5 Dariya News

ਪੀ.ਪੀ.ਆਈ.ਐਸ. 2019 : ਖੇਤੀ ਆਧਾਰਿਤ ਸਨਅਤਕਾਰਾਂ ਨੇ ਵੱਧ ਕੀਮਤ 'ਤੇ ਵਿਕਣ ਵਾਲੀਆਂ ਖੇਤੀ ਵਸਤਾਂ ਤਿਆਰ ਕਰਨ 'ਤੇ ਦਿੱਤਾ ਜ਼ੋਰ

ਖੇਤੀਬਾੜੀ ਖੇਤਰ ਵਿੱਚ ਖੋਜ ਅਤੇ ਵਿਦਿਆਰਥੀਆਂ ਦੇ ਵਟਾਂਦਰੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕੈਲੇਫੋਰਨੀਆ ਯੂਨੀਵਰਸਿਟੀ ਵਿਚਾਲੇ ਐਮ.ਓ.ਯੂ. ਸਹੀਬੱਧ

5 Dariya News

ਐਸ.ਏ.ਐਸ. ਨਗਰ (ਮੁਹਾਲੀ) 06-Dec-2019

ਕਿਸਾਨਾਂ ਨੂੰ ਫਸਲਾਂ ਦਾ ਲਾਹੇਵੰਦ ਭਾਅ ਮੁਹੱਈਆ ਕਰਵਾਉਣ ਲਈ ਯਕੀਨੀ ਬਣਾਉਣ ਲਈ ਖੇਤੀ ਉਦਯੋਗ ਦੇ ਦਿੱਗਜ਼ਾਂ ਨੇ ਖੇਤੀ ਜਿਣਸਾਂ ਤੋਂ ਵੱਧ ਕੀਮਤ 'ਤੇ ਵਿਕ ਸਕਣ ਵਾਲੀਆਂ ਹੋਰ ਵਸਤਾਂ ਤਿਆਰ ਕਰਨ 'ਤੇ ਜ਼ੋਰ ਦਿੱਤਾ।ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2019 ਦੇ ਦੂਜੇ ਦਿਨ ਖੇਤੀ ਤੇ ਫੂਡ ਪ੍ਰੋਸੈਸਿੰਗ ਸੈਸ਼ਨ 'ਪੰਜਾਬ: ਖੇਤੀ ਆਰਥਿਕਤਾ ਵਿੱਚ ਵਾਧਾ ਕਰਨ' ਦੌਰਾਨ ਇਸ ਮੁੱਦੇ 'ਤੇ ਇਕਸੁਰਤਾ ਸਾਹਮਣੇ ਆਈ।ਸੈਸ਼ਨ ਵਿੱਚ ਸ਼ਾਮਲ ਡੈਲੀਗੇਟਾਂ ਨੇ ਫਲਾਂ, ਸਬਜ਼ੀਆਂ, ਪਸ਼ੂਆਂ ਅਤੇ ਮੀਟ ਦੀ ਪ੍ਰੋਸੈਸਿੰਗ ਤੋਂ ਇਲਾਵਾ ਸਾਜ਼ੋ-ਸਾਮਾਨ ਤੇ ਕੋਲ ਚੇਨ 'ਤੇ ਵਿਸ਼ੇਸ਼ ਤੌਰ 'ਤੇ ਕੇਂਦਰਿਤ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਤੀ ਦੀ ਰਹਿੰਦ-ਖੂੰਹਦ ਨੂੰ ਪ੍ਰੋਸੈਸ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਤਾਂ ਕਿ ਵਾਤਾਵਰਣ ਦਾ ਬਚਾਅ ਕੀਤਾ ਜਾ ਸਕੇ ਜਿਸ ਨਾਲ ਸਥਿਰ ਖੇਤੀ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਫਰਿਜ਼ਨੋ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ ਸਹੀਬੱਧ (ਐਮ.ਓ.ਯੂ) ਕੀਤਾ ਗਿਆ ਜਿਸ ਤਹਿਤ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵਿਦਿਆਰਥੀਆਂ ਦੇ ਵਟਾਂਦਰੇ ਅਤੇ ਖੋਜ ਕਾਰਜਾਂ ਦੀ ਸਾਂਝ ਪਾਈ ਜਾਵੇਗੀ।

ਇਸ ਤੋਂ ਪਹਿਲਾਂ ਖੇਤੀਬਾੜੀ ਦੇ ਅਕਾਦਮਿਕ ਖੇਤਰਾਂ ਦੇ ਮਾਹਿਰਾਂ, ਖੋਜਾਰਥੀਆਂ, ਐਗਰੋ ਸਨਅਤਕਾਰਾਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਕਿਸਾਨਾਂ ਨੂੰ ਸਮਾਰਟ ਫਾਰਮਿੰਗ ਤਕਨਾਲੋਜੀ, ਲਘੂ ਸਿੰਜਾਈ ਅਤੇ ਸਿੰਜਾਈ ਦੇ ਮੰਤਵਾਂ ਲਈ ਮੁੜ ਵਰਤੋਂ ਲਈ ਸੋਧਿਆ ਤੇ ਪ੍ਰੋਸੈਸ ਪਾਣੀ ਦੀ ਵਰਤੋਂ ਲਈ ਉਤਸ਼ਾਹਤ ਕਰਨ ਦਾ ਸੱਦਾ ਦਿੱਤਾ।ਖੇਤੀਬਾੜੀ ਖੇਤਰ ਵਿੱਚ ਪੰਜਾਬ ਦੇ ਮਜ਼ਬੂਤੀ ਦੇ ਪੱਖ ਗਿਣਾਉਂਦਿਆਂ ਸ੍ਰੀ ਖੰਨਾ ਨੇ ਦੱਸਿਆ ਕਿ ਪੰਜਾਬ ਰੋਜ਼ਾਨਾ 32.5 ਮਿਲੀਅਨ ਲਿਟਰ ਦੁੱਧ ਦੇ ਉਤਪਾਦਨ ਨਾਲ ਦੇਸ਼ ਦੇ ਦੁੱਧ ਨਿਰਮਾਣ ਵਿੱਚ ਛੇਵਾਂ ਸਥਾਨ ਰੱਖਦਾ ਹੈ। ਕਿੰਨੂੰ ਉਤਪਾਦਨ ਵਿੱਚ ਦੇਸ਼ ਦੀ ਕੁੱਲ ਪੈਦਾਵਾਰ ਦਾ 24 ਫੀਸਦੀ ਉਤਪਾਦਨ ਨਾਲ ਪੰਜਾਬ ਦੂਜੇ ਸਥਾਨ 'ਤੇ ਹੈ। ਇਸੇ ਤਰ੍ਹਾਂ ਸ਼ਹਿਦ ਦੀ ਭਾਰਤ ਵਿੱਚ ਕੁੱਲ ਪੈਦਾਵਾਰ ਦਾ 15 ਫੀਸਦੀ ਉਤਪਾਦਨ ਪੰਜਾਬ ਤੀਜੇ ਨੰਬਰ 'ਤੇ ਹੈ ਅਤੇ ਭਾਰਤ ਵਿੱਚੋਂ ਕੁੱਲ ਬਰਾਮਦ ਹੁੰਦੇ ਸ਼ਹਿਦ ਵਿੱਚੋਂ ਪੰਜਾਬ ਦਾ 21 ਫੀਸਦੀ ਹਿੱਸਾ ਹੈ।ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਬੁਨਿਆਦੀ ਢਾਂਚੇ, ਉਤਪਾਦਨ, ਭੰਡਾਰਨ ਅਤੇ ਮਾਰਕਟਿੰਗ ਦੇ ਵਿਆਪਕ ਨੈਟਵਰਕ ਦੇ ਨਾਲ-ਨਾਲ ਖੇਤੀ ਖੇਤਰ ਅਤੇ ਖੋਜ ਨੂੰ ਸਮਰਪਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਫਲ ਖੋਜ ਕੇਂਦਰ ਬਹਾਦਰਗੜ੍ਹ (ਪਟਿਆਲਾ) ਤੇ ਜਲੋਵਾਲ (ਹੁਸ਼ਿਆਰਪੁਰ) ਜਿਹੀਆਂ ਅਹਿਮ ਸੰਸਥਾਵਾਂ ਹਨ। ਉਨ੍ਹਾਂ ਨਿੱਜੀ ਖੇਤਰ ਨੂੰ ਖੋਜ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਮਿਲ ਕੇ ਸੂਬੇ ਵਿੱਚ ਐਗਰੋ ਸਨਅਤ ਵਿੱਚ ਮੌਜੂਦ ਅਥਾਹ ਸੰਭਾਵਨਾਵਾਂ ਦੀ ਤਲਾਸ਼ ਕਰਨ ਦਾ ਸੱਦਾ ਦਿੱਤਾ।

ਤਕਨੀਕੀ ਸੈਸ਼ਨ ਦਾ ਸੰਚਾਲਨ ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਨੇ ਕੀਤਾ ਜਿਸ ਵਿੱਚ ਪੈਨਲ ਉਤੇ ਗੋਦਰੇਜ ਟਾਈਸਨ ਦੇ ਸੀ.ਈ.ਓ. ਪ੍ਰਸ਼ਾਂਤ ਵਤਕਾਰ, ਸੀ.ਐਨ. ਇਫਕੋ ਦੇ ਐਮ.ਡੀ. ਇੰਗੀਓ ਐਂਟਨ, ਆਈ.ਟੀ.ਸੀ. ਦੇ ਫੂਡ ਡਿਵੀਜ਼ਨ ਦੇ ਵਿੱਤੀ ਮਾਮਲਿਆਂ ਦੇ ਮੁਖੀ ਨੀਲ ਕਿੰਗਸਟਨ ਅਤੇ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਪ੍ਰਭਾਕਰ ਰਾਓ ਸ਼ਾਮਲ ਸਨ।ਸ੍ਰੀ ਜਾਖੜ ਨੇ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿੱਚ ਸੁਧਾਰ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ ਕਿਉਂਕਿ ਪੰਜਾਬ ਵਿੱਚੋਂ ਖੇਤੀਬਾੜੀ ਉਤਪਾਦਨ ਨਾਲ ਜੁੜੀਆਂ ਵਸਤਾਂ ਜਿਵੇਂ ਫਲ, ਸਬਜ਼ੀਆਂ ਤੇ ਡੇਅਰੀ ਉਤਪਾਦ ਸਿੱਧੇ ਪਾਕਿਸਤਾਨ, ਅਫਗਾਨਸਿਤਾਨ, ਕਜ਼ਾਕਸਿਤਾਨ ਆਦਿ ਨਿਰਯਾਤ ਆਉਣਗੀਆਂ। ਦੋਵੇਂ ਦੇਸ਼ਾਂ ਦੇ ਆਪਸੀ ਸੁਖਾਵੇਂ ਸਬੰਧਾਂ ਨਾਲ ਪੰਜਾਬ ਵਿੱਚੋਂ ਮੱਧ ਏਸ਼ੀਆ ਤੱਕ ਐਗਰੋ ਉਤਪਾਦਾਂ ਦਾ ਵਪਾਰ ਹੋਵੇਗਾ ਜਿਸ ਨਾਲ ਸੂਬੇ ਦੇ ਕਿਸਾਨਾਂ ਦੀ ਆਰਥਿਕ ਦਸ਼ਾ ਸੁਧਰੇਗੀ।ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਨੀਲ ਕਿੰਗਸਟਨ ਨੇ ਕਿਹਾ ਕਿ ਪੰਜਾਬ ਦੇਸ਼ ਦੇ ਕੁੱਲ ਦੁੱਧ ਉਤਪਾਦਨ ਵਿੱਚ 7 ਫੀਸਦੀ ਅਤੇ ਅੰਡਾ ਉਤਪਾਦਨ ਵਿੱਚ 6 ਫੀਸਦੀ ਯੋਗਦਾਨ ਪਾਉਂਦਾ ਹੈ ਜਿਸ ਕਰਕੇ ਪੰਜਾਬ 'ਦੇਸ਼ ਦੇ ਪ੍ਰੋਟੀਨ ਸ੍ਰੋਤ' ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਆਈ.ਟੀ.ਸੀ. ਗਰੁੱਪ ਨੂੰ ਕਪੂਰਥਲਾ ਵਿੱਚ ਉਚ ਦਰਜੇ ਦਾ ਐਗਰੋ ਫੂਡ ਯੂਨਿਟ ਸਥਾਪਤ ਵਿੱਚ ਸਹਿਯੋਗ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਵਾਇਤੀ ਖੇਤੀਬਾੜੀ ਵਿੱਚ ਬਦਲਾਅ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਇਸੇ ਦਿਸ਼ਾ ਵਿੱਚ ਆਈ.ਟੀ.ਸੀ. ਬੀਜਾਂ, ਸਬਜ਼ੀਆਂ ਦੇ ਮਿਆਰ ਸੁਧਾਰ ਲਈ ਕੰਮ ਕਰ ਰਿਹਾ ਹੈ ਤਾਂ ਜੋ ਕਿਸਾਨ ਵੱਧ ਤੋਂ ਵੱਧ ਮੁਨਾਫਾ ਕਮਾ ਸਕਣ।ਸੀ.ਐਨ. ਇਫਕੋ ਦੇ ਐਮ.ਡੀ. ਇੰਗੀਓ ਐਂਟਨ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਲੁਧਿਆਣਾ ਵਿੱਚ ਆਪਣਾ ਕੰਮ ਸਥਾਪਤ ਕਰਨ ਲਈ ਦਿੱਤੇ ਸਹਿਯੋਗ ਅਤੇ ਸਮਰਥਨ ਦੀ ਸ਼ਲਾਘਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਐਗਰੋ ਸਨਅਤਾਂ ਦੋਵਾਂ ਧਿਰਾਂ ਦੇ ਆਪਸੀ ਫਾਇਦੇ ਲਈ ਲੰਬੇ ਸਮੇਂ ਦੀ ਸਾਂਝੇਦਾਰੀ ਦਾ ਮਜ਼ਬੂਤ ਰਿਸ਼ਤਾ ਕਾਇਮ ਕਰਨਾ ਬਹੁਤ ਜ਼ਰੂਰੀ ਹੈ।

ਗੋਦਰੇਜ਼ ਟਾਈਸਨ ਫੂਡਜ਼ ਦੇ ਸੀ.ਈ.ਓ. ਪ੍ਰਸ਼ਾਂਤ ਵਤਕਾਰ ਨੇ ਆਪਣੇ ਪੈਸੇ ਦੀ ਕੀਮਤ ਦਾ ਅਹਿਸਾਸ ਕਰਵਾਉਣ ਲਈ ਉਨ੍ਹਾਂ ਨੂੰ ਮਾਰਕੀਟ ਤੋਂ ਖਰੀਦਣ ਵਾਲੇ ਉਤਪਾਦਾਂ ਬਾਰੇ ਖਪਤਕਾਰਾਂ ਵਿੱਚ ਜਾਗਰੂਕਤਾ ਦੀ ਲੋੜ 'ਤੇ ਜ਼ੋਰ ਦਿੱਤਾ। ਖੇਤੀਬਾੜੀ ਸੈਕਟਰ ਵਿੱਚ ਖੇਤੀ ਉਤਪਾਦਾਂ ਤੋਂ ਹੋਰ ਉਤਪਾਦ ਬਣਾਉਣ ਦੀ ਕਮੀ ਉਤੇ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਵਤਕਾਰ ਨੇ ਕਿਹਾ ਕਿ ਨਿੱਜੀ ਖੇਤਰ ਦੇ ਲੋਕ ਐਗਰੋ ਸਨਅਤ ਵਿੱਚ ਆਉਣ ਅਤੇ ਰਵਾਇਤੀ ਖੇਤੀਬਾੜੀ ਉਤਪਾਦਾਂ ਤੋਂ ਹੋਰ ਉਤਪਾਦ ਤਿਆਰ ਕਰਨ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਹੋਵੇ।ਪ੍ਰਸਿੱਧ ਖੇਤੀਬਾੜੀ ਵਿਗਿਆਨੀ ਪ੍ਰਭਾਕਰ ਰਾਓ ਨੇ ਵਾਤਾਵਰਣ ਤਬਦੀਲੀ ਦੇ ਮਾਮਲੇ ਉਤੇ ਧਿਆਨ ਕੇਂਦਰਿਤ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਵਿੱਚ ਮੁੱਲ ਵਧਾਉਣ ਅਤੇ ਇਸ ਨੂੰ ਹੋਰ ਪਾਏਦਾਰ ਬਣਾਉਣ ਦੀ ਗਤੀ ਨੂੰ ਤੇਜ਼ ਕਰਨ ਲਈ ਰਸਾਇਣ ਮੁਕਤ ਖੇਤੀ ਵੱਲ ਵਧਣ ਦੀ ਲੋੜ 'ਤੇ ਜ਼ੋਰ ਦਿੱਤਾ।

ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਟਿਡ ਦੇ ਸੀ.ਈ.ਓ. ਭਵਦੀਪ ਸਰਦਾਣਾ ਨੇ ਨਿਵੇਸ਼ ਪੰਜਾਬ ਵੱਲੋਂ ਇਹ ਸੰਮੇਲਨ ਕਰਵਾਉਣ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਇਹ ਸੂਬੇ ਵਿੱਚ ਸਕਰਾਤਮਕ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਅੱਗੇ ਲੈ ਕੇ ਚੱਲੇਗਾ। ਉਨ੍ਹਾਂ ਕਿਹਾ ਕਿ ਬਿਹਤਰੀਨ ਖੇਤੀਬਾੜੀ ਪ੍ਰੈਕਟਿਸ ਅਤੇ ਨਵੀਨਤਕਾਰੀ ਕਿਸਾਨ ਹੀ ਪੰਜਾਬ ਨੂੰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਬਹੁਤ ਅੱਗੇ ਲੈ ਕੇ ਗਏ ਹਨ।