5 Dariya News

ਮਗਨਰੇਗਾ ਅਧੀਨ ਕੀਤੇ ਗਏ ਵਧੀਆ ਕੰਮਾਂ ਤੇ ਫ਼ਰੀਦਕੋਟ ਨੂੰ ਪੁਰਸਕਾਰ ਮਿਲਣਾ ਮਾਣ ਵਾਲੀ ਗੱਲ- ਕੁਸ਼ਲਦੀਪ ਸਿੰਘ ਢਿੱਲੋਂ

ਪਹਿਲਾਂ ਰਾਜ ਸਰਕਾਰ ਅਤੇ ਫਿਰ ਭਾਰਤ ਸਰਕਾਰ ਦੀ ਟੀਮ ਵੱਲੋ ਕੀਤੇ ਕੰਮਾਂ ਦੀ ਪੜਤਾਲ ਤੋਂ ਬਾਅਦ ਮਿਲਿਆ ਇਨਾਮ

5 Dariya News

ਫ਼ਰੀਦਕੋਟ 17-Nov-2019

ਜ਼ਿਲ੍ਹਾ ਪਰੀਸ਼ਦ ਫ਼ਰੀਦਕੋਟ ਨੂੰ ਦੀਨ ਦਿਆਲ ਉਪਾਧਿਆਏ ਪੰਚਾਇਤ ਸ਼ਸ਼ਕਤੀਕਰਨ ਪੁਰਸਕਾਰ 2019 ਲਈ ਪੰਜਾਬ ਵਿਚੋਂ ਵਧੀਆ ਕਾਰਗੁਜ਼ਾਰੀ ਕਰਕੇ ਪਹਿਲੇ ਸਥਾਨ ਤੇ ਆਉਣ ਕਰਕੇ ਮਿਲੀ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਮੁਬਾਰਕਬਾਦ ਦਿੱਤੀ ਹੈ। ਸ. ਢਿੱਲੋਂ ਨੇ ਇਹ ਖੁਸ਼ੀ ਜ਼ਿਲ੍ਹਾ ਪਰੀਸਦ ਦੇ ਅਧਿਕਾਰੀਆਂ,ਸਟਾਫ਼ ਅਤੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨਾਲ ਹੋਈ ਪ੍ਰਭਾਵਸ਼ਾਲੀ ਮੀਟਿੰਗ ਮੌਕੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਸਾਲ 2017-18 ਲਈ ਫ਼ਰੀਦਕੋਟ ਪੰਚਾਇਤ (ਜਨਰਲ) ਨੂੰ ਸੂਬੇ 'ਚ ਮਗਨਰੇਗਾ ਤਹਿਤ ਕਰਵਾਏ ਗਏ ਕੰਮਾਂ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਉਨ੍ਹਾਂ ਚੇਅਰਮੈਨ ਜ਼ਿਲ੍ਹਾ ਪਰੀਸ਼ਦ ਮੈਡਮ ਕਿਰਨਦੀਪ ਕੌਰ ਅਤੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਸਹੋਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਹਲਕੇ ਦੇ ਮਗਨਰੇਗਾ ਅਧੀਨ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਹੋਰ ਤਕੜੇ ਹੋ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਫ਼ਰੀਦਕੋਟ ਨੂੰ ਮਗਨਰੇਗਾ ਅਧੀਨ ਕਰਵਾਏ ਜਾਂਦੇ ਕੰਮਾਂ ਲਈ ਭਾਰਤ ਵਿਚ ਪਹਿਲਾ ਸਥਾਨ ਹਾਸਲ ਹੋਵੇ। ਇਸ ਲਈ ਸਾਡੀ ਟੀਚੇ ਦੀ ਪ੍ਰਾਪਤੀ ਲਈ ਸਾਡੀ ਹੋਰ ਵੀ ਜਿੰਮੇਵਾਰੀ ਵੱਧ ਜਾਂਦੀ ਹੈ ਇਸ ਲਈ ਜ਼ਿਲ੍ਹੇ ਦੇ ਵਿਕਾਸ ਦੇ ਕੰਮ ਕਰਵਾ ਕੇ ਲੋਕਾਂ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਜਾਵੇ। ਸ. ਕੁਸ਼ਲਦੀਪ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਅਵਾਰਡ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪਰੀਸ਼ਦ ਦੀਆਂ ਪੰਜ ਸਥਾਈ ਕਮੇਟੀਆਂ ਬਣੀਆਂ ਹਨ। 

ਜਿਸ ਵਿਚ ਹਰੇਕ ਕਮੇਟੀ ਦੇ ਪੰਜ ਮੈਂਬਰ ਹਨ, ਜਿੰਨ੍ਹਾਂ ਵੱਲੋਂ ਪਿੰਡਾਂ 'ਚ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦਾ ਸੁਝਾਅ ਦਿੱਤਾ ਗਿਆ। ਜਿਸ ਤੇ ਅਮਲ ਕਰਦਿਆਂ ਵਿਕਾਸ ਦੇ ਕੰਮ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰੀਸ਼ਦ ਵੱਲੋਂ ਵਧੀਆ ਢੰਗ ਨਾਲ ਰਿਕਾਰਡ ਮੇਨਟੇਨ ਕੀਤਾ ਗਿਆ ਸੀ। ਜਿਸ ਦਾ ਪਹਿਲਾਂ ਰਾਜ ਸਰਕਾਰ ਵੱਲੋਂ ਛਾਣਬੀਣ ਕੀਤੀ ਗਈ। ਇਸ ਉਪਰੰਤ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲਿਆ ਭਾਰਤ ਸਰਕਾਰ ਦੀ ਟੀਮ ਵੱਲੋਂ ਦੌਰਾ ਕਰਕੇ ਚੈਕਿੰਗ ਕੀਤੀ ਗਈ ਅਤੇ ਵਧੀਆ ਕੰਮ ਲਈ ਤਾਰੀਫ਼ ਕੀਤੀ। ਸਾਰੇ ਕੀਤੇ ਗਏ ਕੰਮਾਂ ਦੀ ਪੜਤਾਲ ਤੋਂ ਬਾਅਦ ਇਹ ਇਨਾਮ ਹਾਸਲ ਹੋਇਆ ਹੈ ਜੋ ਕਿ ਜ਼ਿਲ੍ਹੇ ਲਈ ਬੜੀ ਮਾਣ ਵਾਲੀ ਗੱਲ ਹੈ। ਇਸ ਮੌਕੇ ਜ਼ਿਲ੍ਹਾ ਪਰੀਸ਼ਦ ਦੀ ਚੇਅਰਪਰਸਨ ਸ਼੍ਰੀਮਤੀ ਕਿਰਨਦੀਪ ਕੌਰ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ 'ਚ ਕਰਵਾਏ ਗਏ ਮਗਨਰੇਗਾ ਅਧੀਨ ਵਿਕਾਸ ਦੇ ਕੰਮ ਜਿੰਨ੍ਹਾਂ ਵਿਚ ਨਵੇਂ ਪਾਰਕਾਂ ਦਾ ਨਿਰਮਾਣ, ਛੱਪੜਾਂ ਦੀ ਸਫ਼ਾਈ, ਛੱਪੜਾਂ ਦੀ ਪਾਣੀ ਦੀ ਨਿਕਾਸੀ ਲਈ ਜਮੀਨਦੋਜ਼ ਪਾਈਪਾਂ ਪੁਆਉਣਾ, ਸਕੂਲਾਂ ਦੀ ਚਾਰਦੀਵਾਰੀ, ਸ਼ਮਸ਼ਾਨ ਘਾਟਾਂ ਦੀ ਚਾਰਦੀਵਾਰੀ, ਨਹਿਰਾਂ ਦੀ ਸਫ਼ਾਈ, ਪੀਣ ਵਾਲਾ ਪਾਣੀ, ਪੇਂਡੂ ਖੇਤਰਾਂ 'ਚ ਸਿਹਤ ਸੇਵਾਵਾਂ, ਖਾਲਿਆਂ ਦੀ ਸਫ਼ਾਈ ਆਦਿ ਦੇ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਗਏ। ਜਿਸ ਸਦਕਾ ਉਨ੍ਹਾਂ ਨੂੰ ਮਿਤੀ 23 ਅਕਤੂਬਰ 2019 ਨੂੰ ਦਿੱਲੀ ਵਿਖੇ ਪੇਂਡੂ ਵਿਕਾਸ ਤੇ ਪੰਚਾਇਤਾਂ ਬਾਰੇ ਭਾਰਤ ਸਰਕਾਰ ਦੇ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਵੱਲੋਂ ਇਨਾਮੀ ਰਾਸ਼ੀ ਅਤੇ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਪਰਮਜੀਤ ਕੌਰ,ਸਕੱਤਰ ਜ਼ਿਲ੍ਹਾ ਪਰੀਸ਼ਦ ਬਲਜੀਤ ਸਿੰਘ ਕੈਂਥ ਅਤੇ ਪ੍ਰਭਚਰਨ ਸਿੰਘ ਵੀ ਹਾਜ਼ਰ ਸਨ।