5 Dariya News

ਬਿਆਸ ਦਰਿਆ 'ਤੇ ਵਹੀ ਅਧਿਆਤਮਕਤਾ ਦੀ ਧਾਰਾ,ਭਾਰੀ ਗਿਣਤੀ 'ਚ ਪੁੱਜੇ ਜ਼ਿਲ੍ਹਾ ਵਾਸੀ

ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਬਿਆਸ ਦਰਿਆ 'ਤੇ ਕਰਵਾਏ ਜਾ ਰਹੇ 'ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ' ਦਾ ਜ਼ਿਲ੍ਹੇ 'ਚ ਸ਼ਾਨਦਾਰ ਆਗਾਜ਼

5 Dariya News

ਹੁਸ਼ਿਆਰਪੁਰ 20-Oct-2019

ਹੁਸ਼ਿਆਰਪੁਰ ਦੀ ਧਰਤੀ 'ਤੇ ਵਹਿ ਰਹੇ ਬਿਆਸ ਦਰਿਆ 'ਤੇ ਪਹਿਲੀ ਵਾਰ ਅਧਿਆਤਮਕਤਾ ਦੀ ਅਜਿਹੀ ਧਾਰਾ ਵਹੀ, ਜਿਸਦੇ ਅਲੌਕਿਕ ਪ੍ਰਕਾਸ਼ ਨੇ ਪੂਰੇ ਇਲਾਕੇ ਨੂੰ ਇਕ ਰੰਗ ਵਿੱਚ ਪਰੋ ਦਿੱਤਾ। ਮੌਕਾ ਸੀ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਦਾ। ਜ਼ਿਲ੍ਹੇ ਵਿੱਚ ਬਿਆਸ ਦਰਿਆ 'ਤੇ ਹੋ ਰਹੇ ਵਿਸ਼ੇਸ਼ ਸਮਾਗਮਾਂ ਦਾ ਅੱਜ ਪਿੰਡ ਟੇਰਕਿਆਣਾ ਨੇੜੇ ਬਿਆਸ ਦਰਿਆ 'ਤੇ ਸ਼ਰਧਾਪੂਰਵਕ ਅਤੇ ਸ਼ਾਨਦਾਰ ਤਰੀਕੇ ਨਾਲ ਹਲਕਾ ਵਿਧਾਇਕ ਸ਼੍ਰੀ ਅਰੁਣ ਕੁਮਾਰ ਡੋਗਰਾ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੀ ਹਾਜ਼ਰੀ ਵਿੱਚ ਆਗਾਜ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰੋਪੜ ਸ਼੍ਰੀ ਸੁਮਿਤ ਕੁਮਾਰ ਜਾਰੰਗਲ, ਜਨਰਲ ਅਬਜ਼ਰਵਰ ਸ਼੍ਰੀ ਪਾਂਡੂਰੰਗ ਪੋਲੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਬਿਆਸ ਦਰਿਆ 'ਤੇ ਪਹਿਲੀ ਵਾਰ ਹੋ ਰਹੇ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਦੌਰਾਨ ਭਾਰੀ ਗਿਣਤੀ ਵਿੱਚ ਜ਼ਿਲ੍ਹਾ ਵਾਸੀਆਂ ਦਾ ਪੁੱਜਣਾ ਇਹ ਸਿੱਧ ਕਰ ਰਿਹਾ ਹੈ ਕਿ ਇਹ ਸ਼ੋਅ ਆਕਰਸ਼ਨ ਦਾ ਕੇਂਦਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ੋਅ 20 ਅਕਤੂਬਰ ਨੂੰ ਵੀ ਇਸੇ ਸਥਾਨ ਪਿੰਡ ਟੇਰਕਿਆਣਾ ਨੇੜੇ ਬਿਆਸ ਦਰਿਆ ਵਿਖੇ ਸ਼ਾਮ 6.45 ਤੋਂ 7.30 ਵਜੇ ਤੱਕ ਅਤੇ 8 ਤੋਂ 8.45 ਤੱਕ ਸ਼ੁਰੂ ਹੋਵੇਗਾ, ਉਪਰੰਤ ਪਵਿੱਤਰਤਾ ਦੀ ਝਲਕ ਮਾਰਦਾ ਮਾਡਲ ਪਾਣੀ ਰਾਹੀਂ ਹੀ ਪਿੰਡ ਗੰਧੂਵਾਲ ਵਿਖੇ ਪਹੁੰਚੇਗਾ, ਜਿੱਥੇ 23 ਅਤੇ 24 ਅਕਤੂਬਰ ਨੂੰ ਉਕਤ ਸਮੇਂ ਅਨੁਸਾਰ ਹੀ 'ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ' ਕਰਵਾਏ ਜਾ ਰਹੇ ਹਨ।ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਧੁਨਿਕ ਤਕਨੀਕ ਨਾਲ ਲਿਬਰੇਜ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਤਾਂ ਜੋ ਸੂਬਾ ਵਾਸੀਆਂ ਅਤੇ ਨੌਜਵਾਨੀ ਨੂੰ ਗੁਰੂ ਸਾਹਿਬ ਦੀ ਜੀਵਨੀ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 'ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ' ਦੌਰਾਨ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕਰਨਾ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਸਮਾਜਿਕ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖਿਲਾਫ ਹਮੇਸ਼ਾ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ।ਸ਼ੋਅ ਦੌਰਾਨ ਪੁੱਜੀਆਂ ਸੰਗਤਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੇ ਜੀਵਨ ਬਾਰੇ ਆਧੁਨਿਕ ਤਰੀਕੇ ਨਾਲ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਾਫੀ ਸਲਾਹੁਣਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਧਰਤੀ 'ਤੇ ਵਹਿੰਦੇ ਬਿਆਸ ਦਰਿਆ ਵਿੱਚ ਪਹਿਲੀ ਵਾਰ ਅਜਿਹਾ ਸਮਾਗਮ ਦੇਖਣ ਨੂੰ ਮਿਲ ਰਿਹਾ ਹੈ ਅਤੇ ਸ਼ੋਅ ਇਤਿਹਾਸ ਸਿਰਜੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਬੀਰ ਸਿੰਘ, ਐਸ.ਡੀ.ਐਮ. ਸ਼੍ਰੀਮਤੀ ਜੋਤੀ ਬਾਲਾ, ਖਰਚਾ ਅਬਜ਼ਰਵਰ ਸ਼੍ਰੀ ਐਸ ਮੁਰਲੀ ਕ੍ਰਿਸ਼ਨਨ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਹਾਜ਼ਰ ਸਨ।