5 Dariya News

ਪ੍ਰਦਰਸ਼ਨੀ ਰਾਹੀਂ ਦੁਰਲੱਭ ਸਿੱਕਿਆਂ ਅਤੇ ਸਿੱਖ ਇਤਿਹਾਸ ਦੀਆਂ ਹੋਰ ਨਿਸ਼ਾਨੀਆਂ ਤੋਂ ਕਰਾਇਆ ਜਾਣੂ

ਹਰਵਿੰਦਰ ਸਿੰਘ ਖਾਲਸਾ ਵੱਲੋਂ ਲਾਈ ਨੁਮਾਇਸ਼ ਦੌਰਾਨ ਵਿਦਿਆਰਥੀਆਂ ਨੇ ਜਾਣੀ ਸਿੱਖ ਅਤੇ ਗੁਰ ਇਤਿਹਾਸ ਦੀ ਦਾਸਤਾਨ

5 Dariya News

ਮਲੋਟ, ਸ੍ਰੀ ਮੁਕਤਸਰ ਸਾਹਿਬ 27-Nov-2019

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਮਲੋਟ ਵਿਖੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਅਜਾਇਬ ਸਿੰਘ ਭੱਟੀ ਵੱਲੋਂ ਕਰਵਾਏ ‘ਗੁਰੂ ਨਾਨਕ ਉਤਸਵ’ ਦੌਰਾਨ ਮੁੱਖ ਪੰਡਾਲ ਨੇੜੇ ਲੱਗੀ ਸਿੱਕਿਆਂ, ਸਿੱਖ ਰਾਜ ਕਾਲ ਦੀਆਂ ਹੋਰ ਦੁਰਲਭ ਨਿਸ਼ਾਨੀਆਂ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਰੂਪਮਾਨ ਕਰਦੀਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ਰਾਹੀਂ ਵੱਡੀ ਗਿਣਤੀ ਸੰਗਤ ਨੇ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਬਾਰੇ ਅਮੁੱਲ ਜਾਣਕਾਰੀ ਹਾਸਲ ਕੀਤੀ, ਖਾਸ ਕਰ ਕੇ ਵੱਡੀ ਗਿਣਤੀ ਸਕੂਲੀ ਵਿਦਿਆਰਥੀਅਂ ਨੇ ਇਸ ਪ੍ਰਦਰਸ਼ਨੀ ਦਾ ਲਾਹਾ ਲਿਆ।ਇਹ ਪ੍ਰਦਰਸ਼ਨੀ ਲਾਉਣ ਵਾਲੇ ਗੁਰੂ ਕਾਂਸ਼ੀ ਸੱਭਆਚਾਰਕ ਇਤਿਹਾਸਕ ਵਿਚਾਰ ਕੇਂਦਰ ਦੇ ਪ੍ਰਧਾਨ ਬਠਿੰਡਾ ਵਾਸੀ ਸ. ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨਾਂ ਨੇ ਸਿੱਖ ਰਾਜ ਕਾਲ ਦੀਆਂ ਅਨੇਕ ਦੁਰਲੱਭ ਨਿਸ਼ਾਨੀਆਂ ਇਕੱਠੀਆਂ ਕੀਤੀਆਂ ਹੋਈਆਂ ਹਨ।  ਪਿਛਲੇ ਦਿਨੀਂ ਉਹ ਸੁਲਤਾਨਪੁਰ ਲੋਧੀ ਵਿਖੇ ਹੋਏ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਵੀ ਪ੍ਰਦਰਸ਼ਨੀ ਲਾ ਚੁੱਕੇ ਹਨ ਤੇ ਹੋਰ ਅਹਿਮ ਮੌਕਿਆਂ ’ਤੇ ਵੀ ਇਹ ਦੁਰਲੱਭ ਵਸਤਾਂ ਪ੍ਰਦਰਸ਼ਿਤ ਕਰਦੇ ਹਨ।  ਉਨਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਦੁਰਲਭ ਸਿੱਕੇ ਰੱਖੇ ਗਏ ਹਨ, ਜਿਨਾਂ ਵਿਚ ਪਟਿਆਲਾ ਰਿਆਸਤ ਦੇ ਸਿੱਕੇ, ਪੁਰਾਤਨ ਸੋਨੇ, ਚਾਂਦੀ ਦੇ ਸਿੱਕੇ, ਨਾਨਕਸ਼ਾਹੀ ਸਿੱਕੇ, ਬਾਬਾ ਰਾਮ ਸਿੰਘ ਨਾਮਧਾਰੀ (1811 ਤੋਂ 1885 ਈਂ) ਯਾਦਗਾਰੀ ਸਿੱਕੇ, ਦਮਦਮੀ ਟਕਸਾਲ ਯਾਦਗਾਰੀ ਸਿੱਕੇ, ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਿੱਕੇ, ਸ. ਹਰੀ ਸਿੰਘ ਨਲਵਾ ਯਾਦਗਾਰੀ ਸਿੱਕੇ,  ਗੁਰੂ ਨਾਨਕ  ਦੇਵ ਜੀ ਨਾਲ ਸਬੰਧਤ ਵੱਖ ਵੱਖ ਕਲਾਕਾਰਾਂ ਵੱਲੋਂ ਬਣਾਏ ਸਕੈੱਚ ਤੋਂ ਇਲਾਵਾ ਰਿਆਸਤ ਪਟਿਆਲਾ, ਰਿਆਸਤ ਜੀਂਦ, ਰਿਆਸਤ ਕਪੂਰਥਲਾ, ਰਿਆਸਤ ਫਰੀਦਕੋਟ ਵੇਲੇ ਦੀਆਂ ਡਾਕ ਟਿਕਟਾਂ ਤੋਂ ਇਲਾਵਾ ਸਰਕਾਰ ਇ ਖਾਲਸਾ ਦੇ ਮਹੱਤਵਪੂਰਨ ਮੈਡਲ ਤੇ ਗੁਰੂ ਨਾਨਕ ਦੇਵ ਜੀ ਦੇ ਸਿਦਕੀ ਸਿੱਖਾਂ ਬਾਰੇ ਜਾਣਕਾਰੀ ਦਿੱਤੀ  ਗਈ।ਇਸੇ ਤਰਾਂ ਪੰਜ ਪਿਆਰਿਆਂ, ਪੰਜ ਮੁਕਤਿਆਂ (ਪੰਜ ਪਿਆਰਿਆਂ ਤੋਂ ਬਾਅਦ ਜਿਨਾਂ ਸਿੰਘਾਂ ਨੇ ਅੰਮਿ੍ਰਤ ਛਕਿਆ), ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਬਖਸ਼ਣ ਵੇਲੇ ਹਾਜ਼ਰ ਪੰਜ ਸਿੰਘਾਂ , ਪੰਜ ਨਿਰਮਲੇ ਵਿਦਵਾਨਾਂ ਆਦਿ ਬਾਰੇ ਵਿਦਿਆਰਥੀਆਂ ਨੂੰ ਇਸ ਪ੍ਰਦਰਸ਼ਨੀ ਰਾਹੀਂ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਗਈ।