5 Dariya News

ਪੀ.ਪੀ.ਆਈ.ਐਸ-2019 : ਜਰਮਨੀ ਕੰਟਰੀ ਸੈਸ਼ਨ ਦੌਰਾਨ ਪਰਾਲੀ ਦੀ ਸੁਚੱਜੀ ਸੰਭਾਲ ਸਮੇਤ ਸਹਿਯੋਗ ਦੇ ਹੋਰ ਅਹਿਮ ਖੇਤਰਾਂ 'ਤੇ ਹੋਈ ਚਰਚਾ

5 Dariya News

ਐਸ. ਏ. ਐਸ. ਨਗਰ 06-Dec-2019

ਪ੍ਰੋਗਰੈਸਿਵ ਪੰਜਾਬ ਨਿਵੇਸ਼ ਸੰਮੇਲਨ-2019 ਦੌਰਾਨ 'ਪੰਜਾਬ ਅਤੇ ਜਰਮਨੀ ਦੀ ਵਿਕਾਸ ਲਈ ਭਾਈਵਾਲੀ' ਵਿਸ਼ੇ 'ਤੇ ਹੋਏ ਸੈਸ਼ਨ ਦੌਰਾਨ ਦੇਸ਼ ਵਿੱਚ ਪਰਾਲੀ ਦੀ ਸਾਂਭ-ਸੰਭਾਲ ਦੀ ਗੰਭੀਰ ਸਮੱਸਿਆ ਸਮੇਤ ਪੰਜਾਬ ਤੇ ਯੂਰਪੀਨ ਦੇਸ਼ਾਂ ਦਰਮਿਆਨ ਸਹਿਯੋਗ ਦੇ ਵੱਖ-ਵੱਖ ਖੇਤਰਾਂ 'ਤੇ ਚਰਚਾ ਕੀਤੀ ਗਈ।ਵਧੀਕ ਮੁੱਖ ਸਕੱਤਰ ਰਵਨੀਤ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਨਿਵੇਸ਼ ਲਈ ਪੰਜਾਬ ਨੂੰ ਸਭ ਤੋਂ ਉਤਮ ਕਰਾਰ ਦਿੰਦਿਆਂ ਕਿਹਾ ਕਿ ਇਹ ਰਾਜ ਵਿਸ਼ਵ ਦਾ ਸਭ ਤੋਂ ਵੱਡਾ ਟਰੈਕਟਰ ਨਿਰਮਾਣ ਕੇਂਦਰ ਹੋਣ ਦੇ ਨਾਲ-ਨਾਲ ਮੱਧ ਏਸ਼ੀਆਈ ਬਾਜ਼ਾਰ ਦੇ ਬਹੁਤ ਨੇੜੇ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਥੇ ਪੰਜਾਬ ਵਿੱਚ ਬਿਜਲੀ ਦਰਾਂ ਸਭ ਤੋਂ ਘੱਟ ਮਹਿਜ਼ 5 ਰੁਪਏ ਹਨ ਤੇ ਕਿਰਤ ਦੀ ਕੋਈ ਸਮੱਸਿਆ ਵੀ ਨਹੀਂ ਹੈ। ਉਥੇ ਸੂਬੇ ਵਿੱਚ ਸ਼ਾਨਦਾਰ ਸੜਕ, ਰੇਲ ਅਤੇ ਹਵਾਈ ਸੰਪਰਕ, ਮਜ਼ਬੂਤ ਬੁਨਿਆਦੀ ਢਾਂਚਾ, ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਸਬੰਧੀ ਸਿੰਗਲ ਵਿੰਡੋ ਸਿਸਟਮ ਸਮੇਤ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਬਠਿੰਡਾ ਵਰਗੇ ਉਦਯੋਗਿਕ ਕਲੱਸਟਰ ਵੀ ਮੌਜੂਦ ਹਨ।ਰਵਨੀਤ ਕੌਰ ਨੇ ਪੰਜਾਬ ਅਤੇ ਜਰਮਨੀ ਦਰਮਿਆਨ ਵਪਾਰਕ ਸਬੰਧਾਂ ਦੀ ਗੱਲ ਕਰਦਿਆਂ ਕਿਹਾ ਕਿ ਸਾਲ 2018-19 ਵਿੱਚ ਪੰਜਾਬ ਲੋਹੇ ਅਤੇ ਸਟੀਲ ਦੇ ਨਿਰਯਾਤ ਵਿੱਚ ਚੌਥਾ ਸਭ ਤੋਂ ਵੱਡਾ ਅਤੇ ਜਰਮਨੀ ਨੂੰ ਆਟੋ ਪਾਰਟਸ ਨਿਰਯਾਤ ਕਰਨ ਵਾਲਾ 5ਵਾਂ ਵੱਡਾ ਸੂਬਾ ਸੀ। ਸੈਸ਼ਨ ਦਾ ਸੰਚਾਲਨ ਯੂਰਪ ਦੀਆਂ ਵੱਡੀਆਂ ਉਦਯੋਗਿਕ ਸੰਸਥਾਵਾਂ ਵਿੱਚੋਂ ਇਕ ਵੀ. ਡੀ. ਐਮ. ਏ. ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਨਾਥ ਨੇ ਕੀਤਾ।ਪੰਜਾਬ ਅਤੇ ਜਰਮਨੀ ਦਰਮਿਆਨ ਸਹਿਯੋਗ ਸਬੰਧੀ ਹੋਏ ਸੈਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਵਰਬੀਓ ਗਲੋਬਲ ਦੇ ਸੀ. ਓ. ਓ. ਡਾ. ਓਲੀਵਰ ਲੁਡਕੇ, ਗਰੋਜ ਬੈਕਕਰਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐਂਟਨ ਰੀਨਫੈਲਡਰ, ਕਲਾਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਰਾਮ ਕਾਨਨ, ਹੇਲਾ ਇੰਡੀਆ ਲਾਈਟਨਿੰਗ ਦੇ ਮੈਨੇਜਿੰਗ ਡਾਇਰੈਕਟਰ ਰਾਮਾਸ਼ੰਕਰ ਪਾਂਡੇ, ਬਿਮਰ ਇੰਡੀਆ ਪ੍ਰਾਈਵੇਟ ਲਿਮੀਟਿਡ ਦੇ ਮੈਨੇਜਿੰਗ ਡਾਇਰੈਕਟਰ ਨਿਤਿਨ ਵਿਆਸ, ਥਾਈਸਨਕਰਪ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ ਵਿਵੇਕ ਭਾਟੀਆ, ਵਿੱਬਰਕੌਸਟਿਕ ਦੇ ਪ੍ਰਧਾਨ ਜਗਮਿੰਦਰ ਬਾਵਾ ਤੋਂ ਇਲਾਵਾ ਕਾਰਲੋ ਗ੍ਰੇਪਲ, ਸਟੈਫਨ ਕ੍ਰਾਹਲ ਅਤੇ ਗ੍ਰੇਪਲ ਪਰਫੋਰੇਸ਼ਨ ਤੋਂ ਪੰਕਜ ਗੌਤਮ ਨੇ ਪੰਜਾਬ ਅਤੇ ਜਰਮਨੀ ਦਰਮਿਆਨ ਸਹਿਯੋਗ ਦੇ ਵੱਖ-ਵੱਖ ਖੇਤਰਾਂ ਦੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਬੋਲਦਿਆਂ ਵਿਵੇਕ ਭਾਟੀਆ ਨੇ ਕਿਹਾ ਕਿ ਤਕਨੀਕੀ ਖੇਤਰ ਵਿੱਚ ਸਹਿਯੋਗ ਪਰਾਲੀ ਦੀ ਸੁਚੱਜੀ ਵਰਤੋਂ ਵਿੱਚ ਸਹਾਇਤਾ ਕਰ ਸਕਦਾ ਹੈ, ਜਿਸ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ।  ਸ੍ਰੀਰਾਮ ਕਾਨਨ ਨੇ ਚੰਗੀ ਬਿਜਲੀ ਸਪਲਾਈ ਤੋਂ ਇਲਾਵਾ ਰਾਜ ਵਿਚ ਮਜ਼ਦੂਰ ਸਮੱਸਿਆਵਾਂ ਦੀ ਅਣਹੋਂਦ ਦੀ ਪ੍ਰਸ਼ੰਸਾ ਕੀਤੀ, ਜੋ ਕਿ ਉਦਯੋਗਿਕ ਖੇਤਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਖੇਤੀ ਮਸ਼ੀਨੀਕਰਨ ਨੂੰ ਵਿਕਾਸ ਲਈ ਬੇਹੱਦ ਮਹੱਤਵਪੂਰਨ ਦੱਸਿਆ। ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਗਮਿੰਦਰ ਬਾਵਾ ਨੇ ਸੂਬੇ ਵਿੱਚ ਮਨੁੱਖੀ ਸ਼ਕਤੀ ਦੀ ਉਪਲਬਧਤਾ ਅਤੇ ਪੰਜਾਬ ਸਰਕਾਰ ਵੱਲੋਂ ਉਦਯੋਗ ਪੱਖੀ ਉਠਾਏ ਗਏ ਕਦਮਾਂ ਦੀ ਸ਼ਲਾਘਾ ਕੀਤੀ। ਡਾ. ਐਂਟਨ ਰੀਨਫੈਲਡਰ ਨੇ ਹੁਨਰ ਵਿਕਾਸ ਵਿਸ਼ੇਸ਼ ਕਰ ਕੇ ਕਿੱਤਾਮੁਖੀ ਹੁਨਰ ਦਾ ਭਵਿੱਖ ਦੇ ਖੇਤਰ ਵਜੋਂ ਜ਼ਿਕਰ ਕੀਤਾ ਅਤੇ ਪੰਜਾਬ ਤੋਂ ਆਏ ਤਕਨੀਕੀ ਹੁਨਰਮੰਦ ਕਾਮਿਆਂ ਦੀ ਸ਼ਲਾਘਾ ਕੀਤੀ।ਰਾਮਾਸ਼ੰਕਰ ਪਾਂਡੇ ਨੇ ਆਟੋਮੋਟਿਵ ਟੈਕਨਾਲੋਜੀ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਖੇਤਰ ਵਿਚ ਪੰਜਾਬ-ਜਰਮਨ ਸਹਿਯੋਗ ਨਾਲ ਸ਼ਾਨਦਾਰ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਰਾਜ ਦੇ ਕੋਲ ਮੌਜੂਦ ਨਵੀਆਂ ਖੋਜਾਂ ਵਾਲੀ ਪ੍ਰਤਿਭਾ ਦੀ ਪ੍ਰਸ਼ੰਸਾ ਵੀ ਕੀਤੀ।ਡਾ. ਓਲੀਵਰ ਲੁਡਕੇ ਨੇ ਇਕ ਹੋਰ ਸੈਕਟਰ ਬਾਇਓ ਟੈਕਨੋਲੋਜੀ ਖੇਤਰ 'ਤੇ ਧਿਆਨ ਕੇਂਦਰਿਤ ਕਰਾਉਂਦਿਆਂ ਕਿਹਾ ਕਿ ਬਾਇਓ ਮਿਥੇਨ ਵਰਗੇ ਕੱਚੇ ਮਾਲ ਦੇ ਉਤਪਾਦਨ ਨਾਲ ਪਰਾਲੀ ਪ੍ਰਬੰਧਨ ਵਿੱਚ ਮਦਦ ਮਿਲ ਸਕਦੀ ਹੈ।ਇਸ ਮੌਕੇ ਸਹਿਯੋਗ ਲਈ ਹੋਰ ਮਹੱਤਵਪੂਰਨ ਖੇਤਰਾਂ ਟੈਕਸਟਾਈਲ, ਫੂਡ ਪ੍ਰੋਸੈਸਿੰਗ ਅਤੇ ਮਸ਼ੀਨਰੀ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।