5 Dariya News

ਸਵੱਛ ਭਾਰਤ ਮੁਹਿੰਮ ਤਹਿਤ ਪ੍ਰੋਗਰਾਮ ਦਾ ਆਯੋਜਨ, ਸਫਾਈ ਅਭਿਆਨ ਵਿੱਢਣ ਲਈ ਬੱਚਿਆਂ ਨੂੰ ਵੰਡੇ ਗਏ ਕੱਪੜੇ ਦੇ ਥੈਲੇ

ਮਾਨਸਾ ਦੇ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤਾ ਗਿਆ ਪ੍ਰੋਗਰਾਮ ਦਾ ਆਯੋਜਨ

5 Dariya News

ਮਾਨਸਾ 12-Dec-2019

ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਮਾਨਸਾ ਦੇ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਵੱਛ ਭਾਰਤ ਅਭਿਆਨ ਦਾ ਸੁਨੇਹਾ ਦਿੰਦਿਆਂ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਮੰਚ ਤੋਂ ਬੋਲਦਿਆਂ ਮਿਨਿਸਟ੍ਰੀ ਆਫ ਆਈ ਐਂਡ ਬੀ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ‘ਤੇ  ਸਵੱਛਤਾ ਅਭਿਆਨ ਦਾ ਆਗਾਜ਼ ਕੀਤਾ ਗਿਆ ਸੀ। ਸ਼ਾਸਤਰੀ ਜੀ ਨੇ ‘ਜੈ ਜਵਾਨ ਜੈ ਕਿਸਾਨ‘ ਦਾ ਨਾਅਰਾ ਦਿੱਤਾ ਸੀ, ਜਿਸ ਨੂੰ ਦੇਸ਼ ਵਾਸੀਆਂ ਨੇ ਵੱਡੇ ਪੱਧਰ ‘ਤੇ ਹੁੰਗਾਰਾ ਦਿੱਤਾ ਸੀ। ਇਸੇ ਤਰ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਜੋ ਯੋਗਦਾਨ ਮੰਗਿਆ ਗਿਆ, ਉਸ ਵਿੱਚ ਵੀ ਦੇਸ਼ ਵਾਸੀਆਂ ਨੇ ਵੱਧ ਚੜ੍ਹ ਕੇ ਹੁੰਗਾਰਾ ਦਿੱਤਾ। ਕੁਝ ਇਸੇ ਤਰ੍ਹਾਂ ਹੁਣ ਸਵੱਛਤਾ ਅਭਿਆਨ ਨੂੰ ਵੀ ਜਨ ਅੰਦੋਲਨ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਈ ਮੁਲਕਾਂ ਨੇ ਆਪਣੇ ਦੇਸ਼ ਵਾਸੀਆਂ ਦੇ ਯੋਗਦਾਨ ਨਾਲ ਤਰੱਕੀ ਕੀਤੀ ਹੈ, ਉਸੇ ਤਰ੍ਹਾਂ ਹਰ ਭਾਰਤ ਵਾਸੀ ਨੂੰ ਇਸ ਅਭਿਆਨ ਵਿਚ ਯੋਗਦਾਨ ਪਾ ਕੇ ਦੇਸ਼ ਨੂੰ ਸਵੱਛਤਾ ਦੇ ਮਾਮਲੇ ਵਿੱਚ  ਮੋਹਰੀ ਬਣਾਉਣ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਈ ਭਾਰਤ ਸਰਕਾਰ ਦੀ ਮੁਹਿੰਮ ਨੂੰ ਸਫਲ ਬਣਾਉਣ ਸੰਬੰਧੀ ਅਪੀਲ ਵੀ ਕੀਤੀ।ਇਸ ਮੌਕੇ ਮੰਚ ਤੋਂ ਬੋਲਦਿਆਂ ਗਾਂਧੀ  ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਿੰਪਲ ਮਿੱਢਾ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਨੂੰ ਜਨ ਮੁਹਿੰਮ ਬਣਾਉਣ ਵਿੱਚ  ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਵੱਡਾ ਯੋਗਦਾਨ ਪਾਇਆ ਹੈ, ਜਿਸ ਦੇ ਤਹਿਤ ਨਾ ਸਿਰਫ ਪੰਜਾਬ ਬਲਕਿ ਦੇਸ਼ ਭਰ ਵਿੱਚ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਚ ਤੋਂ ਐਲਾਨ ਕੀਤਾ ਕਿ ਭਵਿੱਖ ਵਿੱਚ ਉਹਨਾਂ ਦਾ ਸਕੂਲ ਸਵੱਛ ਭਾਰਤ ਮੁਹਿੰਮ ਨੂੰ ਅੰਦੋਲਨ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕਰੇਗਾ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਪਹਿਲਾਂ ਹੀ ਪਲਾਸਟਿਕ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾ ਚੁੱਕਿਆ ਹੈ ਅਤੇ ਭਵਿੱਖ ਵਿੱਚ ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਲਈ ਜਿਸ ਵੀ ਚੀਜ਼ ਦੀ ਲੋੜ ਪਵੇਗੀ, ਉਨ੍ਹਾਂ ਦਾ ਸਕੂਲ ਸਭ ਤੋਂ ਵੱਧ ਯੋਗਦਾਨ ਪਾਵੇਗਾ। ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਕੋਈ ਵੀ ਅਜਿਹਾ ਕੰਮ ਨਾ ਕੀਤਾ ਜਾਵੇ, ਜੋ ਸਾਡੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦਾ ਹੈ।ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਵਸਥ ਭਾਰਤ ਪ੍ਰੇਰਕ ਸ੍ਰੀ ਆਦਿਤਿਆ ਮਦਾਨ  ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੂੜਾ ਕਿਸੇ ਵੀ ਥਾਂ ਸੁੱਟਣ ਦੇ ਬਜਾਏ ਸਿਰਫ ਕੂੜੇਦਾਨ ਵਿੱਚ ਸੁੱਟਣਾ ਚਾਹੀਦਾ ਹੈ। ਜੇ ਦੇਸ਼ ਅਤੇ ਪੰਜਾਬ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣਾ ਹੈ ਤਾਂ ਇਸ ਲਈ ਸਭ ਤੋਂ ਪਹਿਲਾਂ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਪਵੇਗਾ। ਇਸ ਮੌਕੇ ਮਿਉਂਸੀਪਲ ਕੌਂਸਲ ਮਾਨਸਾ ਵੱਲੋਂ ਸੈਨਿਟਰੀ ਇੰਸਪੈਕਟਰ ਸ੍ਰੀ ਬਲਜਿੰਦਰ ਸਿੰਘ ਅਤੇ ਕਮਿਊਨਿਟੀ ਫੈਸਿਲਿਟੇਟਰ ਸ੍ਰੀ ਜਸਵਿੰਦਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਫਾਈ ਅਭਿਆਨ ਨੂੰ ਵੱਡੇ ਪੱਧਰ ਤੇ ਛੇੜਨ ਤੋਂ ਇਲਾਵਾ  ਪਲਾਸਟਿਕ ਦੀ ਵਰਤੋਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ।ਇਸ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਸਫਾਈ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਦਾ ਸੁਨੇਹਾ ਦਿੰਦਿਆਂ  ਕੱਪੜੇ ਦੇ ਥੈਲੇ ਵੀ ਵੰਡੇ ਗਏ ਅਤੇ ਅਪੀਲ ਕੀਤੀ ਗਈ ਕਿ ਪਲਾਸਟਿਕ ਦੇ ਥੈਲੇ ਦੀ ਥਾਂ ਘਰ ਵਿਚ ਕੱਪੜੇ ਤੋਂ ਬਣੇ ਥੈਲੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।ਇਸ ਮੌਕੇ ਚਿੱਤਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਚਿੱਤਰ ਲੇਖ ਮੁਕਾਬਲੇ ਵਿਚ ਰਾਜਿੰਦਰ ਕੌਰ ਨੇ ਪਹਿਲਾ, ਕੋਮਲਦੀਪ ਸਿੰਘ ਨੇ ਦੂਜਾ ਅਤੇ ਹਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਉੱਥੇ ਹੀ ਇਸ ਦੌਰਾਨ ਕਰਵਾਏ ਗਏ ਕੁਇੱਜ ਮੁਕਾਬਲੇ ਵਿਚ ਵੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਆਪਣੇ ਚਾਰ ਚੁਫੇਰੇ ਨੂੰ ਸਾਫ ਰੱਖਣ ਸਬੰਧੀ ਸਹੁੰ ਵੀ ਚੁਕਾਈ ਗਈ। ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਵੱਲੋਂ ਵੀ ਇਹ ਸਹੁੰ ਚੁੱਕੀ ਗਈ ਕਿ ਉਹ ਭਵਿੱਖ ਵਿੱਚ ਨਾ ਸਿਰਫ ਆਪਣਾ ਘਰ ਬਲਕਿ ਪੂਰੇ ਦੇਸ਼ ਨੂੰ ਸਾਫ਼ ਰੱਖਣ ਦਾ ਸੰਕਲਪ ਲੈਂਦੇ ਹਨ। ਸੰਹੁ ਚੁੱਕਣ ਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਵੱਲੋਂ ਸਵੱਛਤਾ ਦਾ ਸੁਨੇਹਾ ਦਿੰਦੀ ਇਕ ਰੈਲੀ ਵੀ ਕੱਢੀ ਗਈ, ਜਿਸ ਤਹਿਤ ਇਲਾਕਾ ਵਾਸੀਆਂ ਨੂੰ ਮੁਹਿੰਮ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ ਗਿਆ।