5 Dariya News

ਆਯੂਸ਼ ਵਿਭਾਗ ਵਿੱਚ ਡਾਕਟਰਾਂ ਦੀ ਸੇਵਾ ਮੁਕਤੀ ਉਮਰ 58 ਤੋਂ 65 ਸਾਲ ਕੀਤੀ ਜਾਵੇਗੀ : ਬਲਬੀਰ ਸਿੰਘ ਸਿੱਧੂ

ਸਿਹਤ ਮੰਤਰੀ ਨੇ ਤਿੰਨ ਦਿਨਾਂ ਰਾਜ ਪੱਧਰੀ ਆਰੋਗਿਆ ਮੇਲੇ ਦਾ ਕੀਤਾ ਉਦਘਾਟਨ, ਰਵਾਇਤੀ ਇਲਾਜ ਪ੍ਰਣਾਲੀਆਂ ਦੀ ਅਹਿਮੀਅਤ ਉਤੇ ਦਿੱਤਾ ਜ਼ੋਰ

5 Dariya News

ਐਸ.ਏ.ਐਸ. ਨਗਰ 18-Oct-2019

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਆਯੂਸ਼ ਵਿਭਾਗ ਵਿੱਚ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ 58 ਤੋਂ ਵਧਾ ਕੇ 65 ਸਾਲ ਕਰਨ ਉਤੇ ਸਰਕਾਰ ਵਿਚਾਰ ਕਰੇਗੀ।ਆਯੂਸ਼ ਵਿਭਾਗ, ਪੰਜਾਬ ਵੱਲੋਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਸਾਹਮਣੇ ਪੁੱਡਾ ਭਵਨ ਮੈਦਾਨ, ਫ਼ੇਜ਼-8 ਵਿੱਚ ਕਰਵਾਏ ਜਾ ਰਹੇ ਰਾਜ ਪੱਧਰੀ ਆਰੋਗਿਆ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਪੰਜਾਬ ਸਰਕਾਰ ਦੇ ਦੋ ਤਰਜੀਹੀ ਖੇਤਰ ਹਨ, ਜਿਨ੍ਹਾਂ ਦੀ ਬਿਹਤਰੀ ਲਈ ਸਰਕਾਰ ਦਿਨ ਰਾਤ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਹੋ ਰਹੇ ਅਜਿਹੇ ਪ੍ਰੋਗਰਾਮ ਲੋਕਾਈ ਨੂੰ ਨਰੋਈ ਜੀਵਨ ਜਾਚ ਸਿਖਾਉਂਦੇ ਹਨ।ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਮਿਆਰੀ ਬਣਾਉਣ ਲਈ ਸਿਹਤ ਵਿਭਾਗ ਵਿਚਲੀਆਂ ਸਾਰੀਆਂ ਖਾਲੀ ਆਸਾਮੀਆਂ ਭਰੀਆਂ ਜਾ ਰਹੀਆਂ ਹਨ। ਡਾਕਟਰਾਂ ਦੀਆਂ ਬਹੁਤੀਆਂ ਖਾਲੀ ਆਸਾਮੀਆਂ ਭਰੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ 58 ਤੋਂ 65 ਸਾਲ ਕਰਨ ਦੀ ਸਕੀਮ ਆਯੂਸ਼ ਵਿਭਾਗ ਵਿੱਚ ਵੀ ਲਾਗੂ ਹੋਵੇਗੀ ਤਾਂ ਕਿ ਲੋਕਾਂ ਨੂੰ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ।ਆਰੋਗਿਆ ਮੇਲੇ ਦੇ ਮੰਤਵ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਆਯੂਰਵੈਦ, ਹੋਮਿਓਪੈਥੀ ਤੇ ਯੂਨਾਨੀ ਇਲਾਜ ਪੱਧਤੀਆਂ ਸਾਡੀਆਂ ਰਵਾਇਤੀ ਹਨ, ਜਿਨ੍ਹਾਂ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਜੜ੍ਹੀਆਂ ਬੂਟੀਆਂ ਰਾਹੀਂ ਕਈ ਅਜਿਹੇ ਰੋਗਾਂ ਦਾ ਇਲਾਜ ਸੰਭਵ ਹੈ, ਜੋ ਐਲੋਪੈਥੀ ਵਿੱਚ ਵੀ ਨਹੀਂ ਹੈ। ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ 35 ਲੱਖ ਕਾਰਡ ਬਣ ਚੁੱਕੇ ਹਨ ਅਤੇ ਤਕਰੀਬਨ 22 ਹਜ਼ਾਰ ਮਰੀਜ਼ ਹੁਣ ਤੱਕ ਆਪਣਾ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਵਰਗੇ ਵਿਕਾਸਸ਼ੀਲ ਮੁਲਕਾਂ ਦੀ ਤਰਜ਼ ਉਤੇ ਸ਼ੁਰੂ ਕੀਤੀ ਗਈ ਇਹ ਸਕੀਮ ਮੀਲ ਦਾ ਪੱਥਰ ਸਾਬਤ ਹੋ ਰਹੀ ਹੈ, ਜੋ ਲੋੜਵੰਦਾਂ ਨੂੰ ਵਿਸ਼ਵ ਪੱਧਰ ਦਾ ਇਲਾਜ ਮੁਹੱਈਆ ਕਰ ਰਹੀ ਹੈ।

ਉਦਘਾਟਨੀ ਸੈਸ਼ਨ ਦੌਰਾਨ ਆਯੂਸ਼ ਕਮਿਸ਼ਨਰ ਪੰਜਾਬ ਸ. ਮਨਵੇਸ਼ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ 569 ਆਯੁਰਵੈਦਿਕ ਡਿਸਪੈਂਸਰੀਆਂ, 99 ਹੋਮਿਓਪੈਥਿਕ ਡਿਸਪੈਂਸਰੀਆਂ ਅਤੇ 33 ਯੂਨਾਨੀ ਡਿਸਪੈਂਸਰੀਆਂ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤਯਾਬ ਕਰਨ ਵਿੱਚ ਇਨ੍ਹਾਂ ਇਲਾਜ ਪ੍ਰਣਾਲੀਆਂ ਤੇ ਆਯੂਸ਼ ਵਿਭਾਗ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਵੀ ਸੰਬੋਧਨ ਕੀਤਾ।ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਤਿੰਨ ਦਿਨ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਸਰਕਾਰੀ ਵਿਭਾਗਾਂ ਤੇ ਕੰਪਨੀਆਂ ਵੱਲੋਂ ਲਾਈਆਂ ਸਾਰੀਆਂ ਸਟਾਲਾਂ ਦੇਖੀਆਂ ਅਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਪ੍ਰਿੰਸੀਪਲ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸ੍ਰੀ ਅਨੁਰਾਗ ਅਗਰਵਾਲ, ਡਾਇਰੈਕਟਰ ਆਯੂਸ਼ ਰਾਕੇਸ਼ ਸ਼ਰਮਾ, ਵਾਈਸ ਚਾਂਸਲਰ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਬੀ.ਕੇ. ਕੌਸ਼ਿਕ, ਰਜਿਸਟਰਾਰ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਗੋਇਲ, ਜੁਆਇੰਟ ਡਾਇਰੈਕਟਰ ਆਯੁਰਵੈਦਾ ਡਾ. ਬਖ਼ਸ਼ੀਸ਼ ਸਿੰਘ, ਜੁਆਇੰਟ ਡਾਇਰੈਕਟਰ ਹੋਮਿਓਪੈਥੀ ਵਿਭਾਗ ਪੰਜਾਬ ਡਾ. ਲੱਕੀ ਵਰਮਾ, ਸਕੱਤਰ ਲੀਗਲ ਸੈੱਲ ਪੰਜਾਬ ਗੁਰਦੀਪ ਸਿੰਘ, ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਮੁਹਾਲੀ ਡਾ. ਚੰਦਨ ਕੁਮਾਰ ਕੌਸ਼ਲ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ, ਵਾਈਸ ਚੇਅਰਮੈਨ ਪੰਜਾਬ ਕਿਸਾਨ ਸੈੱਲ ਜੀ.ਐਸ. ਰਿਆੜ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਸ੍ਰੀਮਤੀ ਜਸਵਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠੇਕੇਦਾਰ ਮੋਹਨ ਸਿੰਘ ਬਠਲਾਣਾ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਗੁਰਚਰਨ ਸਿੰਘ ਭੰਵਰਾ, ਬਲਾਕ ਸਮਿਤੀ ਮੈਂਬਰ ਰਾਜਿੰਦਰ ਸਿੰਘ ਰਾਏਪੁਰ ਕਲਾਂ, ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਨਰਾਇਣ ਸਿੰਘ ਸਿੱਧੂ, ਨਛੱਤਰ ਸਿੰਘ, ਗੁਰਸਾਹਿਬ ਸਿੰਘ, ਜਸਵੀਰ ਸਿੰਘ ਮਣਕੂ, ਸੁਰਿੰਦਰ ਸਿੰਘ ਰਾਜਪੂਤ ਅਤੇ ਤਰਨਜੀਤ ਕੌਰ ਗਿੱਲ, ਕਾਂਗਰਸੀ ਆਗੂ ਨਿਰਮਲ ਕੌਸ਼ਲ ਤੇ ਜਤਿੰਦਰ ਆਨੰਦ ਹਾਜ਼ਰ ਸਨ।