5 Dariya News

ਲੋਕਾਂ ਨੂੰ ਯਾਦਗਾਰੀ ਤਮਗੇ ਮੁਹੱਈਆ ਕਰਾਉਣ ਲਈ ਪੀ.ਐਸ.ਆਈ.ਈ.ਸੀ ਤੇ ਇੰਡੀਆ ਪੋਸਟ ਇੱਕਜੁੱਟ

5 Dariya News

ਚੰਡੀਗੜ੍ਹ 18-Oct-2019

“ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ) ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਸ਼ ਪੁਰਬ ਸਬੰਧੀ ਯਾਦਗਾਰੀ ਤਮਗੇ ਬਣਵਾ ਕੇ ਇਨ੍ਹਾਂ ਨੂੰ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੀ.ਐਸ.ਆਈ.ਈ.ਸੀ ਇੰਡੀਆ ਪੋਸਟ ਨਾਲ ਇੱਕਜੁੱਟ ਹੋ ਕੇ ਉਨ੍ਹਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।” ਅੱਜ ਇੱਥੇ ਇਹ ਜਾਣਕਾਰੀ ਪੀ.ਐਸ.ਆਈ.ਈ.ਸੀ ਦੇ ਐਮ.ਡੀ. ਸ੍ਰੀ ਸਿਬਿਨ ਸੀ ਨੇ ਦਿੱਤੀ। ਉਨ੍ਹ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਤਮਗਿਆਂ ਨੂੰ ਅਧਿਕਾਰਿਤ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ 26 ਜੂਨ, 2019 ਨੂੰ ਲਾਂਚ ਕੀਤਾ ਗਿਆ ਸੀ।ਇਸ ਮੌਕੇ ਇੰਡੀਆ ਪੋਸਟ, ਪੰਜਾਬ ਸਰਕਲ, ਚੰਡੀਗੜ੍ਹ ਦੇ ਚੀਫ ਪੋਸਟ ਮਾਸਟਰ ਜਨਰਲ ਸ੍ਰੀ ਅਨਿਲ ਕੁਮਾਰ ਨੂੰ ਜੀ ਆਇਆਂ ਕਹਿੰਦੇ ਹੋਏ ਸ੍ਰੀ ਸਿਬਿਨ ਸੀ ਨੇ ਦੱਸਿਆ ਕਿ ਇਨ੍ਹਾਂ ਯਾਦਗਾਰੀ ਤਮਗਿਆਂ ਨੂੰ 999 ਸ਼ੁੱਧਤਾ ਮਾਪਦੰਡਾਂ ਸਬੰਧੀ ਐਮ.ਐਮ.ਟੀ.ਸੀ. ਵਲੋਂ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਇਹ ਸ਼ਾਨਦਾਰ ਪੈਕਿੰਗ ਵਿੱਚ 24 ਕਰਾਟ ਸੋਨਾ (5 ਤੇ 10 ਗ੍ਰਾਮ ) ਅਤੇ 50 ਗ੍ਰਾਮ ਸ਼ੁੱਧ ਚਾਂਦੀ ਦੇ ਰੂਪ ਵਿੱਚ ਉਪਲਬਧ ਹਨ। ਸ੍ਰੀ ਸਿਬਿਨ ਸੀ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਤਮਗਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਐਮਾਜ਼ੌਨ ਅਤੇ ਹੋਰ ਈ-ਕਾਮਰਸ ਸਾਈਟਾਂ ਦੀ ਮਦਦ ਵੀ ਲਈ ਜਾਵੇਗੀ।ਇਥੇ ਇਹ ਵੀ ਦੱਸਣਯੋਗ ਹੈ ਕਿ 10 ਗ੍ਰਾਮ ਸੋਨੇ (999 ਸ਼ੁੱਧਤਾ) ਦੇ ਤਮਗੇ ਦੀ ਕੀਮਤ 45000 ਰੁਪਏ , 5 ਗ੍ਰਾਮ ਸੋਨੇ (999 ਸ਼ੁੱਧਤਾ) ਦੇ ਤਮਗੇ ਦੀ ਕੀਮਤ 22,500 ਰੁਪਏ ਅਤੇ 50 ਗ੍ਰਾਮ ਚਾਂਦੀ (999 ਸ਼ੁੱਧਤਾ) ਦੇ ਤਮਗੇ ਦੀ ਕੀਮਤ 33,00 ਰੁਪਏ ਹੈ । ਇਨ੍ਹਾਂ ਨੂੰ ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਨਵੀਂ ਦਿੱਲੀ ਅਤੇ ਕੋਲਕਾਤਾ ਵਿਖੇ ਪੀ.ਐਸ.ਆਈ.ਈ.ਸੀ ਦੇ 'ਫੁਲਕਾਰੀ' ਸ਼ੋਅਰੂਮਾਂ ਰਾਹੀਂ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ ਨੂੰ ਇੰਡੀਆ ਪੋਸਟ ,ਪੰਜਾਬ ਸਰਕਲ, ਚੰਡੀਗੜ੍ਹ ਦੇ 22 ਚੋਣਵੇਂ ਸਥਾਨਾਂ ਰਾਹੀਂ  ਵੀ ਪੂਰੇ ਪੰਜਾਬ ਵਿੱਚ ਲੋਕਾਂ ਤੱਕ ਪਹੁੰਚਾਇਆ ਜਾਵੇਗਾ।ਇਸ ਮੌਕੇ ਚੀਫ ਪੋਸਟ ਮਾਸਟਰ ਜਨਰਲ, ਇੰਡੀਆ ਪੋਸਟ ਨੇ ਦੱਸਿਆ ਕਿ ਇਨ੍ਹਾਂ ਤਮਗਿਆਂ ਨੂੰ ਪੰਜਾਬ ਵਿੱਚ ਸਥਿਤ 3800 ਡਾਕਖਾਨਿਆਂ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ ਅਤੇ ਪੂਰੇ ਦੇਸ਼ ਵਿੱਚ ਵੀ ਬੁਕਿੰਗ ਅਤੇ ਈ-ਕਾਮਰਸ ਸਾਧਨ ਰਾਹੀਂ ਇਨ੍ਹਾਂ ਨੂੰ ਆਮ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਨਵੀਂ ਦਿੱਲੀ, ਮੁੰਬਈ , ਪਟਨਾ ਅਤੇ ਸ੍ਰੀ ਹਜ਼ੂਰ ਸਾਹਿਬ ਜਿੱਥੇ ਕਿ ਸਿੱਖ ਭਾਈਚਾਰੇ ਦੀ ਵੱਡੀ ਵਸੋਂ ਹੈ , ਵਿਖੇ ਵੀ ਇਨ੍ਹਾਂ ਤਮਗਿਆਂ ਨੂੰ ਆਮ ਲੋਕਾਂ ਤੱਕ  ਪਹੁੰਚਾਉਣ ਦੇ ਉਪਰਾਲੇ ਕੀਤੇ ਜਾਣਗੇ।