5 Dariya News

ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਸਾਹਿਬਾਨ ਨੂੰ ਸ਼੍ਰੋਮਣੀ ਕਮੇਟੀ ਨੂੰ ਦੇਣ ਲਈ ਮਿਲ ਕੇ ਕਰਾਂਗੇ ਯਤਨ : ਜੈ ਰਾਮ ਠਾਕੁਰ

ਸ੍ਰੀ ਆਨੰਦਪੁਰ ਸਾਹਿਬ-ਨੈਣਾ ਦੇਵੀ-ਰੋਪਵੇ ਪ੍ਰੋਜੈਕਟ ਨੂੰ ਅੰਤਿਮ ਛੋਹਾਂ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਗੱਲਬਾਤ : ਜੈ ਰਾਮ ਠਾਕੁਰ

5 Dariya News

ਸ੍ਰੀ ਆਨੰਦਪੁਰ ਸਾਹਿਬ 07-Oct-2019

ਹਿਮਾਚਲ ਪ੍ਰਦੇਸ਼ 'ਚ ਸਿੱਖ ਭਾਈਚਾਰੇ ਦੇ ਨਾਲ ਕਿਸੇ ਵੀ ਕਿਸਮ ਦੀ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਇਸ ਵਾਸਤੇ ਹਿਮਾਚਲ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ। ਜਿੱਥੋਂ ਤੱਕ ਸੋਲਨ ਪੁਲੀਸ ਵੱਲੋਂ ਸਿੱਖ ਨੌਜੁਆਨਾਂ ਦੇ ਨਾਲ ਵਧੀਕੀ ਕਰਨ ਦਾ ਸੁਆਲ ਹੈ ਤਾਂ ਉਸ ਸਬੰਧ ਵਿੱਚ ਮੈਂ ਪਿਰੋਟ ਤਲਬ ਕੀਤੀ ਹੋਈ ਹੈ ਤੇ ਜਿਉਂ ਹੀ ਰਿਪੋਰਟ ਆਵੇਗੀ ਤਾਂ ਅਸੀਂ ਮਿਸਾਲੀ ਕਾਰਵਾਈ ਕਰਾਂਗੇ। ਇਹ ਪ੍ਰਗਟਾਵਾ ਅੱਜ ਇੱਥੇ ਪਹੁੰਚੇ ਹਿਮਾਚ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਗੱਲਬਾਤ ਕਰਦੇ ਹੋਏ ਕੀਤਾ।ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸਾਬਕਾ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਹਿਮਾਚਲ ਪ੍ਰਦੇਸ਼ ਦੇ ਸ਼੍ਰੋਮਣੀ ਕਮੇਟੀ ਮੈਂਬਰ ਡਾ. ਦਿਲਜੀਤ ਸਿੰਘ ਭਿੰਡਰ ਅਤੇ ਸਥਾਨਕ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਗੁਰਿੰਦਰ ਸਿੰਘ ਗੋਗੀ ਵੱਲੋਂ ਸਿੱਖ ਭਾਈਚਾਰੇ ਨਾਲ ਸਬੰਧਿਤ ਪੇਸ਼ ਕੀਤੀਆਂ ਮੰਗਾਂ ਬਾਰੇ ਪੁੱਛਣ ਤੇ ਕਿਹਾ ਕਿ ਜਿੱਥੋਂ ਤੱਕ ਸ੍ਰੀ ਆਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਤੱਕ ਦੇ ਰੋਪਵੇ ਦਾ ਸੁਆਲ ਹੈ ਤਾਂ ਇਸਦਾ ਸਮਝੌਤਾ ਦੋਵਾਂ ਸਰਕਾਰਾਂ ਦਰਮਿਆਨ ਕਮਲਬੱਧ ਹੋ ਚੁੱਕਾ ਹੈ ਤੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ। ਜਿਸ ਬਾਰੇ ਵਿੱਚ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲ ਕੀਤੀ ਹੈ ਤੇ ਉਮੀਦ ਹੈ ਕਿ ਜਲਦੀ ਹੀ ਦੋਵੇਂ ਸਰਕਾਰਾਂ ਰਹਿੰਦੇ ਕੰਮਾਂ ਨੂੰ ਮੁਕੰਮਲ ਕਰਕੇ ਇਸ ਪ੍ਰੋਜੈਕਟ ਨੂੰ ਧਰਾਤਲ ਤੇ ਸ਼ੁਰੂ ਕਰਵਾਉਣਗੀਆਂ। ਕਸਬਾ ਗੁਰੁ ਕਾ ਲਹੌਰ ਨੂੰ ਜਾਣ ਵਾਲੇ ਸੜਕ ਮਾਰਗ ਤੇ ਸ਼ਰਧਾਲੂਆਂ 'ਤੇ ਲੱਗੇ ਟੌਲ ਟੈਕਸ ਨੂੰ ਖਤਮ ਕਰਨ ਬਾਰੇ ਬੋਲਦੇ ਹੋਏ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਇਹ ਮਾਮਲਾ ਅੱਜ ਹੀ ਮੇਰੇ ਧਿਆਨ ਵਿੱਚ ਆਇਆ ਹੈ ਤੇ ਜਿਉਂ ਹੀ ਵਿਸਥਾਰ ਪੂਰਵਕ ਮੰਗ ਜਾਂ ਪੱਤਰ ਮੇਰੇ ਕੋਲ ਆਵੇਗਾ ਤਾਂ ਅਸੀਂ ਨਿਯਮਾਂ ਅਨੁਸਾਰ ਮਸਲੇ ਦਾ ਹੱਲ ਕਰਾਂਗੇ। ਹਿਮਾਚਲ ਪ੍ਰਦੇਸ਼ ਅੰਦਰ ਸਥਿਤ ਗੁਰਦੁਆਰਾ ਸਹਿਬਾਨਾਂ ਨੂੰ ਸਿੱਖ ਕੌਮ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਦੀ ਮੰਗ ਬਾਰੇ ਜੈ ਰਾਮ ਠਾਕੁਰ ਨੇ ਕਿਹਾ ਕਿ ਇਹ ਮਸਲਾ ਸਰਕਾਰਾਂ ਦੇ ਇਕੱਲੇ ਹੱਥਾਂ 'ਚ ਨਹੀਂ ਹੁੰਦਾ ਹੈ ਬਲਕਿ ਸਬੰਧਿਤ ਧਿਰਾਂ ਨੂੰ ਨਾਲ ਲੈ ਕੇ ਅਜਿਹੇ ਫੈਸਲਿਆਂ ਲਈ ਸਾਰਥਕ ਦ੍ਰਿਸ਼ਟੀਕੌਣ ਨਾਲ ਅੱਗੇ ਵੱਧਣ ਦੀ ਲੋੜ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਪ੍ਰੋਫ਼:ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਡਾ. ਪਰਮਿੰਦਰ ਸ਼ਰਮਾ, ਦਲਜੀਤ ਸਿੰਘ ਭਿੰਡਰ, ਨਿਪੁਨ ਸੋਨੀ, ਕੇ ਕੇ ਬੇਦੀ, ਰਜੇਸ਼ ਚੌਧਰੀ, ਐਡਵੋਕੇਟ ਵਿਨਾਇਕ ਸ਼ਰਮਾ ਆਦਿ ਵੀ ਹਾਜ਼ਰ ਸਨ।