5 Dariya News

ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਵੈਨ ਰਵਾਨਾ

5 Dariya News

ਫਿਰੋਜ਼ਪੁਰ 18-Oct-2019

ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਹਰੀ ਨਰਾਇਣ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਨਿਰੰਤਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਟੇਟ ਹੈੱਡਕੁਆਟਰ ਵੱਲੋਂ ਬਜ਼ੁਰਗਾਂ ਦੀ ਸਿਹਤ ਸੰਭਾਲ ਬਾਰੇ ਭੇਜੀ ਇੱਕ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ।ਇਸ ਮੌਕੇ ਸਿਵਲ ਸਰਜਨ ਡਾ. ਹਰੀ ਨਰਾਇਣ ਨੇ ਦੱਸਿਆ ਕਿ ਉਮਰ ਵਧਣ ਦੇ ਨਾਲ ਵਿਅਕਤੀ ਦੇ ਸਰੀਰਕ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਜਿਸ ਕਾਰਨ ਬਜ਼ੁਰਗ ਵਿਅਕਤੀ ਕਈ ਪ੍ਰਕਾਰ ਦੇ ਰੋਗਾਂ ਅਤੇ ਅਸ਼ੰਕਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਅਵੱਸਥਾ ਵਿੱਚ ਬਜ਼ੁਰਗਾਂ ਨੂੰ ਵਿਸ਼ੇਸ਼ ਸਿਹਤ ਸੰਭਾਲ ਅਤੇ ਹਮਦਰਦੀ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਉਨ੍ਹਾਂ ਨੂੰ ਪਿਆਰ ਤੇ ਦੇਖਭਾਲ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਮਾਣ ਨਾਲ ਬਿਤਾ ਸਕਣ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਹਸਪਤਾਲਾਂ ਵਿਖੇ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬਜ਼ੁਰਗਾਂ ਲਈ ਪਰਚੀ ਵਾਸਤੇ ਵੱਖਰੀ ਕਤਾਰ, ਮੁਫ਼ਤ ਓ.ਪੀ.ਡੀ, ਲੈਬ ਟੈੱਸਟ, ਈ.ਸੀ.ਜੀ, ਐਕਸਰੇ, ਫਿਜੀਓਥੈਰੇਪੀ ਅਤੇ ਦਵਾਈਆਂ ਉਪਲੱਬਧ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਬਜ਼ੁਰਗਾਂ ਲਈ ਵਾਰਡਾਂ ਵਿੱਚ ਰਾਖਵੇਂ ਬੈੱਡ ਅਤੇ ਸਾਰੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਂਦੀਆਂ ਹਨ।ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ: ਅਨੀਤਾ ਰਾਣੀ, ਜ਼ਿਲ੍ਹਾ ਐਪੀਡੀਮਾਲੋਜਿਸਟ ਡਾ:ਮੀਨਾਕਸ਼ੀ ਧੀਂਗੜਾ, ਪ੍ਰੋਗਰਾਮ ਅਫਸਰ ਡਾ:ਸੋਨੀਆ, ਸ੍ਰੀ. ਵਿਕਾਸ ਕਾਲੜਾ ਆਦਿ ਵੀ ਹਾਜ਼ਰ ਸਨ।