5 Dariya News

ਲੋਕਾਂ ਵੱਲੋਂ ਨਾਕਾਰ ਦੇਣ ਦੀ ਕੌੜੀ ਸਚਾਈ ਤੋਂ ਬਚਣ ਲਈ ਸੁਖਬੀਰ ਬਾਦਲ ਝੂਠ ਦਾ ਸਹਾਰਾ ਲੈ ਰਿਹਾ- ਕੈਪਟਨ ਅਮਰਿੰਦਰ ਸਿੰਘ

ਮੁਕੇਰੀਆਂ ਹਲਕੇ ਦਾ ਆਪਣੇ ਹਲਕੇ ਵਾਂਗ ਰੱਖਾਂਗਾ ਧਿਆਨ, ਜ਼ਿਮਨੀ ਚੋਣਾਂ ਦਾ ਪ੍ਰਚਾਰ ਮੁਕੇਰੀਆ ਵਿੱਚ ਸਮਾਪਤ ਕੀਤਾ

5 Dariya News

ਮੁਕੇਰੀਆਂ 20-Oct-2019

ਮੁਕੇਰੀਆਂ ਵਿਧਾਨ ਸਭਾ ਹਲਕੇ ਦਾ ਆਪਣੇ ਹਲਕੇ ਵਾਂਗ ਧਿਆਨ ਰੱਖਣ ਦਾ ਵਾਅਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚਾਰੋ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਦਾ ਭਰੋਸਾ ਜ਼ਾਹਰ ਕੀਤਾ। ਜ਼ਿਮਨੀ ਚੋਣਾਂ ਦੇ ਪ੍ਰਚਾਰ ਨੂੰ ਖਤਮ ਕਰ ਕਰਦਿਆਂ ਉਨਾਂ ਨੇ ਮੌਜੂਦਾ ਸਰਕਾਰ ਦੌਰਾਨ ਪੰਜਾਬ ਵਿੱਚ ਕੋਈ ਵਿਕਾਸ ਨਾ ਹੋਣ ਬਾਰੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ।ਮੁਕੇਰੀਆਂ ਹਲਕੇ ਵਿੱਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਉਸ ਬਿਆਨ ਦਾ ਮਜ਼ਾਕ ਉਡਾਇਆ ਕਿ ਮੁੱਖ ਮੰਤਰੀ ਲੋਕਾਂ ਦੀ ਪਹੁੰਚ ਵਿੱਚ ਨਹੀਂ ਹਨ। ਰੋਡ ਸ਼ੋਅ ਦੌਰਾਨ ਬਹੁਤਾ ਹੁੰਗਾਰਾ ਨਾ ਮਿਲਣ ਬਾਰੇ ਅਕਾਲੀ ਲੀਡਰ ਵੱਲੋਂ ਕੀਤੇ ਦਾਅਦਿਆਂ ਦਾ ਜਵਾਬ ਮੁੱਖ ਮੰਤਰੀ ਨੇ ਅੱਜ ਲੋਕਾਂ ਦੇ ਉਮੜੇ ਇਕੱਠ ਦਾ ਜ਼ਿਕਰ ਕਰਦਿਆਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਸੁਖਬੀਰ ਜਾਂ ਤਾਂ ਬੇਸਮਝ ਹੈ ਜਾਂ ਫਿਰ ਸ਼ਤਰਮੁਰਗ ਵਾਂਗ ਵਿਹਾਰ ਕਰ ਰਿਹਾ ਹੈ ਤਾਂ ਕਿ ਲੋਕਾਂ ਵੱਲੋਂ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਬੁਰੀ ਤਰਾਂ ਨਾਕਾਰ ਦੇਣ ਦੀ ਤਲਖ਼ ਹਕੀਕਤ ਤੋਂ ਬਚਿਆ ਜਾ ਸਕੇ।’’ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਦਿਨ ਪੁਗ ਗਏ ਹਨ ਅਤੇ ਹੁਣ ਝੂਠ ਤੋਂ ਸਿਵਾਏ ਉਨਾਂ ਦੇ ਪੱਲੇ ਕੱਖ ਵੀ ਨਹੀਂ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਹਲਕੇ ਵਾਂਗ ਉਨਾਂ ਦੇ ਹਲਕੇ ਦਾ ਧਿਆਨ ਰੱਖਣਗੇ ਅਤੇ ਸਾਬਕਾ ਵਿਧਾਇਕ ਰਜਨੀਸ਼ ਕੁਮਾਰ ਬੱਬੀ ਜੋ ਲੰਮੀ ਬਿਮਾਰੀ ਉਪਰੰਤ ਚੱਲ ਵਸੇ ਸਨ, ਵੱਲੋਂ ਹਲਕੇ ਲਈ ਲਏ ਸੰਕਲਪ ਨੂੰ ਅੱਗੇ ਲਿਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਬੱਬੀ ਦੀ ਪਤਨੀ ਅਤੇ ਕਾਂਗਰਸ ਦੀ ਮੌਜੂਦਾ ਉਮੀਦਵਾਰ ਇੰਦੂ ਬਾਲਾ ਮੁਕੇਰੀਆ ਹਲਕੇ ਦੇ ਲੋਕਾਂ ਲਈ ਸਾਬਕਾ ਵਿਧਾਇਕ ਵੱਲੋਂ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣਗੇ।ਮੁਕੇਰੀਆਂ ਵਿਧਾਨ ਸਭਾ ਹਲਕੇ ਨੂੰ ਕਾਂਗਰਸ ਦੇ ਦਿੱਗਜਾਂ ਦਾ ਹਲਕਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਲਕੇ ਦੇ ਸੱਤ ਵਾਰ ਵਿਧਾਇਕ ਰਹੇ ਡਾ. ਕੇਵਲ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਚੇਤੇ ਕੀਤਾ। 

ਮੁੱਖ ਮੰਤਰੀ ਨੇ ਕਿਹਾ ਕਿ ਡਾ. ਕੇਵਲ ਨੇ ਉਨਾਂ ਦੇ ਮੁੱਖ ਮੰਤਰੀ ਵਜੋਂ ਪਿਛਲੇ ਕਾਰਜਕਾਲ ਦੌਰਾਨ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਦੇ ਤੌਰ ’ਤੇ ਸੇਵਾ ਨਿਭਾਈ। ਉਨਾਂ ਕਿਹਾ ਕਿ ਇੰਦੂ ਬਾਲਾ ਵੀ ਇਕ ਵਾਰ ਫੇਰ ਅਜਿਹਾ ਹੀ ਵਿਕਾਸ ਕਰਨਗੇ ਅਤੇ ਸੂਬਾ ਸਰਕਾਰ ਉਨਾਂ ਨੂੰ ਪੂਰਾ ਸਹਿਯੋਗ ਦੇਵੇਗੀ।ਸੋਮਵਾਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਦਾ ਭਰੋਸਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਤ ਅਤੇ ਹਾਰ ਸਿਆਸਤ ਦਾ ਹਿੱਸਾ ਹੈ ਪਰ ਲੋਕਾਂ ਦਾ ਰੁਝਾਨ ਸਪੱਸ਼ਟ ਤੌਰ ’ਤੇ ਕਾਂਗਰਸ ਵੱਲ ਹੈ। ਉਨਾਂ ਨੇ ਦਾਖਾ ਅਤੇ ਜਲਾਲਾਬਾਦ ਨੂੰ ਅਹਿਮ ਹਲਕੇ ਦੱਸਣ ਦੇ ਸੁਝਾਅ ਨੂੰ ਰੱਦ ਕਰਦਿਆਂ ਆਖਿਆ ਕਿ ਉਹ ਇਨਾਂ ਹਲਕਿਆਂ ਨੂੰ ਕਿਸੇ ਵੀ ਤਰਾਂ ਵੱਖ ਕਰਕੇ ਨਹੀਂ ਮੰਨਦੇ ਅਤੇ ਨਾ ਹੀ ਇਨਾਂ ਹਲਕਿਆਂ ਜਾਂ ਫਗਵਾੜਾ ਜਾਂ ਮੁਕੇਰੀਆ ਵਿੱਚ ਭਾਜਪਾ ਜਾਂ ਅਕਾਲੀ ਦਲ ਨੂੰ ਮਜ਼ਬੂਤ ਵਿਰੋਧੀ ਧਿਰਾਂ ਸਮਝਦੇ ਹਨ।ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਪੰਜ ਦਿਨ ਤੋਂ ਇਨਾਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰਕ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦਾ ਵਿਸ਼ਵਾਸ ਹੈ ਕਿ ਚਾਰੋ ਹਲਕਿਆਂ ਵਿੱਚ ਕਾਂਗਰਸ ਦੀ ਜਿੱਤ ਪੱਕੀ ਹੈ ਅਤੇ ਹੋਰ ਕੋਈ ਪਾਰਟੀ ਮੁਕਾਬਲੇ ਵਿੱਚ ਨਹੀਂ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਕੰਮ ਬੋਲਦੇ ਹਨ ਅਤੇ ਲੋਕ ਵਿਕਾਸ ਚਾਹੁੰਦੇ ਹਨ ਅਤੇ ਇਸੇ ਕਰਕੇ ਉਹ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਨੂੰ ਚਾਹੁੰਦੇ ਹਨ।ਰੋਡ ਸ਼ੋਅ ਦੌਰਾਨ ਸਮੁੱਚੇ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹੱਥਾਂ ਵਿੱਚ ਕਾਂਗਰਸ ਦੇ ਝੰਡੇ ਫੜ ਕੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਰੋਡ ਸ਼ੋਅ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਰੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਜੋਗਿੰਦਰ ਪਾਲ ਭੋਆ, ਫਤਹਿਜੰਗ ਸਿੰਘ ਬਾਜਵਾ ਤੇ ਅਮਿਤ ਵਿੱਜ ਨਾਲ ਵਿਧਾਨ ਸਭਾ ਹਲਕੇ ਦੀ ਪੁੱਡਾ ਕਲੋਨੀ, ਅੱਡਾ ਗਗਨ, ਹਾਜੀਪੁਰ, ਤਲਵਾੜਾ, ਨਵਾਂ ਭੰਗਾਲਾ ਅਤੇ ਅੱਡਾ ਮਨਸਰ ਰਾਹੀਂ ਗੁਜ਼ਰਦਿਆਂ ਚੋਣ ਪ੍ਰਚਾਰ ਕੀਤਾ।