5 Dariya News

ਪੋਲੋ ਗਰਾਊਂਡ ਵਿਖੇ ਡਿਜੀਟਲ ਮਿਊਜ਼ੀਅਮ ਦੇ ਅੱਗੇ ਬਣਿਆ ਇੱਕ ਓਅੰਕਾਰ ਸੰਗਤਾਂ ਲਈ ਬਣਿਆ ਖਿੱਚ ਦਾ ਕੇਂਦਰ

ਮਿਊਜ਼ੀਅਮ ਦੇਖਣ ਆਈਆਂ ਸੰਗਤਾਂ ਇੱਕ ਓਅੰਕਾਰ ਨਾਲ ਸੈਲਫ਼ੀ ਤੇ ਫੋਟੋਆਂ ਕਰਵਾਕੇ ਆਪਣੇ ਰੂਹਾਨੀ ਅਨੁਭਵ ਨੂੰ ਬਣਾ ਰਹੀਆਂ ਨੇ ਯਾਦਗਾਰ

5 Dariya News

ਪਟਿਆਲਾ 12-Dec-2019

ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਆਯੋਜਿਤ ਕਰਵਾਏ ਗਏ ਡਿਜੀਟਲ ਮਿਊਜ਼ੀਅਮ ਨੂੰ ਜਿਥੇ ਪਟਿਆਲਾ ਦੇ ਆਲੇ-ਦੁਆਲੇ ਦੇ ਇਲਾਕਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਉਥੇ ਹੀ ਡਿਜੀਟਲ ਮਿਊਜ਼ੀਅਮ ਦੇ ਅੱਗੇ ਬਣਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਦਰਸਾਉਂਦਾ ਇੱਕ ਓਅੰਕਾਰ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।ਡਿਜੀਟਲ ਮਿਊਜ਼ੀਅਮ ਦੇਖਣ ਆਉਣ ਵਾਲੀਆਂ ਸੰਗਤਾਂ ਆਪਣੇ ਇਸ ਰੂਹਾਨੀ ਅਨੁਭਵ ਨੂੰ ਯਾਦਗਾਰ ਬਣਾਉਣ ਲਈ ਇੱਕ ਓਅੰਕਾਰ ਨਾਲ ਜਿਥੇ ਸੈਲਫੀਆਂ ਕਰਕੇ ਆਪਣੇ ਤਜਰਬੇ ਅਤੇ ਇਸ ਮਿਊਜ਼ੀਅਮ ਦੀ ਆਪਣੀ ਫੇਰੀ ਨੂੰ ਯਾਦਗਾਰ ਬਣਾ ਰਹੀਆਂ ਹਨ ਉਥੇ ਹੀ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਗਰੁੱਪ ਫੋਟੋਆਂ ਕਰਕੇ ਇਸ ਰੂਹਾਨੀ ਪਲ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਖਾਸ ਰੁੱਚੀ ਦਿਖਾਈ ਜਾ ਰਹੀ ਹੈ।ਕੁਝ ਸਕੂਲੀ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਇਸ ਮਿਊਜ਼ੀਅਮ ਦੇ ਅੰਦਰ ਜੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਅਤੇ ਸੰਦੇਸ਼ ਦਰਸਾਇਆ ਜਾ ਰਿਹਾ ਹੈ ਉਹੀ ਸੰਦੇਸ਼ ਇਸ ਮਿਊਜ਼ੀਅਮ ਦੇ ਬਾਹਰ ਇੱਕ ਓਅੰਕਾਰ ਦੇ ਰੂਪ ਵਿੱਚ ਰੂਪਮਾਨ ਹੈ।ਡਿਜੀਟਲ ਮਿਊਜ਼ੀਅਮ ਦੇ ਬਾਹਰ ਲੱਗੀਆਂ ਵੱਖ-ਵੱਖ ਗੁਰਦੁਆਰਿਆਂ ਦੀ ਤਸਵੀਰਾਂ ਅਤੇ ਲਿਖੇ ਹੋਏ ਇਤਿਹਾਸ ਪ੍ਰਤੀ ਵੀ ਸੰਗਤਾਂ ਨੇ ਕਾਫ਼ੀ ਉਤਸੁਕਤਾ ਦਿਖਾਈ।