5 Dariya News

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਹੋਰ ਨਿਵੇਕਲਾ ਉਪਰਾਲਾ

ਡਾ.ਐਸ.ਪੀ.ਸਿੰਘ ਓਬਰਾਏ ਨੇ ੬੨ ਲੱਖ ਦੀ ਲਾਗਤ ਨਾਲ ਤਿਆਰ ਕਰਵਾਈ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਵਿਸ਼ੇਸ਼ ਬੱਸ

5 Dariya News

ਬਟਾਲਾ 19-Oct-2019

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਟਰੱਸਟ ਦੇ ਬਾਨੀ ਤੇ ਦੁਬਈ ਦੇ ਨਾਂਮਵਰ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਡਾ.ਐੱਸ ਪੀ.ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰਵਾਉਣ ਦੇ ਮਕਸਦ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਡੇ ਸਹਿਯੋਗ ਸਦਕਾ ਇੱਕ ਵਿਸ਼ੇਸ਼ ਬੱਸ ੨੧ ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਵਾਨਾ ਕੀਤੀ ਜਾਵੇਗੀ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐਸ.ਪੀ.ਸਿੰਘ ਓਬਰਾਏ ਤੇ ਡਾ.ਸਰਬਜਿੰਦਰ ਸਿੰਘ ਪ੍ਰੋਫੈਸਰ ਅਤੇ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਨੇ ਦੱਸਿਆ ਕਿ ਟਰੱਸਟ ਵੱਲੋਂ ੬੨ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਇਸ ਵਿਸ਼ੇਸ਼ ਬੱਸ ਵਿੱਚ ੧੬ ਪੁਰਾਤਨ ਦੁਰਲੱਭ ਹੱਥ ਲਿਖਤ ਸਰੂਪ ਸੁਸ਼ੋਭਿਤ ਕੀਤੇ ਜਾਣਗੇ।ਦੱਸਣਯੋਗ ਹੈ ਕਿ ਇਸ ਬੱਸ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸੁਰੇਸ਼ ਕੁਮਾਰ,ਵਾਈਸ ਚਾਂਸਲਰ ਡਾ. ਬੀ.ਐੱਸ.ਘੁੰਮਣ ਅਦਿ ਡਾ.ਐਸ.ਪੀ.ਸਿੰਘ ਓਬਰਾਏ ਦੀ ਮੌਜੂਦਗੀ 'ਚ ੨੧ ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਸਾਹਮਣਿਓ ਰਵਾਨਾ ਕਰਨਗੇ। ਜਿਸ ਦਾ ਪਹਿਲਾ ਪੜਾਅ ਪਟਿਆਲਾ ਸ਼ਹਿਰ ਹੋਵੇਗਾ ਅਤੇ ਉਪਰੰਤ ਇਹ ਬੱਸ ਨਿਰਧਾਰਤ ਕੀਤੇ ਰੂਟ ਅਨੁਸਾਰ ਪਹਿਲਾਂ ਪਟਿਆਲਾ ਤੋਂ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੋਂ ਹੁੰਦੀ ਹੋਈ  ਸੁਲਤਾਨਪੁਰ ਲੋਧੀ ਵਿਖੇ ਪਹੁੰਚੇਗੀ ਜਦਕਿ ਦੂਜੇ ਪੜਾਅ ਤਹਿਤ ਪੰਜਾਬੀ ਯੂਨੀਵਰਸਿਟੀ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ । ਇਸ ਉਪਰੰਤ ਇਹ ਬੱਸ ਪੰਜਾਬ ਅੰਦਰਲੇ ਤਿੰਨ ਤਖ਼ਤ ਸਾਹਿਬਾਨ ਤੋਂ ਹੁੰਦੀ ਹੋਈ ਪੰਜਾਬ ਤੋਂ ਬਾਹਰ ਵਾਲੇ ਦੋ ਤਖ਼ਤ ਸਾਹਿਬਾਨ ਤੱਕ ਵੀ ਪਹੁੰਚੇਗੀ,ਜਿਸ ਦੌਰਾਨ ਲੱਖਾਂ ਦੀ ਗਿਣਤੀ 'ਚ ਸੰਗਤਾਂ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰ ਸਕਣਗੀਆਂ ।ਇਨ੍ਹਾਂ ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਇਹ ਸਰੂਪ ਸੋਨੇ,ਹੀਰੇ ਅਤੇ ਲਾਲਾਂ ਤੋਂ ਬਣੀ ਸਿਆਹੀ ਨਾਲ ਤਿਆਰ ਕੀਤੇ ਹੋਏ ਹਨ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਵੱਲੋਂ ਡੂੰਘੀ ਖੋਜ ਕਰਨ ਉਪਰੰਤ ਕੁਝ ਨਾਨਕ ਨਾਮ ਲੇਵਾ ਸਿੱਖ ਘਰਾਣਿਆਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਸਾਂਭੇ ਗਏ ਇਨ੍ਹਾਂ ਦੁਰਲੱਭ ਹੱਥ ਲਿਖਤ ਸਰੂਪਾਂ ਨੂੰ ਇਕੱਤਰ ਕੀਤਾ ਗਿਆ ਹੈ ਤਾਂ ਹੀ ਇਹ ਸਰੂਪ ਨਿੱਜੀ ਮਲਕੀਅਤ ਤੋਂ ਕੌਮੀ ਸੰਮਤੀ ਬਣਾਏ ਜਾ ਸਕੇ ਹਨ।ਇਨ੍ਹਾਂ ਹੱਥ ਲਿਖਤ ਦੁਰਲੱਭ ਸਰੂਪਾਂ ਦੇ ਦਰਸ਼ਨ ਆਮ ਲੋਕਾਂ ਤੇ ਸ਼ਰਧਾਲੂਆਂ ਨੂੰ ਕਰਵਾਉਣ ਲਈ ਬੱਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਖੋਜਾਰਥੀ ਪੂਰਨ ਮਰਿਆਦਾ ਨਾਲ ਇਸ ਬੱਸ ਦੀ ਸਾਂਭ ਸੰਭਾਲ ਕਰਨਗੇ ਅਤੇ ਦੁਰਲੱਭ ਸਰੂਪਾਂ ਦੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਵਾਉਣਗੇ। ਉਨਾਂ ਦੱਸਿਆ ਕਿ ਇਸ ਬੱਸ ਤੇ ਲੱਗਾ ਡੀਜ਼ੀਟਲ ਡਿਸਪਲੇਅ ਬੋਰਡ  ਇਨ੍ਹਾਂ ਸਰੂਪਾਂ ਬਾਰੇ ਪੰਜਾਬ 'ਚ ਪੰਜਾਬੀ ਤੇ ਅੰਗਰੇਜ਼ੀ ਵਿੱਚ ਜਦ ਕਿ ਹੋਰਨਾਂ ਸੂਬਿਆਂ ਦੇ ਸਫ਼ਰ ਦੌਰਾਨ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਤੇ ਅੰਗਰੇਜ਼ੀ ਵਿੱਚ ਜਾਣਕਾਰੀ ਦੇਵੇਗਾ ਅਤੇ ਦਰਸ਼ਨਾਂ ਦੌਰਾਨ ਉਚੇਚੇ ਤੌਰ ਤੇ ਤਿਆਰ ਕਰਵਾਈ ਇਹ ਬੱਸ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ।