5 Dariya News

ਡਿਪਟੀ ਚੀਫ਼ ਕੰਟਰੋਲਰ ਆਫ਼ ਐਕਸਪਲੋਸਿਵ ਵੱਲੋਂ ਸੂਲਰ ਘਰਾਟ ਦੇ ਪਟਾਖ਼ਾ ਵਿਕਰੇਤਾ ਦਾ ਲਾਇਸੰਸ ਰੱਦ

ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ਾਂ 'ਤੇ ਐਸ.ਡੀ.ਐਮ ਦਿੜ੍ਹਬਾ ਨੇ ਪਟਾਖ਼ਾ ਗੋਦਾਮ ਕਰਵਾਇਆ ਸੀਲ, ਸੰਗਰੂਰ ਸ਼ਹਿਰ 'ਚ ਪਟਾਖਿਆਂ ਦੀ ਦੁਕਾਨ ਦੀ ਵੀ ਅਚਨਚੇਤ ਕੀਤੀ ਜਾਂਚ

5 Dariya News

ਸੰਗਰੂਰ 19-Oct-2019

ਜ਼ਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪਟਾਖ਼ਿਆਂ ਦੀ ਖਰੀਦ, ਵੇਚ ਅਤੇ ਭੰਡਾਰ ਕਰਨ ਦੀ ਸਮੁੱਚੀ ਪ੍ਰਕਿਰਿਆ 'ਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਮੁੁਹਿੰਮ ਤਹਿਤ ਡਿਪਟੀ ਚੀਫ਼ ਕੰਟਰੋਲਰ ਆਫ਼ ਐਕਸਪਲੋਸਿਵ ਚੰਡੀਗੜ੍ਹ ਵੱਲੋਂ ਸੂਲਰ ਘਰਾਟ ਵਿਖੇ ਸਥਿਤ ਪਟਾਖਿਆਂ ਦੇ ਇੱਕ ਗੋਦਾਮ ਦਾ ਲਾਇਸੰਸ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਜ਼ਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ 'ਤੇ ਐਸ.ਡੀ.ਐਮ ਦਿੜ੍ਹਬਾ ਵੱਲੋਂ ਗਾਂਧੀ ਰਾਮ ਪੁੱਤਰ ਸ਼ਾਮ ਲਾਲ ਵਾਸੀ ਸੂਲਰ ਘਰਾਟ ਦਾ ਪਟਾਖਾ ਗੋਦਾਮ ਸੀਲ ਕਰਵਾ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਬੀਤੀ 18 ਅਕਤੂਬਰ ਨੂੰ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਨੇ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਗਾਂਧੀ ਰਾਮ ਪੁੱਤਰ ਸ਼ਾਮ ਲਾਲ, ਪ੍ਰਦੀਪ ਕੁਮਾਰ ਪੁੱਤਰ ਗਾਂਧੀ ਰਾਮ ਵਾਸੀ ਸੂਲਰ ਘਰਾਟ ਅਤੇ ਬਗੀਰਥ ਰਾਮ ਪੁੱਤਰ ਸ਼ਾਮ ਲਾਲ ਵਾਸੀ ਦੇ ਪਟਾਖਿਆਂ ਸਬੰਧੀ ਲਾਇਸੰਸਾਂ ਸਬੰਧੀ ਡਿਪਟੀ ਚੀਫ਼ ਕੰਟਰੋਲਰ ਆਫ਼ ਐਕਸਪਲੋਸਿਵ ਚੰਡੀਗੜ੍ਹ ਨਾਲ ਤਾਲਮੇਲ ਕਰਦੇ ਹੋਏ ਇਹ ਵੈਰੀਫਾਈ ਕੀਤਾ ਜਾਵੇ ਕਿ ਇਨ੍ਹਾਂ ਦੇ ਲਾਇਸੰਸ ਕੈਂਸਲ ਕੀਤੇ ਗਏ ਹਨ ਜਾਂ ਨਹੀਂ। ਜ਼ਿਲ੍ਹਾ ਮੈਜਿਸਟਰੇਟ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਐਸ.ਡੀ.ਐਮ ਮਨਜੀਤ ਸਿੰਘ ਚੀਮਾ ਵੱਲੋਂ ਡਿਪਟੀ ਚੀਫ਼ ਕੰਟਰੋਲਰ ਆਫ਼ ਐਕਸਪਲੋਸਿਵ ਨਾਲ ਰਾਬਤਾ ਕੀਤਾ ਗਿਆ ਅਤੇ ਗਾਂਧੀ ਰਾਮ ਦੇ ਲਾਇਸੰਸ ਨੂੰ ਰੱਦ ਕਰਨ ਸਬੰਧੀ ਜਾਣਕਾਰੀ ਮਿਲਦਿਆਂ ਹੀ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਤੁਰੰਤ ਕਾਰਵਾਈ ਕਰਦਿਆਂ ਅੱਜ ਗਾਂਧੀ ਰਾਮ ਪੁੱਤਰ ਸ਼ਾਮ ਲਾਲ ਵਾਸੀ ਸੂਲਰ ਘਰਾਟ ਦਾ ਗੋਦਾਮ ਸੀਲ ਕਰਵਾ ਦਿੱਤਾ। ਐਸ.ਡੀ.ਐਮ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਪੁੱਤਰ ਗਾਂਧੀ ਰਾਮ ਅਤੇ ਬਗੀਰਥ ਰਾਮ ਪੁੱਤਰ ਸ਼ਾਮ ਲਾਲ ਦੇ ਪਟਾਖਾ ਲਾਇਸੰਸ ਡਿਪਟੀ ਚੀਫ਼ ਕੰਟਰੋਲਰ ਵੱਲੋਂ ਰੱਦ ਨਹੀਂ ਕੀਤੇ ਗਏ।ਇਸ ਸਬੰਧ ਵਿੱਚ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪਟਾਕਿਆਂ ਦੀ ਖਰੀਦ, ਵੇਚ ਅਤੇ ਭੰਡਾਰ ਲਈ ਜ਼ਿਲ੍ਹੇ ਵਿਚ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਤੇ ਰਿਹਾਇਸ਼ੀ ਇਲਾਕਿਆਂ ਨੇੜੇ ਪਟਾਕਿਆਂ ਦਾ ਭੰਡਾਰ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ 'ਤੇ ਸਾਰੀਆਂ ਸਬ ਡਵੀਜ਼ਨਾਂ ਵਿੱਚ ਪਟਾਖਿਆਂ ਦੇ ਸਟੋਰਾਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ ਅਤੇ ਸੰਘਣੀ ਅਬਾਦੀ ਨੇੜੇ ਸਥਿਤ ਗੋਦਾਮਾਂ ਦੇ ਐਨ.ਓ.ਸੀ, ਲਾਇਸੰਸ ਰੱਦ ਕਰਨ ਅਤੇ ਗੋਦਾਮ ਸੀਲ ਕਰਨ ਸਬੰਧੀ ਵੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਅੱਜ ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ਾਂ 'ਤੇ ਮਾਰਕਿਟ ਕਮੇਟੀ ਸੰਗਰੂਰ 'ਚ ਸਥਿਤ ਪਟਾਖਿਆਂ ਦੀ ਦੁਕਾਨ 'ਤੇ ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ ਮਿੱਤਲ ਵੱਲੋਂ ਟੀਮ ਸਮੇਤ ਅਚਨਚੇਤ ਜਾਂਚ ਕੀਤੀ ਗਈ। ਇਸ ਸਬੰਧੀ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਦੁਕਾਨ ਦੀ ਜਾਂਚ ਦੌਰਾਨ ਕਿਸੇ ਵੀ ਕਿਸਮ ਦੇ ਪਟਾਖੇ ਬਰਾਮਦ ਨਹੀਂ ਹੋਏ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ 'ਚ ਪੂਰੀ ਚੌਕਸੀ ਵਰਤੀ ਜਾ ਰਹੀ ਹੈ।