5 Dariya News

ਮੋਗਾ ਵਿਖੇ ਸ਼ੁਰੂ ਹੋਏ ਡਿਜੀਟਲ ਮੋਬਾਈਲ ਮਿਊਜ਼ੀਅਮ ਨੂੰ ਵੇਖਣ ਲਈ ਜ਼ਿਲ੍ਹਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ

1,000 ਤੋਂ ਵਧੇਰੇ ਦਰਸ਼ਕਾਂ ਨੇ ਦੇਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪੇਸ਼ਕਾਰੀਆਂ

5 Dariya News

ਮੋਗਾ 19-Oct-2019

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਆਈ.ਐਸ.ਐਫ਼ ਕਾਲਜ ਨੇੜੇ ਖੁੱਲ੍ਹੇ ਮੈਦਾਨ ਵਿੱਚ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਿਜੀਟਲ ਮੋਬਾਈਲ ਮਿਊਜ਼ੀਅਮ ਅੱਜ ਸ਼ੁਰੂ ਹੋ ਗਿਆ ਹੈ। ਅੱਜ ਪਹਿਲੇ ਦਿਨ ਸ਼ਾਮ 6.00 ਵਜੇ ਤੱਕ ਵੱਖ-ਵੱਖ ਖੇਤਰਾਂ ਤੋਂ ਪੁੱਜੇ 1,044 ਦਰਸ਼ਕਾਂ ਨੇ ਇਸ ਮਿਊਜ਼ੀਅਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ। ਦੱਸਣਯੋਗ ਹੈ ਕਿ ਇਹ ਮਿਊਜ਼ੀਅਮ ਮਿਤੀ 20 ਅਤੇ 21 ਅਕਤੂਬਰ ਨੂੰ ਵੀ ਇਸੇ ਤਰ੍ਹਾਂ ਸਵੇਰੇ 6.30 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਚੱਲੇਗਾ ਅਤੇ ਨਾਲ ਹੀ ਦੋਵੇਂ ਦਿਨ ਸ਼ਾਮ ਨੂੰ ਦੋ-ਦੋ ਲਾਈਟ ਐਂਡ ਸਾਊਂਡ ਸ਼ੋਅ ਵੀ ਦਿਖਾਏ ਜਾਣਗੇ।ਅੱਜ ਪਹਿਲੇ ਦਿਨ ਇਸ ਮਿਊਜ਼ੀਅਮ ਨੂੰ ਦੇਖਣ ਲਈ ਪੂਰਾ ਦਿਨ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਆਮ ਲੋਕਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਇਸ ਮਿਊਜ਼ੀਅਮ ਦੇ ਸ਼ੁਰੂਆਤ ਸਮਂੇਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ ਨੇ ਕਿਹਾ ਕਿ ਸਾਡੇ ਜੀਵਨ ਨੂੰ ਅਧਿਆਤਮਕਤਾ ਨਾਲ ਜੋੜਨ ਵਾਲਾ ਇਹ ਪ੍ਰਵਾਹ ਲਗਾਤਾਰ ਤਿੰਨ ਦਿਨ ਚੱਲੇਗਾ, ਜਿਸ ਦੌਰਾਨ ਪਹੁੰਚਣ ਵਾਲੇ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਪ੍ਰੋਗਰਾਮ ਲਈ ਸੁਚੱਜੇ ਪ੍ਰਬੰਧ ਕਰਵਾਏ ਗਏ ਹਨ ਅਤੇ ਦਰਸ਼ਕ ਭਾਰੀ ਉਤਸ਼ਾਹ ਨਾਲ ਇਸ ਪ੍ਰੋਗਰਾਮ ਨੂੰ ਵੇਖਣ ਲਈ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਵਿੱਚ ਐਸ.ਡੀ.ਐਮ ਮੋਗਾ ਨਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ(ਸ) ਜਂਸਪਾਲ ਸਿੰਘ ਔਲਖ, ਜ਼ਿਲ੍ਹਾ ਸਿੱਖਿਆ ਅਫ਼ਸਰ(ਐ) ਨੇਕ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਮੱਕੜ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀਆਂ/ਕ੍ਰਮਚਾਰੀਆਂ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮਿਊਜ਼ੀਅਮ ਮਿਤੀ 20 ਅਤੇ 21 ਅਕਤੂਬਰ ਨੂੰ ਵੀ ਸਵੇਰੇ 6.30 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਚੱਲੇਗਾ ਅਤੇ ਨਾਲ ਹੀ ਦੋਵੇਂ ਦਿਨ ਸ਼ਾਮ ਨੂੰ ਦੋ-ਦੋ ਲਾਈਟ ਐਂਡ ਸਾਊਂਡ ਸ਼ੋਅ ਵੀ ਦਿਖਾਏ ਜਾਣਗੇ। ਪਹਿਲਾ ਸ਼ੋਅ ਸ਼ਾਮ 7 ਵਜੇ ਤੋਂ 7.45 ਵਜੇ ਤੱਕ ਜਦਕਿ ਦੂਜਾ ਸ਼ੋਅ ਦੇਰ ਸ਼ਾਮ 8.30 ਵਜੇ ਤੋਂ 9.15 ਵਜੇ ਤੱਕ ਹੋਇਆ ਕਰੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ੋਆਂ ਵਿੱਚ ਪ੍ਰਵੇਸ਼ ਬਿਲਕੁੱਲ ਮੁਫ਼ਤ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਆਯੋਜਨ ਦਾ ਵੱਧ ਤੋਂ ਵੱਧ ਲਾਭ ਲੈਣ।