5 Dariya News

ਦਿੱਲੀ ਵਿਚ ਹੁੰਦੇ ਪ੍ਰਦੂਸ਼ਣ ਨਾਲ ਪੰਜਾਬ ਦੀ ਪਰਾਲੀ ਦਾ ਕੋਈ ਸਬੰਧੀ ਨਹੀਂ-ਡਾ: ਐਸ:ਐਸ:ਮਰਵਾਹਾ

ਅਧਿਆਪਕ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਨ-ਡਿਪਟੀ ਕਮਿਸ਼ਨਰ

5 Dariya News

ਅੰਮ੍ਰਿਤਸਰ 18-Oct-2019

ਡਾ: ਐਸ:ਐਸ:ਮਰਵਾਹਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਸਬੰਧੀ ਸਥਿਤੀ ਸਪੱਸ਼ਟ ਕਰਦੇ ਦੱਸਿਆ ਕਿ ਪੰਜਾਬ ਦੀ ਪਰਾਲੀ ਨਾਲ ਦਿੱਲੀ ਵਿਚ ਹੁੰਦੇ ਪ੍ਰਦੂਸ਼ਣ ਦਾ ਕੋਈ ਸਬੰਧ ਨਹੀਂ ਹੈ ਅਤੇ ਸਾਡੇ ਕੁਝ ਕਿਸਾਨਾਂ ਵੱਲੋਂ ਸਾੜੀ ਜਾਂਦੀ ਪਰਾਲੀ ਦਾ 10 ਫੀਸਦੀ ਹਿੱਸਾ ਹੀ ਦਿੱਲੀ ਪਹੁੰਚਦਾ ਹੈ। ਅੱਜ ਭਵਨ ਐਸ ਐਲ ਸਕੂਲ ਵਿਖੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬੋਰੀ (ਜੂਟ) ਦੇ ਬੈਗ ਵੰਡਣ ਅਤੇ ਸ਼ਹਿਰ ਨੂੰ ਪਲਾਸਟਿਕ ਤੋਂ ਮੁਕਤ ਕਰਨ ਲਈ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਡਾ: ਮਰਵਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਣ ਤੋਂ ਰੋਕਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਦਿਨ ਰਾਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਜਾਗਰੂਕ ਕਰ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਜਿੱਥੇ ਵੀ ਪਰਾਲੀ ਸਾੜਨ ਦੀ ਸ਼ਿਕਾਇਤ ਮਿਲਦੀ ਹੈ, ਉਥੇ ਪਹੁੰਚ ਕੇ ਕਿਸਾਨਾਂ ਨੂੰ ਜੁਰਮਾਨਾ ਕਰ ਰਹੀਆਂ ਹਨ। ਸਰਕਾਰ ਦੀਆਂ ਇੰਨਾਂ ਕੋਸ਼ਿਸ਼ਾਂ ਨਾਲ ਸਥਿਤੀ ਅੱਗੇ ਨਾਲੋਂ ਬਹੁਤ ਸੁਧਰੀ ਹੈ ਅਤੇ ਅਸੀਂ ਆਉਣ ਵਾਲੇ ਦਿਨਾਂ ਵਿਚ ਇਸ ਵਿਚ ਹੋਰ ਸੁਧਾਰ ਕਰ ਰਹੇ ਹਾਂ। ਉਨ੍ਹਾਂ ਪੰਜਾਬ ਦੀ ਪਰਾਲੀ ਦੇ ਧੂੰਏ ਨਾਲ ਦਿੱਲੀ ਵਿਚ ਹੁੰਦੇ ਪ੍ਰਦੂਸ਼ਣ ਦੀਆਂ ਆ ਰਹੀਆਂ ਖ਼ਬਰਾਂ ਨੂੰ ਰੱਦ ਕਰਦੇ ਕਿਹਾ ਕਿ ਪੰਜਾਬ ਤੋਂ ਹਵਾ ਦਾ ਰੁਖ ਜਿਆਦਾਤਰ ਰਾਜਸਥਾਨ ਦਿਸ਼ਾ ਵੱਲ ਹੁੰਦਾ ਹੈ ਅਤੇ ਰਾਜਸਥਾਨ ਨੂੰ ਅਜੇ ਤੱਕ ਕਦੇ ਕੋਈ ਸਮੱਸਿਆ ਨਹੀਂ ਆਈ ਤੇ ਨਾ ਹੀ ਉਨਾਂ ਸਾਨੂੰ ਕਦੇ ਇਸ ਬਾਬਤ ਕੋਈ ਸ਼ਿਕਾਇਤ ਹੀ ਕੀਤੀ ਹੈ। ਡਾ: ਮਰਵਾਹਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਬਹੁਤ ਜਾਗਰੂਕ ਹੋ ਰਿਹਾ ਹੈ ਅਤੇ ਉਹ ਪਰਾਲੀ ਨੂੰ ਸਾੜਣ ਤੋਂ ਗੁਰੇਜ ਕਰ ਰਿਹਾ ਹੈ। ਇਸ ਤੋਂ ਇਲਾਵਾ ਪਰਾਲੀ ਨੂੰ ਸਾੜਣ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਸਤੇ ਰੇਟਾਂ ਉਤੇ ਸੰਦ ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਕਿਸਾਨ ਹੁਣ ਪਰਾਲੀ ਨੂੰ ਸਾੜਨ ਨਾਲੋਂ ਖੇਤਾਂ ਵਿਚ ਮਿਲਾਉਣ ਨੂੰ ਤਰਜੀਹ ਦੇਣ ਲੱਗ ਪਿਆ ਹੈ।ਇਸ ਮੌਕੇ ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਡਾ: ਮਰਵਾਹਾ ਨੇ ਕਿਹਾ ਕਿ ਉਹ ਇਕ ਵਾਰ ਵਰਤੋਂ ਵਿੱਚ ਆਉਣ ਵਾਲਾ ਪਲਾਸਟਿਕ ਵਾਲੇ ਸਮਾਨ ਤੋਂ ਗੁਰੇਜ ਕਰਨ। 

ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਲੱਗਭੱਗ 3500 ਘਰਾਂ ਵਿੱਚ ਜੂਟ ਤੋਂ ਤਿਆਰ ਕੀਤੇ ਥੈਲੇ ਵੰਡੇ ਗਏ ਹਨ ਅਤੇ ਲੱਗਭੱਗ 550 ਦੁਕਾਨਾਂ ਤੋਂ ਪਲਾਸਟਿਕ ਦੇ ਲਿਫਾਫਿਆਂ ਨੂੰ ਲੈ ਕੇ ਕੰਪੋਜਿਟ ਬੈਗ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਪਲਾਸਟਿਕ ਦੇ ਬਣੇ ਸਮਾਨ ਤੋਂ ਪ੍ਰਹੇਜ ਕਰਨਾ ਹੈ। ਡਾ: ਮਰਵਾਹਾ ਨੇ ਦੱਸਿਆ ਕਿ ਦੇਸ਼ ਵਿਦੇਸ਼ਾਂ ਤੋਂ ਲੱਖਾਂ ਸੰਗਤਾਂ ਇਥੇ  ਪੁੱਜ ਰਹੀਆਂ ਹਨ ਅਤੇ ਦੁਨੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੰਦੇਸ਼ ਦੇਣ ਦਾ ਬਹੁਤ ਹੀ ਵਧੀਆ ਪਲੇਟਫਾਰਮ ਹੈ। ਇਸ ਮੌਕੇ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਹੀ ਵਿਦਿਆਰਥੀਆਂ ਨੂੰ ਪਲਾਸਟਿਕ ਨਾ ਵਰਤਣ ਬਾਰੇ ਪ੍ਰੇਰਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਬੱਚਿਆਂ ਨੂੰ ਜਾਗਰੂਕ ਕਰਨ ਕਿ ਉਹ ਆਪਣਾ ਖਾਣਾ ਪਲਾਸਟਿਕ ਦੇ ਲਿਫਾਫਿਆਂ ਵਿੱਚ ਬਿਲਕੁਲ ਨਾ ਲਿਆਉਣ ਅਤੇ ਇਹ ਸੰਦੇਸ਼ ਆਪਣੇ ਘਰਾਂ ਵਿਚ ਸਾਂਝਾ ਕਰਨ। ਸ੍ਰ ਢਿਲੋਂ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਇਸ ਮੁਹਿੰਮ ਦੇ ਅੰਬੈਸਡਰ ਹੋ ਅਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਮਾਤਾ ਪਿਤਾ, ਰਿਸ਼ਤੇਦਾਰ ਅਤੇ ਆਂਢ-ਗੁਆਂਢ ਨੂੰ ਇਕ ਵਾਰ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰੋ।ਇਸ ਮੌਕੇ ਡਾ: ਮਰਵਾਹਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 100-100 ਜੂਟ ਦੇ ਬੈਗ ਵੰਡੇ ਗਏ ਅਤੇ ਕਿਹਾ  ਕਿ ਇਨ੍ਹਾਂ ਬੈਗਾਂ ਨੂੰ ਆਪੋ-ਆਪਣੇ ਸਕੂਲੀ ਬੱਚਿਆਂ ਵਿੱਚ ਵੰਡਿਆ ਜਾਵੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਉਥੇ ਹਾਜ਼ਰ ਸਕੂਲੀ ਬੱਚਿਆਂ ਨੂੰ ਵੀ ਬੈਗਾਂ ਦੀ ਵੰਡ ਕੀਤੀ ਗਈ। ਇਹ ਬੈਗ ਪੰਜਾਬ ਰਾਇਸ ਮਿਲਰਜ਼ ਅਤੇ ਐਕਸਪੋਰਟ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਸਨ।ਇਸ ਮੌਕੇ ਪੰਜਾਬ ਰਾਇਸ ਮਿਲਰਜ਼ ਅਤੇ ਐਕਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਸ਼ੋਕ ਸੇਠੀ, ਇੰਜ: ਜੀ:ਐਸ ਮਜੀਠਾ, ਡਾ: ਅਨੀਤਾ ਭੱਲਾ, ਸ੍ਰੀ ਅਵਿਨਾਸ਼ ਮਹਿੰਦਰੂ, ਸ੍ਰੀਮਤੀ ਨੀਰਾ ਸ਼ਰਮਾ, ਸ੍ਰ ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਵੀ ਹਾਜਰ ਸਨ।