ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ 9 ਨਵੰਬਰ ਨੂੰ - ਸੰਤ ਬਾਬਾ ਅਵਤਾਰ ਸਿੰਘ
ਭਾਈ ਜਤਿੰਦਰਪਾਲ ਸਿੰਘ ਜੇ ਪੀ ਵਲੋਂ ਨਗਰ ਕੀਰਤਨ ਦਾ ਪੋਸਟਰ ਰਿਲੀਜ਼
5 Dariya News
ਐਸ ਏ ਐਸ ਨਗਰ 03-Nov-2019
ਗੁਰਦੁਆਰਾ ਗੋਬਿੰਦਸਰ ਸਾਹਿਬ ਫੇਜ਼ 1 ਐਸ ਏ ਐਸ ਨਗਰ ਮੋਹਾਲੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ 9 ਨਵੰਬਰ ਨੂੰ ਕੀਤਾ ਜਾ ਰਿਹਾ ਹੈ।ਇਸ ਨਗਰ ਕੀਰਤਨ ਦਾ ਪੋਸਟਰ ਹਲਕਾ ਮੋਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਚੁਕੇ ਕਲਗੀਧਰ ਸੇਵਕ ਜਥਾ ਤੇ ਧਰਮ ਪ੍ਰਚਾਰ ਕਮੇਟੀ ਮੋਹਾਲੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਅੱਜ ਰਿਲੀਜ਼ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਮੁਹਾਲੀ ਵਾਲਿਆਂ ਨੇ ਦਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ 9 ਨਵੰਬਰ ਨੂੰ ਸਵੇਰੇ 10 ਵਜੇ ਆਰੰਭ ਹੋ ਕੇ ਗੁਰਦੁਆਰਾ ਸਾਹਿਬ ਫੇਜ਼ ਇੱਕ, ਪੁਰਾਣਾ ਡੀ ਸੀ ਦਫ਼ਤਰ, ਫਰੈਂਕੋ ਲਾਈਟਾਂ, ਡੀਪਲਾਸਟ ਚੌਕ, ਮਦਨਪੁਰ ਚੌਕ, ਤਿੰਨ ਪੰਜ ਦੀਆਂ ਲਾਈਟਾਂ , ਫੇਜ਼ 3 ਬੀ 2 ਮਾਰਕੀਟ, ਚਾਵਲਾ ਲਾਈਟਾਂ, ਫੇਜ਼ ਸੱਤ ਦੀ ਮਾਰਕੀਟ, ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਹੁੰਦਾ ਹੋਇਆ ਫੇਜ਼ 9 ਦੀ ਮਾਰਕੀਟ, ਸਟੇਡੀਅਮ ਲਾਈਟਾਂ, ਫ਼ੇਜ਼ 10 ਦੀ ਮਾਰਕੀਟ, ਫੇਜ਼ ਗਿਆਰਾਂ ਦੀ ਮਾਰਕੀਟ, ਗੁਰਦੁਆਰਾ ਸ੍ਰੀ ਭਗਤ ਨਾਮਦੇਵ ਫੇਜ਼ ਗਿਆਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਫੇਜ਼ ਗਿਆਰਾਂ ਵਿਖੇ ਰਾਤ ਨੂੰ ਤਕਰੀਬਨ ਅੱਠ ਵਜੇ ਦੇ ਕਰੀਬ ਸੰਪੂਰਨ ਹੋਵੇਗਾ।ਉਹਨਾਂ ਦਸਿਆ ਕਿ ਇਸ ਨਗਰ ਕੀਰਤਨ ਵਿੱਚ ਰਾਗੀ, ਢਾਡੀ, ਗਤਕਾ ਪਾਰਟੀਆਂ, ਫੌਜੀ ਬੈਂਡ, ਹਾਥੀ, ਘੋੜੇ, ਸਕੂਲਾਂ ਦੇ ਬੱਚੇ ਪਹੁੰਚ ਕੇ ਨਗਰ ਕੀਰਤਨ ਦੀ ਸ਼ਾਨ ਬਣਨਗੇ।ਉਹਨਾਂ ਦਸਿਆ ਕਿ ਗੁਰਦੁਆਰਾ ਗੋਬਿੰਦਸਰ ਸਾਹਿਬ ਫੇਜ਼ 1 ਐਸ ਏ ਐਸ ਨਗਰ ਮੋਹਾਲੀ ਵਿਖੇ 32ਵਾਂ ਮਹਾਨ ਸੰਤ ਸਮਾਗਮ 13 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਰਾਗੀ , ਢਾਡੀ ਜਥੇ ਹਿਸਾ ਲੈਣਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।