ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਬੇਮਿਸਾਲ : ਅਮਨੀਤ ਕੌਂਡਲ
ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਸ਼ਹਾਦਤ ਪੁਲਿਸ ਦੇ ਹੋਰਨਾਂ ਜਵਾਨਾਂ ਲਈ ਪ੍ਰੇਰਨਾ ਸਰੋਤ: ਡਾ. ਗੋਇਲ
5 Dariya News
ਫ਼ਤਹਿਗੜ੍ਹ ਸਾਹਿਬ 21-Oct-2019
21 ਅਕਤੂਬਰ, 1959 ਨੂੰ ਸੀ.ਆਰ.ਪੀ.ਐਫ. ਦੇ ਜਵਾਨ ਚੀਨ ਵੱਲੋਂ ਕੀਤੇ ਅਚਾਨਕ ਹਮਲੇ ਦੌਰਾਨ ਸ਼ਹੀਦ ਹੋਏ ਸਨ, ਜਿਨ੍ਹਾਂ ਦੀ ਯਾਦ ਵਿੱਚ ਹਰੇਕ ਸਾਲ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੁਲਿਸ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ, ਜੋ ਕਿ ਪੰਜਾਬ ਪੁਲਿਸ ਦੇ ਗੌਰਵਮਈ ਇਤਿਹਾਸ ਦਾ ਪ੍ਰਤੀਕ ਹਨ। ਇਹ ਪ੍ਰਗਟਾਵਾ ਐਸ.ਐਸ.ਪੀ. ਅਮਨੀਤ ਕੌਂਡਲ ਨੇ ਪੁਲਿਸ ਲਾਈਨ ਮਹੱਦੀਆਂ ਵਿਖੇ ਜ਼ਿਲ੍ਹਾ ਪੁਲਿਸ ਦੇ ਡਿਊਟੀ ਦੌਰਾਨ ਸ਼ਹੀਦ ਹੋਏ 16 ਪੁਲਿਸ ਜਵਾਨਾਂ ਦੀ ਯਾਦ ਵਿੱਚ ਪੁਲੀਸ ਯਾਦਗਾਰੀ ਦਿਵਸ ਮੌਕੇ ਆਯੋਜਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੇ ਬਹਾਦਰੀ ਦਿਖਾਉਂਦਿਆਂ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਇਹ ਸ਼ਹਾਦਤਾਂ ਹੋਰਨਾਂ ਪੁਲਿਸ ਜਵਾਨਾਂ ਲਈ ਹਮੇਸ਼ਾਂ ਪ੍ਰੇਰਨਾ ਦਾ ਸਰੋਤ ਬਣੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਅਮਨ ਤੇ ਸ਼ਾਂਤੀ ਕਾਇਮ ਰੱਖਣ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਸ਼ਹਾਦਤਾਂ ਦੇਣ ਵਿੱਚ ਪੰਜਾਬ ਪੁਲਿਸ ਦਾ ਇਤਿਹਾਸ ਸ਼ਾਨਾਮੱਤਾ ਰਿਹਾ ਹੈ, ਜਿਸ 'ਤੇ ਸਾਨੂੰ ਹਮੇਸ਼ਾ ਮਾਣ ਰਹੇਗਾ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੁਲਿਸ ਜਵਾਨਾਂ ਵੱਲੋਂ ਹਥਿਆਰ ਪੁੱਠੇ ਕਰ ਕੇ ਦੋ ਮਿੰਟ ਦਾ ਮੋਨ ਵੀ ਰੱਅਿਾ ਗਿਆ ਅਤੇ ਸ਼ਹੀਦ ਹੋਏ ਪੁਲਿਸ ਜਵਾਨਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਪੁਲਿਸ ਤੇ ਸਿਵਲ ਅਧਿਕਾਰੀਆਂ ਤੋਂ ਇਲਾਵਾ ਸ਼ਹੀਦ ਹੋਏ ਪੁਲਿਸ ਦੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਹੀਦ ਪੁਲਿਸ ਸਮਾਰਕ 'ਤੇ ਰੀਥ ਰੱਖ ਕੇ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ।ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਕਿਹਾ ਕਿ ਮਹਾਨ ਹਨ ਉਹ ਮਾਪੇ ਜਿਨ੍ਹਾਂ ਨੇ ਅਜਿਹੇ ਯੋਧਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਦੇਸ਼ ਤੇ ਸਮਾਜ ਦੀ ਖਾਤਰ ਆਪਣੇ ਫਰਜਾਂ ਨੂੰ ਹਮੇਸ਼ਾਂ ਮੋਹਰੀ ਰੱਖਿਆ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਮਹਾਨ ਸ਼ਹੀਦਾਂ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਫਰਜ਼ਾਂ ਦੀ ਪੂਰਤੀ ਕਰੀਏ। ਇਸ ਮੌਕੇ ਐਸ.ਪੀ. (ਐਚ) ਸ. ਨਵਰੀਤ ਸਿੰਘ ਵਿਰਕ ਨੇ ਫ਼ਤਹਿਗੜ੍ਹ ਸਾਹਿਬ ਪੁਲਿਸ ਦੇ ਸ਼ਹੀਦ ਹੋਏ 16 ਜਵਾਨਾਂ ਅਤੇ 1-9-18 ਤੋਂ 31-8-19 ਤੱਕ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਨਾਮ ਪੜ੍ਹ ਕੇ ਉਨ੍ਹਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਸ਼ਹੀਦ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਹੱਲ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਆਰ.ਐਸ. ਰਾਏ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਰੰਜੀਵ ਵਸ਼ਿਸ਼ਟ, ਵਧੀਕ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ, ਐਸ.ਪੀ. (ਡੀ) ਸ. ਹਰਪਾਲ ਸਿੰਘ, ਐਸ.ਪੀ. ਕੇ.ਐਸ. ਚਾਹਲ, ਐਸ਼.ਪੀ. ਅਮਰਜੀਤ ਸਿੰਘ ਮਟਵਾਨੀ, ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਪਵਿੱਤਰ ਸਿੰਘ, ਡੀ.ਐਸ.ਪੀ. ਸ. ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰ. ਆਰ.ਐਸ. ਕਾਹਲੋਂ, ਡੀ.ਐਸ.ਪੀ. ਅਮਲੋਹ ਸੁਖਵਿੰਦਰ ਸਿੰਘ, ਡੀ.ਐਸ.ਪੀ.ਖਮਾਣੋਂ ਸ੍ਰੀ ਧਰਮਪਾਲ ਅਤੇ ਡੀ.ਐਸ.ਪੀ. ਮਨਜੋਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਅਤੇ ਸ਼ਹੀਦ ਪੁਲਿਸ ਜਵਾਨਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।