ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀ ਗੁਰੂਹਰਸਹਾਏ ਤੇ ਪੰਜੇ ਕੇ ਉਤਾੜ ਵਿਖੇ ਕਰਵਾਈ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ
ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ: ਰਾਣਾ ਸੋਢੀ
5 Dariya News
ਗੁਰੂਹਰਸਹਾਏ/ਫਿਰੋਜ਼ਪੁਰ 09-Oct-2019
ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਤੇ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਬੁੱਧਵਾਰ ਨੂੰ ਦਾਣਾ ਮੰਡੀ ਗੁਰੂਹਰਸਹਾਏ ਅਤੇ ਪੰਜੇ ਕੇ ਉਤਾੜ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਐੱਸ.ਡੀ.ਐੱਮ. ਗੁਰੂਹਰਸਹਾਏ ਸ੍ਰੀ. ਕੁਲਦੀਪ ਬਾਵਾ ਵੀ ਹਾਜ਼ਰ ਸਨ।ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿੰਕੀ ਵੱਲੋਂ ਪੂਰੇ ਸੂਬੇ ਅੰਦਰ ਝੋਨੇ ਦੀ ਨਿਰਵਿਘਨ ਖ਼ਰੀਦ, ਲਿਫ਼ਟਿੰਗ ਅਤੇ ਸਮੇਂ ਸਿਰ ਅਦਾਇਗੀ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਨ੍ਹਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਨਾਲੋ-ਨਾਲ ਸਾਫ਼ ਕਰਕੇ ਤੁਲਾਈ ਕੀਤੀ ਜਾਵੇਗੀ ਤੇ ਜਲਦੀ ਹੀ ਉਸਦਾ ਪੈਸਾ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇਗਾ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਜ਼ਿਆਦਾ ਦੇਰ ਮੰਡੀਆਂ ਵਿੱਚ ਨਾ ਬੈਠਣਾ ਪਵੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੰਜੇ ਕੇ ਉਤਾੜ ਵਿਖੇ ਨਵੀਂ ਬਣੀ ਮਾਰਕੀਟ ਕਮੇਟੀ ਬਣਾਈ ਗਈ ਹੈ, ਜਿੱਥੇ ਅੱਜ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਰਕੀਟ ਕਮੇਟੀ ਦੇ ਮੈਂਬਰ, ਚੇਅਰਮੈਨ ਤੇ ਵਾਈਸ ਚੇਅਰਮੈਨ ਹੋਣਗੇ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇੱਥੋਂ ਦੀ ਆਮਦਨ ਲਗਭਗ 4 ਕਰੋੜ ਦੇ ਕਰੀਬ ਹੋਵੇਗੀ। ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ, ਆੜ੍ਹਤੀਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ, ਤਾਂ ਜੋ ਉਸ ਦੀ ਖ਼ਰੀਦ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਤਹਿ ਕੀਤੇ ਮਾਪਦੰਡਾਂ ਤੋਂ ਵੱਧ ਨਮੀ ਵਾਲੇ ਝੋਨੇ ਨੂੰ ਮੰਡੀਆਂ ਵਿਚ ਨਾ ਲਾਹੁਣ ਦੇਣ। ਉਨ੍ਹਾਂ ਟਰੱਕ ਅਪਰੇਟਰਾਂ ਨੂੰ ਕਿਹਾ ਕਿ ਖ਼ਰੀਦੇ ਹੋਏ ਝੋਨੇ ਦੀ ਲਿਫ਼ਟਿੰਗ ਨਾਲੋ-ਨਾਲ ਕੀਤੀ ਜਾਵੇ।ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਜਸਵੀਰ ਸਿੰਘ, ਸੈਕਟਰੀ ਮਾਰਕੀਟ ਕਮੇਟੀ ਸਤਨਾਮ ਢਿੱਲੋਂ, ਵੇਦ ਪ੍ਰਕਾਸ਼, ਭੀਮ ਕੰਬੋਜ, ਟੋਨੀ ਬੇਦੀ, ਰਾਕੇਸ਼, ਸੰਦੀਪ ਅਤੇ ਸੁਧੀਰ ਸਮੇਤ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀਏ ਅਤੇ ਕਿਸਾਨ ਵੀ ਹਾਜ਼ਰ ਸਨ।