ਕਰਤਾਰਪੁਰ ਲਾਂਘਾ ਖੁੱਲਣ ਅਤੇ ਰਾਮਲੱਲਾ ਦੇ ਫੈਸਲੇ ਨਾਲ ਸ਼ਰਧਾਲੂਆਂ ਨੂੰ ਮਿਲੀ ਦੋਹਰੀ ਖੁਸ਼ੀ : ਨਰਿੰਦਰ ਰਾਣਾ
ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ ਨਾਲ ਨਾਲ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਮੰਦਿਰ ਬਣਨ ਦਾ ਰਸਤਾ ਵੀ ਖੁੱਲਿਆ : ਰਾਣਾ
5 Dariya News
ਖਰੜ 10-Nov-2019
ਅਯੋਧਿਆ ਮੰਦਿਰ ਨਿਰਮਾਣ ਬਾਰੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਇੱਕ ਮੱਤ ਨਾਲ ਦਿੱਤੇ ਫੈਸਲੇ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਨਾਲ ਲੱਖਾਂ ਸ਼ਰਧਾਲੂਆਂ ਨੂੰ ਦੋਹਰੀ ਖੁਸ਼ੀ ਮਿਲੀ ਹੈ ਜਿਸ ਦਾ ਉਹ ਸਵਾਗਤ ਕਰਦੇ ਹਨ । ਭਾਜਪਾ ਦੇ ਜਿਲਾ ਮੀਤ ਪ੍ਰਧਾਨ ਨਰਿੰਦਰ ਰਾਣਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਨੇ ਸਰਬਸੰਮਤੀ ਨਾਲ ਰਾਮ ਮੰਦਿਰ ਬਾਰੇ ਜੋ ਫੈਸਲਾ ਸੁਣਾਇਆ ਹੈ ਤੇ ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਨਾਲ ਭਾਰਤੀਆਂ ਵਿਚ ਖੁਸ਼ੀ ਦੀ ਲਹਿਰ ਹੈ ।ਉਨਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਯੋਧਿਆ ਦੀ ਕੀਤੀ ਯਾਤਰਾ ਨੂੰ ਵੀ ਫੈਸਲੇ ਦਾ ਅਧਾਰ ਬਣਾਇਆ ਤੇ ਇੱਕੋ ਦਿਨ ਦੋ ਖੁਸ਼ੀਆਂ ਮਿਲਣ ਨਾਲ ਹਿੰਦੂਆਂ ਅਤੇ ਸਿੱਖਾਂ ਦੀ ਸਾਂਝ ਹੋਰ ਮਜਬੂਤ ਹੋਈ ਹੈ ।ਮੁਸਲਿਮ ਭਾਈਚਾਰੇ ਵੱਲੋਂ ਵੀ ਦੋਹਾਂ ਫੈਸਲਿਆਂ ਦਾ ਸੁਆਗਤ ਕਰਨਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ । ਉਨਾਂ ਆਖਿਆ ਕਿ ਰਾਮਲੱਲਾ ਦੇ ਫੈਸਲੇ ਨੂੰ ਕਿਸੇ ਦੀ ਜਿੱਤ ਜਾਂ ਹਾਰ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ ਤੇ ਕਰੋੜਾਂ ਭਾਰਤੀਆਂ ਨੂੰ ਸ਼ਾਂਤੀ ਅਤੇ ਸੰਜਮ ਬਣਾਈ ਰੱਖਣਾ ਚਾਹੀਦਾ ਹੈ ਤੇ ਸਰਕਾਰ ਨੂੰ ਮੰਦਰ ਦੀ ਉਸਾਰੀ ਜਲਦੀ ਤੋਂ ਜਲਦੀ ਸ਼ੁਰੂ ਕਰਨੀ ਚਾਹੀਦੀ ।ਦੇਸ਼ ਵਾਸੀਆਂ ਨੇ ਦੋਹਾਂ ਫੈਸਲਿਆਂ ਤੇ ਸ਼ਾਂਤੀ ਤੇ ਸੱਦਭਾਵਨਾ ਬਣਾਕੇ ਵਧੀਆ ਮਿਸਾਲ ਪੇਸ਼ ਕੀਤੀ ਹੈ । ਉਨਾਂ ਆਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਸਾਰਿਆਂ ਦੇ ਦਿਲਾਂ ਵਿਚ ਵਸਦੇ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ 'ਨਾਮ ਜਾਪੋ, ਕਿਰਤ ਕਰੋ ਅਤੇ ਵੰਡ ਛਕੋ' ਦਾ ਮਹਾਨ ਮੰਤਰ ਦਿੱਤਾ ਤੇ ਉਨਾਂ ਦਾ ਫਲਸਫਾ ਸਾਰੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ ਜਿਸ ਤੋਂ ਸੇਧ ਲੈਕੇ ਮਾਨਵਤਾ ਦੀ ਭਲਾਈ ਲਈ ਉਪਰਾਲੇ ਕਰਨੇ ਚਾਹੀਦੇ ਹਨ ।ਉਕਤ ਫੈਸਲਿਆਂ ਦੀ ਸ਼ੁਰੂਆਤ ਨਾਲ ਹੁਣ ਇੱਕ ਭਾਰਤ, ਸ਼੍ਰੇਸ਼ਟ ਅਤੇ ਆਖੰਡ ਭਾਰਤ ਦਾ ਸੁਪਨਾ ਸਾਕਾਰ ਹੋਕੇ ਰਹੇਗਾ ਤੇ ਦੇਸ਼ ਤਰੱਕੀਆਂ ਤੇ ਬੁਲੰਦੀਆਂ ਛੁਹੇਗਾ।