ਚਿਤਕਾਰਾ ਯੂਨੀਵਰਸਿਟੀ ਨੇ ਦਲਾਈਲਾਮਾ ਨੂੰ ਡੀ ਲਿੱਟ ਦੀ ਉਪਾਧੀ ਨਾਲ ਕੀਤਾ ਸਨਮਾਨਿਤ
ਗਿਆਰਵੇਂ ਗਲੋਬਲ ਸਪਤਾਹ ਵਿੱਚ 22 ਦੇਸ਼ਾਂ ਦੀਆਂ 39 ਯੂਨੀਵਰਸਿਟੀਆਂ ਦੇ 55 ਡੈਲੀਗੇਟਾਂ ਨੇ ਲਿਆ ਭਾਗ
5 Dariya News
ਬਨੂੜ 14-Oct-2019
ਇੱਥੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਤੇ ਸਥਿਤ ਚਿਤਕਾਰਾ ਯੂਨੀਵਰਸਿਟੀ ਵੱਲੋਂ ਤਿੱਬਤੀ ਆਗੂ ਦਲਾਈਲਾਮਾ ਨੂੰ ਡੀ ਲਿੱਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਮਾਨਵਤਾ ਦੀ ਭਲਾਈ, ਵਿਸ਼ਵ ਸਾਂਤੀ ਅਤੇ ਸਿੱਖਿਆ ਵਿੱਚ ਪਾਏ ਯੋਗਦਾਨ ਅਤੇ ਅਧਿਆਤਮਕ ਮਾਰਗ ਦਰਸ਼ਨ ਲਈ ਕੀਤੇ ਕਾਰਜਾਂ ਬਦਲੇ ਸਨਮਾਨਿਆ ਗਿਆ। ਯੂਨੀਵਰਸਿਟੀ ਵੱਲੋਂ 14ਵੇਂ ਦਲਾਈਲਾਮਾ ਨੂੰ ਆਨਰੇਰੀ ਡਾਕਟੋਰੇਟ ਆਫ਼ ਲਿਟਰੇਚਰ ਦੀ ਉਪਾਧੀ ਨਾਲ ਸਨਮਾਨਿਤ ਕਰਨ ਦੀ ਰਸਮ ਯੂਨੀਵਰਸਿਟੀ ਦੀ ਉੱਪ ਕੁਲਪਤੀ ਡਾ ਮਧੂ ਚਿਤਕਾਰਾ ਨੇ ਨਿਭਾਈ। ਸ੍ਰੀ ਦਲਾਈਲਾਮਾ ਅੱਜ ਇੱਥੇ ਯੂਨੀਵਰਸਿਟੀ ਵੱਲੋਂ ਮਨਾਏ ਜਾ ਰਹੇ 11ਵੇਂ ਗਲੋਬਲ ਸਪਤਾਹ ਸਮਾਰੋਹ ਮੌਕੇ ਯੂਨੀਵਰਸਿਟੀ ਦੇ ਸੱਦੇ ਉੱਤੇ ਇੱਥੇ ਪੁੱਜੇ ਸਨ। ਇਸ ਸਮਾਰੋਹ ਵਿੱਚ 22 ਦੇਸ਼ਾਂ ਦੀਆਂ 39 ਯੂਨੀਵਰਸਿਟੀਆਂ ਦੇ 55 ਡੈਲੀਗੇਟ ਭਾਗ ਲੈ ਰਹੇ ਹਨ।ਇਸ ਮੌਕੇ ਸਿੱਖਿਆ ਵਿੱਚ ਸਰਵ ਵਿਆਪਕ ਨੈਤਿਕਤਾ ਦੀ ਲੋੜ ਵਿਸ਼ੇ ਉੱਤੇ ਕੌਮਾਂਤਰੀ ਡੈਲੀਗੇਟਾਂ, ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਦਲਾਈਲਾਮਾ ਨੇ ਆਖਿਆ ਕਿ ਸਾਰਿਆਂ ਨੂੰ ਮਾਨਵਤਾ ਦੀ ਭਲਾਈ ਅਤੇ ਸਮਾਜਿਕ ਜ਼ਿੰਮੇਵਾਰੀਆਂ ਲਈ ਵਿਸ਼ਵ ਵਿਆਪੀ ਸੋਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਧਿਆਤਮਕ ਤੌਰ ਉੱਤੇ ਵੀ ਸਾਨੂੰ ਇਹੀਉ ਸਿੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹਰ ਥਾਂ ਸਾਂਤੀ ਹੋਣੀ ਚਾਹੀਦੀ ਹੈ ਤੇ ਸਿੱਖਿਆ ਇਸ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਚਿਤਕਾਰਾ ਯੂਨੀਵਰਸਿਟੀ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਦੇ ਚਾਂਸਲਰ ਡਾ ਅਸ਼ੋਕ ਚਿਤਕਾਰਾ ਅਤੇ ਉੱਪ ਚਾਂਸਲਰ ਡਾ ਮਧੂ ਚਿਤਕਾਰਾ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸਰਾਹਨਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਦੁਨੀਆਂ ਭਰ ਵਿੱਚ ਮਾਨਵਤਾ ਦੀ ਭਲਾਈ ਦੇ ਸੰਦੇਸ਼ ਨੂੰ ਪਸਾਰਨ ਦੀ ਲੋੜ ਤੇ ਜ਼ੋਰ ਦਿੱਤਾ।ਇਸ ਮੌਕੇ ਡਾ ਮਧੂ ਚਿਤਕਾਰਾ ਨੇ ਸ੍ਰੀ ਦਲਾਈ ਲਾਮਾ ਦਾ ਸਵਾਗਤ ਕਰਦਿਆਂ ਆਖਿਆ ਕਿ ਪਿਛਲੇ 60 ਸਾਲਾਂ ਤੋਂ ਉਹ ਦੁਨੀਆਂ ਭਰ ਵਿੱਚ ਅਹਿੰਸਾ ਦੇ ਦੂਤ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਲਾਈਲਾਮਾ ਵੱਲੋਂ ਸਾਂਤੀ, ਅਹਿੰਸਾ, ਸਿੱਖਿਆ ਤੇ ਸਮਾਜ ਲਈ ਕੀਤੇ ਕਾਰਜ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ। ਉਨ੍ਹਾਂ ਚਿਤਕਾਰਾ ਯੂਨੀਵਰਸਿਟੀ ਵੱਲੋਂ 14 ਤੋਂ 18 ਅਕਤੂਬਰ ਤੱਕ ਕਰਾਏ ਜਾ ਰਹੇ ਗਲੋਬਲ ਸਪਤਾਹ ਨੂੰ ਸ੍ਰੀ ਦਲਾਈਲਾਮਾ ਦੇ ਸੰਦੇਸ਼ ਦੇ ਅਨੁਕੂਲ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਹੋਵੇਗਾ ਤੇ ਉਹ ਕੌਮਾਂਤਰੀ ਡੈਲੀਗਟਾਂ ਦੇ ਗਿਆਨ ਅਤੇ ਤਜਰਬਿਆਂ ਨੂੰ ਸਿੱਖਣ ਤੇ ਇੱਕ ਦੂਜੇ ਦੀ ਸੰਸਕ੍ਰਿਤੀ ਬਾਰੇ ਜਾਨਣ ਦਾ ਮੌਕਾ ਮਿਲੇਗਾ।