5 Dariya News

ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2019 : ਮੁੱਖ ਮੰਤਰੀ ਵੱਲੋਂ ਉੱਦਮ ਤੇ ਨਵੀਨਤਾ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਗਰਾਮ ਦੀ ਸ਼ੁਰੂਆਤ

5 Dariya News

ਐਸ.ਏ.ਐਸ. ਨਗਰ (ਮੋਹਾਲੀ) 06-Dec-2019

'ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ-2019' ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰੋਬਾਰੀ ਮਨਜ਼ੂਰੀਆਂ ਦੀ ਸਥਿਤੀ ਜਾਣਨ ਲਈ (ਇਨੇਬਲ ਸਟਾਰਟਅੱਪ ਟਰੈਕ ਏਸੀਲੀਰੇਸ਼ਨ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਖੇਤਰ ਵਿੱਚ ਕਾਰੋਬਾਰ ਤੇ ਨਵੀਨਤਾ ਨੂੰ ਉਤਸ਼ਾਹਤ ਕਰਨਾ ਹੈ।ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਈ.ਐਸ.ਟੀ.ਏ.ਸੀ. ਪ੍ਰੋਗਰਾਮ ਪੰਜਾਬ ਸਰਕਾਰ ਦੇ ਸਟਾਰਟਅੱਪ ਸੈੱਲ ਅਤੇ ਇੰਡੀਆ ਸਕੂਲ ਆਫ਼ ਬਿਜ਼ਨਸ ਦੇ ਏ.ਆਈ.ਸੀ. ਦਰਮਿਆਨ ਰਣਨੀਤਿਕ ਭਾਈਵਾਲੀ ਰਾਹੀਂ ਸਿਰਜੇ ਗਏ ਸਟਾਰਟਅੱਪ ਪ੍ਰੋਗਰਾਮਾਂ ਦੀ ਲੜੀ ਦਾ ਹਿੱਸਾ ਹੈ।ਇਹ ਪ੍ਰੋਗਰਾਮ ਤਕਨਾਲੋਜੀ, ਸਰਕਾਰ ਦੇ ਸਬੰਧਤ ਖੇਤਰਾਂ ਅਤੇ ਕਾਰੋਬਾਰ ਅਧਾਰਤ ਪ੍ਰਾਈਵੇਟ ਸੈਕਟਰਾਂ ਵਿੱਚ ਸਟਾਰਟਅੱਪ ਦੀ ਤਰੱਕੀ ਦਾ ਸਮਰਥਨ ਕਰਨ 'ਤੇ ਕੇਂਦਰਿਤ ਹੈ।ਇਸ ਪ੍ਰੋਗਰਾਮ ਦੀ ਲੜੀ ਦਾ ਪਹਿਲਾ ਪੱਖ ਖੇਤੀ-ਤਕਨਾਲੋਜੀ ਸਟਾਰਟਅੱਪ 'ਤੇ ਧਿਆਨ ਇਕਾਗਰ ਕਰਨਾ ਹੈ ਜੋ ਈ-ਮੋਬਾਈਲਟੀ, ਅਨਾਜ ਦੀ ਖਰੀਦ, ਇਲੈਕਟ੍ਰਿਕ ਮੀਟਰਿੰਗ ਅਤੇ ਹੋਰ ਖੇਤੀਬਾੜੀ ਨਵੀਨਤਮ ਨਾਲ ਸਬੰਧਤ ਹੈ।ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਛੇ ਮਹੀਨਿਆਂ ਦਾ ਪ੍ਰੋਗਰਾਮ ਹੋਵੇਗਾ ਜੋ ਇਕ ਮਾਰਚ, 2020 ਤੋਂ ਚੱਲੇਗਾ। ਚੁਣੇ ਜਾਣ ਵਾਲੇ 10 ਸਟਾਰਟਅੱਪਜ਼ ਨੂੰ ਈ.ਐਸ.ਟੀ.ਏ.ਸੀ. ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਪੰਜਾਬ ਸਰਕਾਰ ਨਾਲ ਪਾਇਲਟ ਪ੍ਰਾਜੈਕਟ ਸੁਰੱਖਿਅਤ ਬਣਾਉਣ ਦਾ ਮੌਕਾ ਹਾਸਲ ਹੋਵੇਗਾ।ਬੁਲਾਰੇ ਨੇ ਦੱਸਿਆ ਕਿ ਇਸ ਸਟਾਰਟਅੱਪ ਲਈ ਅਰਜ਼ੀਆਂ ਅੱਜ ਖੁੱਲ੍ਹ ਗਈਆਂ ਹਨ ਜੋ 15 ਜਨਵਰੀ, 2020 ਨੂੰ ਬੰਦ ਹੋਣਗੀਆਂ।ਮੁੱਖ ਮੰਤਰੀ ਨੇ ਮੁਲਕ ਦੇ ਸਮੁੱਚੇ ਖੇਤੀ-ਤਕਨਾਲੋਜੀ ਅਧਾਰਿਤ ਸਟਾਰਟਅੱਪ ਨੂੰ ਇਸ ਪ੍ਰੋਗਰਾਮ ਲਈ http://aicisb.org/acceleration-estac/ 'ਤੇ ਅਪਲਾਈ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਨੂੰ ਨਵੇਂ ਪੰਜਾਬ ਦਾ ਗਵਾਹ ਬਣਨ ਲਈ ਆਖਿਆ ਕਿਉਂ ਜੋ ਪੰਜਾਬ ਛੇਤੀ ਹੀ ਮੁਲਕ ਦੇ ਮੋਹਰੀ ਸਟਾਰਟਅੱਪ ਟਿਕਾਣੇ ਵਜੋਂ ਉਭਰੇਗਾ। ਉਨ੍ਹਾਂ ਨੇ ਈ.ਐਸ.ਟੀ.ਏ.ਸੀ. ਪ੍ਰੋਗਰਾਮ ਲਈ ਗਿਆਨ ਭਾਈਵਾਲੀ, ਪਾਇਲਟ ਅਧਾਰਿਤ ਭਾਈਵਾਲੀ ਅਤੇ ਫੰਡਿੰਗ ਅਧਾਰਿਤ ਭਾਈਵਾਲੀ ਦੇ ਖੇਤਰਾਂ ਵਿੱਚ ਉਦਯੋਗ, ਵਿਦਿਆ ਅਤੇ ਸਿਵਲ ਸੁਸਾਇਟੀ ਵਾਸਤੇ ਭਾਈਵਾਲ ਬਣਨ ਦਾ ਸੱਦਾ ਦਿੱਤਾ।