5 Dariya News

ਮੋਗਾ ਦੇ ਪਿੰਡ ਰਣਸੀਹ ਕਲਾਂ ਨੂੰ ਪਲਾਸਟਿਕ ਮੁਕਤ ਕਰਨ ਲਈ ਪਲਾਸਟਿਕ ਦੇ ਕੂੜੇ ਬਦਲੇ ਦਿੱਤੀ ਜਾ ਰਹੀ ਹੈ ਮੁਫ਼ਤ ਖੰਡ

ਰਣਸੀਹ ਕਲਾਂ ਪਿੰਡ ਪਲਾਸਟਿਕ ਬਦਲੇ ਖੰਡ ਵੰਡਣ ਵਾਲਾ ਬਣਿਆ ਪੰਜਾਬ ਦਾ ਪਹਿਲਾ ਪਿੰਡ

5 Dariya News

ਮੋਗਾ 02-Nov-2019

ਮੋਗਾ ਦੇ ਪਿੰਡ ਰਣਸੀਹ ਕਲਾਂ ਨੂੰ ਪਲਾਸਿਟਿਕ ਮੁਕਤ ਬਣਾਉਣ ਦੇ ਉਦੇਸ਼ ਨਾਲ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਪਲਾਸਟਿਕ ਦੇ ਕੂੜੇ ਬਦਲੇ ਮੁਫ਼ਤ ਖੰਡ ਦਿੱਤੀ ਜਾ ਰਹੀ ਹੈ।ਰਣਸੀਹ ਕਲਾਂ ਦਾ ਸਾਬਕਾ ਸਰਪੰਚ ਪ੍ਰੀਤ ਇੰਦਰ ਸਿੰਘ ਜਿਸਦੀ ਮਾਤਾਂ ਪਿੰਡ ਦੀ ਮੌਜੂਦਾ ਸਰਪੰਚ ਹੈ, ਨੇ ਦੱਸਿਆ ਕਿ ਉਸਨੇ ਆਪਣੇ ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਇਸ ਯੋਜਨਾ ਨੂੰ ਸ਼ੁਰੂ ਕੀਤਾ ਹੈ ਤਾਂ ਕਿ ਪਿੰਡ ਵਾਸੀ ਪਲਾਸਟਿਕ ਦੇ ਕੂੜੇ ਨੂੰ ਗਲੀਆਂ ਜਾਂ ਨਾਲੀਆਂ ਵਿੱਚ ਸੁੱਟਣ ਦੀ ਬਜਾਇ ਆਪਣੇ ਘਰਾਂ ਵਿੱਚ ਸਟੋਰ ਕਰਨਾ ਸ਼ੁਰੂ ਕਰ ਦੇਣ। ਉਨ੍ਹਾਂ ਕਿਹਾ ਕਿ ਪਲਾਸਟਿਕ ਨਾ ਸਿਰਫ ਵਾਤਾਵਰਣ ਲਈ ਨੁਕਸਾਨਦੇਹ ਹੈ, ਬਲਕਿ ਪਿੰਡਾਂ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਲਈ ਵੀ ਘਾਤਕ ਸਿੱਧ ਹੁੰਦਾ ਹੈ।ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਚਾਰ ਪਰਉਪਕਾਰੀ ਵਿਅਕਤੀਆਂ ਰੁਪਿੰਦਰਦੀਪ ਸਿੰਘ, ਹਰਨੇਕ ਸਿੰਘ, ਜਗਸੀਰ ਸਿੰਘ ਅਤੇ ਮਨਜਿੰਦਰ ਸਿੰਘ ਦੀ ਸਹਾਇਤਾ ਨਾਲ 21 ਅਕਤੂਬਰ ਨੂੰ ਪਲਾਸਟਿਕ ਦੇ ਕੂੜੇ ਬਦਲੇ ਇਸ ਦੀ ਬਰਾਬਰ ਮਾਤਰਾ ਵਿਚ ਮੁਫਤ ਖੰਡ ਦੇਣ ਲਈ ਪਹਿਲਾ ਕੈਂਪ ਲਗਾਇਆ ਸੀ, ਜਿਸ ਨੂੰ ਪਿੰਡ ਵਾਸੀਆਂ ਵੱਲੋ ਭਰਵਾਂ ਹੁੰਗਾਰਾ ਮਿਲਿਆ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੁਆਰਾ ਪਿੰਡ ਵਾਸੀਆਂ ਨੂੰਂ ਪਲਾਸਟਿਕ ਦਾ ਕੂੜਾ ਇਕੱਠਾ ਕਰਨ ਬਦਲੇ ਪੰਜ ਕੁਇੰਟਲ ਖੰਡ ਵੰਡੀ ਗਈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਪਲਾਸਟਿਕ ਬਦਲੇ ਖੰਡ ਵੰਡਣ ਲਈ ਪੈਸਾ ਪਿੰਡ ਦੇ ਚਾਰ ਪਰਉਪਕਾਰੀ ਸੱਜਣਾਂ ਦੁਆਰਾ ਦਾਨ ਕੀਤਾ ਜਾ ਰਿਹਾ ਹੈ।ਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਉਹ ਹਰ ਦੋ ਮਹੀਨਿਆਂ ਬਾਅਦ ਅਜਿਹੇ ਕੈਂਪ ਲਗਾਉਣਗੇ ਤਾ ਕਿ ਪਿੰਡ ਵਾਸੀ ਆਪਣੇ ਘਰਾਂ ਵਿੱਚ ਪਲਾਸਟਿਕ ਦਾ ਕੂੜਾ ਇਕੱਠਾ ਕਰਦੇ ਰਹਿਣ। 

ਉਨ੍ਹਾਂ ਕਿਹਾ ਕਿ ਅਗਲੀ ਵਾਰ ਖੰਡ ਤੋਂ ਇਲਾਵਾ ਉਹ ਪਿੰਡ ਵਾਸੀਆਂ ਨੂੰ ਗੁੜ, ਚੌਲ ਅਤੇ ਕਣਕ ਵੀ ਭੇਟ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋ ਬੱਚਿਆਂ ਨੂੰ ਚਿਪਸ ਅਤੇ ਹੋਰ ਖਾਣ ਪੀਣ ਵਾਲੀਆ ਚੀਜਾਂ ਦੇ ਪੈਕਟ, ਕੋਲਡ ਡਰਿੰਕਸ ਦੀਆਂ ਬੋਤਲਾਂ ਇਕੱਠੀਆਂ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ਅਤੇ ਇਨ੍ਹਾਂ ਚੀਜ਼ਾ ਬਦਲੇ ਉਨ੍ਹਾਂ ਨੂੰ ਕਿਤਾਬਾਂ ਆਦਿ ਚੀਜ਼ਾ ਵੰਡੀਆਂ ਜਾਣਗੀਆਂ ਤਾਂ ਕਿ ਬੱਚੇ ਵੀ ਪੂਰੇ ਉਤਸ਼ਾਹ ਨਾਲ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਵਿੱਚ ਯੋਗਦਾਨ ਪਾ ਸਕਣ।ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲੁਧਿਆਣਾ ਦੀ ਇਕ ਫਰਮ 'ਪਰਿਵਰਤਨ' ਨਾਲ ਸਮਝੌਤਾ ਕਰ ਲਿਆ ਹੈ, ਜੋ ਉਨ੍ਹਾਂ ਕੋਲੋ ਪਿੰਡ ਵਿੱਚੋ ਇਕੱਠੀ ਕੀਤੀ ਗਈ ਪਲਾਸਟਿਕ ਨੂੰ 10 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਖਰੀਣਗੇ ਅਤੇ ਇਸ ਨੂੰ ਰੀਸਾਈਕਲ ਕਰਨਗੇ।ਉਨ੍ਹਾਂ ਕਿਹਾ ਕਿ ਉਹ ਅਜਿਹੇ ਕੈਂਪ ਉਦੋ ਤੱਕ ਲਗਾਉਂਦੇ ਰਹਿਣਗੇ ਜਦੋਂ ਤੱਕ ਪਿੰਡ ਵਾਸੀ ਕੱਪੜੇ ਦੇ ਥੈਲੇ ਵਰਤਣ ਦੀ ਆਦਤ ਨਹੀਂ ਪਾ ਲੈਂਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ''ਜਲ ਹੈ ਤੋ ਕਲ ਹੈ'', ''ਆਓ ਕਦਮ ਨਾਲਂ ਕਦਮ ਮਿਲਾਓ, ਪਲਾਸਟਿਕ ਮੁਕਤ ਪਿੰਡ ਬਨਾਓ'' ਅਤੇ ''ਬੇਟੀ ਬਚਾਓ, ਬੇਟੀ ਪੜ੍ਹਾਓ'' ਜਿਹੇ ਨਾਅਰਿਆਂ ਨੂੰ ਦਰਸਾਉਦੇ ਕੱਪੜੇ ਦੇ ਥੈਲੇ ਵੀ ਛਪਵਾਏ ਹਨ ਅਤੇ ਜਿੰਨ੍ਹਾਂ ਨੂੰ ਪਿੰਡ ਦੇ ਹਰੇਕ ਘਰ ਵਿਚ ਵੰਡਿਆ ਗਿਆ  ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕੁੱਲ 500 ਘਰ ਹਨ। ਉਨ੍ਹਾਂ ਕਿਹਾ ਕਿ ਇਕ ਥੈਲੇ ਬੈਗ ਦੀ ਦੀ ਕੀਮਤ 23 ਰੁਪਏ ਹੈ।ਜਿਕਰਯੋਗ ਹੈ ਕਿ ਪਿੰਡ ਦੀ ਪੰਚਾਇਤ ਵੱਲੋ ਪਾਣੀ ਦੀ ਬੱਚਤ ਲਈ ਹਰ ਘਰ ਵਿੱਚ ਤਿੰਨ ਗਾਗਰਾਂ ਵੰਡੀਆਂ ਗਈਆਂ ਹਨ ਜਿੰਨ੍ਹਾਂ ਵਿੱਚੋ ਇੱਕ ਗਾਗਰ ਆਰ.ਓ. ਫਿਲਟਰ ਸਿਸਟਮ ਤੋਂ ਨਿਕਲ ਰਹੇ ਫਾਲਤੂ ਪਾਣੀ ਨੂੰ ਸਟੋਰ ਕਰਨ ਲਈ, ਦੂਸਰੀ ਏ.ਸੀ. ਵਿੱਚੋ ਨਿਕਲੇ ਪਾਣੀ ਨੂੰ ਸਟੋਰ ਕਰਨ ਲਈ ਅਤੇ ਤੀਸਰੀ ਗਾਗਰ ਪੀਣ ਵਾਲੇ ਗਿਲਾਸਾਂ ਵਿਚੋ ਬਚਿਆ ਵਾਧੂ ਪਾਣੀ ਸੰਭਾਲਣ ਲਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਲੋਕ ਲੱਖਾਂ ਲੀਟਰਾਂ ਦੀ ਮਾਤਰਾ ਵਿੱਚ ਪਾਣੀ ਦੀ ਬਚਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਏਸੀ ਅਤੇ ਆਰਓ ਤੋਂ ਨਿਕਲਿਆ ਵਾਧੂ ਪਾਣੀ ਸਿੰਚਾਈ ਅਤੇ ਹੋਰ ਘਰੇਲੂ ਕੰਮਾਂ ਦੀ ਪੂਰਤੀ ਲਈ ਵਰਤਿਆ ਜਾ ਸਕਦਾ ਹੈ।