਮਨ ਨਾਰੰਗ ਨੇ ਕਿਹਾ ਕਿ ਕਿਤਾਬ ਵਿੱਚ ਚੀਨ ਵੱਲੋਂ ਵਿਸ਼ਵ ਭਰ ਵਿੱਚ ਆਪਣੀ ਚੌਧਰ ਵਧਾਉਣ ਲਈ ਆਲਮੀ ਖੇਤਰੀ ਪਸਾਰਵਾਦ ਦੀ ਵਿਚਾਰਧਾਰਾ ਅਪਨਾਉਣ ਦੇ ਵਿਸ਼ੇ ਨੂੰ ਛੋਹਿਆ ਗਿਆ ਹੈ, ਜਿਸ ਉਤੇ ਚਲਦਿਆਂ ਚੀਨ ਦੂਜੇ ਮੁਲਕਾਂ ਨੂੰ ਹੋੜਨ ਦੀ ਆਪਣੀ ਸਮਰੱਥਾ ਵਿੱਚ ਖਤਰਨਾਕ ਹੱਦ ਤੱਕ ਵਾਧਾ ਕਰ ਰਿਹਾ ਹੈ। ਉਨ੍ਹਾਂ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਵੱਲੋਂ ਦੂਜੇ ਮੁਲਕਾਂ ਨੂੰ ਦਬਾਉਣ ਦੀਆਂ ਚਾਲਾਂ ਬਾਰੇ ਵਿਆਪਕ ਪੱਧਰ ਉਤੇ ਰੌਸ਼ਨੀ ਪਾਈ।ਕਰਨਲ ਨਾਰੰਗ ਨੇ ਅੱਗੇ ਕਿਹਾ ਕਿ ਚੀਨ ਸੁਨ ਜ਼ੂ ਦੀ ਬਿਨਾਂ ਜੰਗ ਤੋਂ ਦੁਸ਼ਮਣ ਨੂੰ ਕਾਬੂ ਕਰਨ ਦੀ ਨੀਤੀ ਉਤੇ ਸ਼ਿੱਦਤ ਨਾਲ ਚੱਲ ਰਿਹਾ ਹੈ। ਉਨ੍ਹਾਂ ਚੀਨ ਵੱਲੋਂ ਪਾਕਿਸਤਾਨ ਨਾਲ ਦੋਸਤਾਨਾ ਰਿਸ਼ਤੇ ਕਾਇਮ ਕਰ ਕੇ ਭਾਰਤ ਨੂੰ ਘੇਰਨ ਬਾਰੇ ਦੱਸਿਆ, ਜਿਸ ਤਹਿਤ ਉਹ ਪਾਕਿਸਤਾਨ ਦੀ ਜਲ ਸੈਨਾ ਦੀ ਇਸ ਹੱਦ ਤੱਕ ਮਦਦ ਕਰ ਰਿਹਾ ਹੈ ਕਿ ਪਾਕਿ ਜਲ ਸੈਨਾ, ਚੀਨ ਦੀ ਜਲ ਸੈਨਾ ਹੀ ਲੱਗ ਰਹੀ ਹੈ। ਇੱਥੇ ਹੀ ਬੱਸ ਨਹੀਂ ਚੀਨ ਨੇ ਭਾਰਤ ਦੇ ਇਕ ਹੋਰ ਗੁਆਂਢੀ ਮੁਲਕ ਬੰਗਲਾਦੇਸ਼ ਨੂੰ 303 ਟੀ-59 ਟੈਂਕ ਵੀ ਦਿੱਤੇ ਹਨ।ਕਰਨਲ ਨਾਰੰਗ ਨੇ ਇਹ ਵੀ ਖੁਲਾਸਾ ਕੀਤਾ ਕਿ ਚੀਨ ਕੋਲ ਕੁੱਝ ਸਮਾਂ ਪਹਿਲਾਂ ਤੱਕ ਪਾਈਲਟ ਰਹਿਤ ਜਹਾਜ਼ (ਯੂ.ਏ.ਵੀ.) ਵਾਲੀ ਸਮਰੱਥਾ ਨਹੀਂ ਸੀ ਪਰ ਹੁਣ ਪਰਿਪੇਖ ਬੇਹੱਦ ਬਦਲ ਚੁੱਕਿਆ ਹੈ। 

ਉਨ੍ਹਾਂ ਹੋਰ ਦੱਸਿਆ ਕਿ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਗਰ ਦੀ ਧਾਰਨਾ ਕਿ ਹਰੇਕ ਨੂੰ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ, ਉਪਰ ਚਲਦਿਆਂ ਚੀਨ ਦੱਖਣੀ ਚੀਨ ਸਾਗਰ ਵਿੱਚ ਆਪਣੀ ਨਿਗਰਾਨੀ ਵਧਾ ਰਿਹਾ ਹੈ।ਚੀਨ ਦੀਆਂ ਖੇਤਰੀ ਇੱਛਾਵਾਂ ਬਾਰੇ ਹੋਰ ਚਾਨਣਾ ਪਾਉਂਦਿਆਂ ਕਰਨਲ ਨਾਰੰਗ ਨੇ ਕਿਹਾ ਕਿ ਭਾਰਤ ਦੇ ਉੱਤਰੀ ਪੂਰਬੀ ਰਾਜ ਅਰੁਣਾਂਚਲ ਪ੍ਰਦੇਸ਼ ਉਤੇ ਦਾਅਵਾ ਕਰਨ ਦੇ ਨਾਲ ਨਾਲ ਚੀਨ ਨੇ ਤਾਇਵਾਨ ਤੇ ਫਿਲਪੀਨ ਉਤੇ ਵੀ ਨਜ਼ਰਾਂ ਟਿਕਾਈਆਂ ਹੋਈਆਂ ਹਨ, ਜਿਸ ਤੋਂ ਉਸ ਦੀਆਂ ਇਨ੍ਹਾਂ ਖੇਤਰਾਂ ਵਿੱਚ ਆਪਣਾ ਦਬਦਬਾ ਕਾਇਮ ਕਰਨ ਦੀਆਂ ਇੱਛਾਵਾਂ ਦਾ ਸਪੱਸ਼ਟ ਪਤਾ ਚਲਦਾ ਹੈ। ਚੀਨ ਦਾ ਵਧਦਾ ਆਰਥਿਕ ਦਾਬਾ ਵੀ ਉਸ ਨੂੰ ਪਸਾਰਵਾਦੀ ਨੀਤੀਆਂ ਉਤੇ ਚੱਲਣ ਲਈ ਉਕਸਾ ਰਿਹਾ ਹੈ।ਇਕ ਹੋਰ ਅਹਿਮ ਪਹਿਲੂ ਵੱਲ ਆਉਂਦਿਆਂ ਕਰਨਲ ਨਾਰੰਗ ਨੇ ਕਿਹਾ ਕਿ ਚੀਨ ਵਿੱਚ ਦੇਸ਼ ਨਾਲੋਂ ਵਫ਼ਾਦਾਰੀ ਤੋਂ ਵੱਧ ਅਹਿਮੀਅਤ ਕਮਿਊਨਿਸਟ ਪਾਰਟੀ ਮਾਮਲਿਆਂ ਵੱਲ ਦਿਖਾਈ ਦਿਆਨਤਦਾਰੀ ਰੱਖਦੀ ਹੈ।ਇਕ ਹੋਰ ਪੈਨਲ ਮੈਂਬਰ ਮੇਜਰ ਜਨਰਲ ਅਮਰਜੀਤ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਚੀਨ 2049 ਤੱਕ ਵਿਸ਼ਵ ਉਤੇ ਆਪਣਾ ਦਬਦਬਾ ਕਾਇਮ ਕਰਨ ਦੇ ਸੁਪਨੇ ਸੰਜੋਈ ਬੈਠਾ ਹੈ। ਇਸੇ ਤਹਿਤ ਉਹ ਚੀਨ ਦੀ ਮੁੱਖ ਧਰਤੀ ਦੇ ਦੁਆਲੇ ਰਣਨੀਤਕ ਧਰਾਤਲ ਤਲਾਸ਼ ਰਿਹਾ ਹੈ, ਇਸੇ ਲਈ ਉਹ ਚੀਨ ਤੋਂ ਬਾਹਰ ਹੋਰ ਖੇਤਰਾਂ ਉਤੇ ਦਾਅਵੇ ਕਰ ਰਿਹਾ ਹੈ।ਵਿਚਾਰ ਚਰਚਾ ਦੀ ਅਗਵਾਈ ਕਰਦਿਆਂ ਲੈਫਟੀਨੈਂਟ ਜਨਰਲ (ਸੇਵਾਮੁਕਤ) ਪੀ.ਕੇ. ਸਿੰਘ ਨੇ ਕਿਹਾ ਕਿ ਚੀਨ ਭਾਵੇਂ ਆਪਣੇ ਪਸਾਰਵਾਦੀ ਮਨਸੂਬਿਆਂ ਉਤੇ ਚੱਲ ਰਿਹਾ ਹੈ ਪਰ ਉਸ ਨੂੰ 1967 ਅਤੇ 1986-87 ਦੀਆਂ ਲੜਾਈਆਂ ਦੇ ਨਤੀਜੇ ਭੁੱਲੇ ਨਹੀਂ ਹਨ।