5 Dariya News

ਸ਼ੂਗਰ ਮਿੱਲ ਪਨਿਆੜ ਵਿਖੇ 'ਸ਼ੂਗਰ ਕੰਪਲੈਕਸ' ਸਥਾਪਿਤ ਕੀਤਾ ਜਾਵੇਗਾ, 21 ਫਰਵਰੀ ਨੂੰ ਹੋਵੇਗੀ ਸ਼ੁਰੂਆਤ : ਸੁਖਜਿੰਦਰ ਸਿੰਘ ਰੰਧਾਵਾ

ਫਸਲੀ ਵਿਭਿੰਨਤਾ ਲਈ ਗੰਨੇ ਦੀ ਫਸਲ ਸਭ ਤੋਂ ਵੱਧ ਕਾਰਗਰ-ਡਰਿੱਪ ਸਿਸਟਮ ਅਪਣਾਉਣ 'ਤੇ ਦਿੱਤਾ ਜੋਰ

5 Dariya News

ਗੁਰਦਾਸਪੁਰ 22-Nov-2019

ਸਹਿਕਾਰਤਾ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਹਿਕਾਰੀ ਖੰਡ ਮਿੱਲ ਪਨਿਆੜ ਵਿਖੇ ਮਿੱਲ ਦੇ 40ਵੇਂ ਪਿੜਾਈ ਦੇ ਸ਼ੀਜ਼ਨ (2019-20) ਦੀ ਸ਼ੁਰੂਆਤ ਕੀਤੀ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਪਲਵਿੰਦਰ ਸਿੰਘ ਬੱਲ ਜੁਆਇਟ ਰਜਿਸਟਰਾਰ ਜਲੰਧਰ, ਭਿਪੰਦਰ ਸਿੰਘ ਡੀ.ਆਰ ਨਵਾਂ ਸ਼ਹਿਰ ਤੇ ਪ੍ਰਸ਼ਾਸਕ ਸ਼ੂਗਰ ਮਿੱਲ ਪਨਿਆੜ, ਡਾ. ਗੁਰਇਕਬਾਲ ਸਿੰਘ ਕਾਹਲੋਂ ਕੀਨ ਐਡਵਾਈਜ਼ਰ ਪੰਜਾਬ, ਜੇਪੀ ਸਿੰਘ ਓ ਐਸ ਡੀ ਅਤੇ ਸੁਰਿੰਦਰਪਾਲ ਜੀ.ਐਮ ਪਨਿਆੜ ਮਿੱਲ ਹਾਜਰ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਵਜ਼ੀਰ ਸ. ਰੰਧਾਵਾ ਨੇ ਦੱਸਿਆ ਕਿ ਸ਼ੂਗਰ ਮਿੱਲ ਪਨਿਆੜ ਦੀ ਮੋਜੂਦਾ ਸਮੱਰਥਾ 2000 ਤੋਂ 5000 ਟਨ ਸਮਰੱਥਾ ਵਧਾਈ ਜਾਵੇਗੀ ਅਤੇ ਇਥੇ ਸ਼ੂਗਰ ਕੰਪਲੈਕਸ ਸਥਾਪਿਤ ਕੀਤਾ ਜਾਵੇਗਾ, ਜਿਸ ਦਾ ਨੀਂਹ ਪੱਥਰ 21 ਫਰਵਰੀ 2010 ਨੂੰ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਸ਼ੂਗਰ ਕੰਪਲੈਕਸ ਵਿਚ ਈਥੋਨਲ, ਕੋ-ਜਨਰੇਸ਼ਨ (ਬਿਜਲੀ ਦੀ ਪੈਦਾਵਾਰ), ਡਿਸਟਲਰੀ ਪਲਾਂਟ ਤੇ ਖੰਡ ਬਣਾਈ ਜਾਵੇਗੀ ਤੇ ਸੂਬੇ ਭਰ ਦੀਆਂ ਸਾਰੀਆਂ ਮਿੱਲਾਂ ਨਾਲੋਂ ਪਨਿਆੜ ਮਿੱਲ ਨੂੰ ਹਰ ਪੱਖ ਤੋਂ ਵਿਕਸਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪਨਿਆੜ ਮਿੱਲ ਦੀ ਸਮਰੱਥਾ ਵਧਾਉਣ ਸਬੰਧੀ ਟੈਕਨੀਕਲ ਪੜਾਅ ਖਤਮ ਹੋ ਚੁੱਕਾ ਹੈ ਅਤੇ ਹਫਤੇ ਵਿਚ ਟੈਂਡਰ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸ਼ੂਗਰ ਮਿੱਲ ਪਨਿਆੜ ਦੇ ਵਿਕਾਸ ਲਈ ਲਈ 350 ਕਰੋੜ ਰੁਪਏ ਅਤੇ ਬਟਾਲਾ ਮਿੱਲ ਲਈ 250 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨਾਂ ਦੱਸਿਆ ਕਿ ਸ਼ੂਗਰ ਮਿੱਲ ਅਜਨਾਲਾ ਦੀ ਸਮੱਰਥਾ ਵੀ ਵਧਾਈ ਜਾ ਰਹੀ ਹੈ।ਸ. ਰੰਧਾਵਾ ਨੇ ਅੱਗੇ ਕਿਹਾ ਕਿ ਫ਼ਸਲੀ ਵਿਭਿੰਨਤਾ ਅੱਜ ਸਮੇਂ ਦੀ ਲੋੜ ਹੈ ਅਤੇ ਗੰਨੇ ਦੇ ਫਸਲ ਦੀ ਕਾਸ਼ਤ ਕਿਸਾਨਾਂ ਲਈ ਸਭ ਤੋਂ ਵੱਧ ਕਾਰਗਰ ਤੇ ਮੁਨਾਫੇ ਵਾਲੀ ਫਸਲ ਹੈ। ਉਨਾਂ ਦੱਸਿਆ ਕਿ ਗੰਨੇ ਦੀ ਫਸਲ ਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ ਅਤੇ ਇਹ ਫਸਲ 8-9 ਮਹਿਨੇ ਵਿਚ ਤਿਆਰ ਹੋ ਜਾਂਦੀ ਹੈ। 

ਉਨਾਂ ਦੱਸਿਆ ਕਿ ਡਰਿੱਪ ਸਿਸਟਮ ਨਾਲ ਪਾਣੀ ਦੀ ਹੋਰ ਬਚਤ ਕੀਤੀ ਜਾ ਸਕਦੀ ਹੈ, ਜਿਸ ਲਈ ਉਨਾਂ ਸੂਬੇ ਭਰ ਦੀਆਂ ਸਾਰੀਆਂ ਸਹਿਕਾਰੀ ਮਿੱਲਾਂ ਦੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਿੰਡਾਂ ਅੰਦਰ ਕਿਸਾਨਾਂ ਨੂੰ ਡਰਿੱਪ ਸਿਸਟਮ ਦੇ ਫਾਇਦਿਆਂ ਪ੍ਰਤੀ ਜਾਗਰੂਕ ਕਰਨ।ਸ. ਰੰਧਾਵਾ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਦੇ ਮੁਨਾਫੇ ਵਿਚ ਵਾਧਾ ਹੋਇਆ ਹੈ। ਰਿਕਰਵਰੀਆਂ ਵਧੀਆਂ ਹਨ। ਬਰੇਕ ਡਾਊਨ ਬਹੁਤ ਘੱਟ ਹੋਈ ਹੈ। ਉਨਾਂ ਕਿਹਾ ਕਿ ਸਹਿਕਾਰੀ ਮਿੱਲਾਂ ਕਿਸਾਨਾਂ ਦੀਆਂ ਆਪਣੀਆਂ ਮਿੱਲਾਂ ਹਨ ਅਤੇ ਸੂਬਾ ਸਰਕਾਰ ਗੰਨਾ ਕਾਸ਼ਤਕਾਰਾਂ ਦੀ ਹਰ ਮੁਸ਼ਕਿਲ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਦੱਸਿਆ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਲਈ ਆਪਣੇ ਪੱਧਰ 'ਤੇ ਰਾਸ਼ੀ ਜਾਰੀ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਗੰਨਾ ਕਾਸ਼ਤਕਾਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਦੱਸਿਆ ਕਿ ਰਾਸ਼ੀ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਜਮਾਂ ਹੋ ਜਾਵੇਗੀ। ਸਹਿਕਾਰਤਾ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਆਉਂਦੇ ਪਿੜਾਈ ਸੀਜ਼ਨ ਦੌਰਾਨ ਗੰਨੇ ਦੀ ਸਪਲਾਈ ਲਈ ਆਨਲਾਈਨ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਸਹਿਕਾਰਤਾ ਮੰਤਰੀ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਪਿੜਾਈ ਸ਼ੀਜਨ 2019-20 ਦੌਰਾਨ ਸਹਿਕਾਰੀ ਖੰਡ ਮਿੱਲਾਂ ਨੂੰ ਵੱਧ ਤੋਂ ਵੱਧ ਗੰਨੇ ਦੀ ਸਪਲਾਈ ਕਰਨ ਦੇ ਨਾਲ ਇਹ ਵੀ ਹਦਾਇਤ ਕੀਤੀ ਗਈ ਕਿ ਪਿੜਾਈ ਸ਼ੀਜਨ 2019-20 ਦੌਰਾਨ ਗੰਨੇ ਦੀ ਅਦਾਇਗੀ ਨਾਲੋ ਨਾਲ ਕੀਤੀ ਜਾਵੇ। ਇਸ ਤੋਂ ਇਲਾਵਾ ਗੰਨਾ ਕਾਸ਼ਤਕਾਰਾਂ ਨੂੰ ਕੇਨ ਜਾਰਡ ਵਿੱਚ ਪੁਰੀਆਂ ਸਹੁਲਤਾਂ ਦਾ  ਪ੍ਰਬੰਧ ਕੀਤਾ ਜਾਵੇ। ਇਸੇ ਤਰਾਂ ਅੱਜ ਪਹਿਲਾਂ ਉਨਾਂ ਵਲੋਂ ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਪਨਿਆੜ ਮਿੱਲ ਦੇ ਅਧਿਕਾਰੀਆਂ, ਕਿਸਾਨਾਂ ਅਤੇ ਮਜ਼ਦੂਰ ਵਰਕਰਜ਼ ਯੂਨੀਅਨ ਵਲੋਂ ਕੈਬਨਿਟ ਮੰਤਰੀ ਸ. ਰੰਧਾਵਾ ਦਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਰੰਧਾਵਾ ਵਲੋਂ ਅਗਾਂਹਵਧੂ ਕਿਸਾਨਾਂ ਤੇ ਮਿੱਲ ਵਿਚ ਗੰਨੇ ਦੀਆਂ ਪਹਿਲੀਆਂ ਪੰਜ ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਵ ਸ੍ਰੀ ਓਦੈਵੀਰ ਸਿੰਘ ਰੰਧਾਵਾ, ਨਵਨੀਤ ਕੋਰ ਡਿਪਟੀ ਰਜਿਸਟਰਾਰ ਗੁਰਦਾਸਪੁਰ, ਦਿਲਬਾਗ ਸਿੰਘ ਲਾਲੀ ਚੀਮਾ, ਸੁਰਿੰਦਰ ਸ਼ਰਮਾ, ਸੁੱਚਾ ਸਿੰਘ ਰਾਮਨਗਰ, ਕੰਵਲਜੀਤ ਸਿੰਘ ਟੋਨੀ ਪੀ.ਏ, ਸੁਖਵਿੰਦਰ ਸਿੰਘ ਸਮੇਤ ਕਿਸਾਨ ਹਾਜਰ ਸਨ।