5 Dariya News

ਪਰਾਲੀ ਨਾ ਫੂਕਣ ਦੇ ਹੋਕੇ ਨਾਲ ਸਕੂਲਾਂ ਵਿੱਚ ਰੈਲੀਆਂ ਕੱਢੀਆਂ

5 Dariya News

ਮਾਜਰੀ 18-Oct-2019

ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਸਿਆਲਬਾ, ਪੈਂਤਪੁਰ, ਭਜੋਲੀ, ਸੈਣੀ ਮਾਜਰਾ, ਕਾਲੇਵਾਲ, ਸਿੰਘਪੁਰਾ, ਗੋਸਲਾਂ, ਫਤਿਹਪੁਰ, ਨਗਲ ਸਿੰਘਾ ਅਤੇ ਝਿੰਗੜਾਂ ਦੇ ਸਕੂਲਾਂ ਵਿੱਚ ਅੱਜ ਰੈਲੀਆਂ ਕੱਢੀਆਂ ਗਈਆਂ ਅਤੇ ਸਕੂਲੀ ਬੱਚਿਆਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਨਾ ਸਾੜਨ ਦੇ ਲਾਭ ਬਾਰੇ ਦੱਸਿਆ ਗਿਆ।ਇਸ ਮੌਕੇ ਖੇਤੀਬਾੜੀ ਅਫਸਰ ਗੁਰਬਚਨ ਸਿੰਘ ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਸਬਸਿਡੀ ’ਤੇ ਮਸ਼ੀਨਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਉਨਾਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਨ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਾਏ ਜਾ ਰਹੇ ਹਨ। ਸਕੂਲਾਂ ਵਿੱਚ ਪਰਾਲੀ ਨਾ ਸਾੜਨ ਬਾਰੇ ਵਿਦਿਆਰਥੀਆਂ ਦੇ ਸਲੋਗਨ ਤੇ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਜ਼ਮੀਨ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੈ, ਉਥੇ ਪਰਾਲੀ ਦੇ ਧੂੰਏ ਨਾਲ ਵਾਤਾਵਰਣ ਪਲੀਤ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਣਗੇ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਤਾਂ ਕਿ ਉਹ ਚੰਗਾ ਸੁਨੇਹਾ ਲੈ ਕੇ ਜਾਣ। ਇਸ ਲਈ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪੇਂਡੂ ਇਲਾਕਿਆਂ ਵਿੱਚ ਪੈਂਦੇ ਸਮੂਹ ਪ੍ਰਾਇਮਰੀ, ਮਿਡਲ ਤੇ ਹਾਇਰ ਸੈਕੰਡਰੀ ਸਕੂਲਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਖ਼ਿਲਾਫ਼ ਕਿਸਾਨਾਂ ਨੂੰ ਜਾਗਰੂਕ ਕਾਰਨ ਲਈ ਰੈਲੀ/ਮਾਰਚ ਕੀਤੇ ਜਾਣ।ਇਸ ਮੌਕੇ ਵਿਭਾਗ ਦੇ ਮੁਲਾਜ਼ਮ ਅਮਰਜੀਤ ਸਿੰਘ, ਜਸਵਿੰਦਰ ਸਿੰਘ ਏ.ਡੀ.ਓ., ਸੁਖਦੇਵ ਸਿੰਘ, ਕੁਲਦੀਪ ਸਿੰਘ ਅਤੇ ਸੋਨੀਆ ਖੇਤੀਬਾੜੀ ਉਪ ਨਿਰੀਖਕ, ਗੁਰਪ੍ਰੀਤ ਸਿੰਘ ਬੀ.ਟੀ.ਐੱਮ., ਜਸਵੰਤ ਸਿੰਘ, ਸ਼ਵਿੰਦਰ ਕੁਮਾਰ ਅਤੇ ਸਿਮਰਨਜੀਤ ਕੌਰ ਏ.ਟੀ.ਐਮ ਨੇ ਰੈਲੀਆਂ ਵਿੱਚ ਭਾਗ ਲਿਆ।