5 Dariya News

ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੁਧਿਆਣਾ ਨੂੰ ਪਲਾਸਟਿਕ ਮੁਕਤ ਕਰਨ ਦਾ ਤਹੱਈਆ

ਹੁਨਰ ਵਿਕਾਸ ਕੇਂਦਰਾਂ ਦੇ ਸਿੱਖਿਆਰਥੀ ਅਤੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਕੱਪੜੇ ਦੇ ਬੈਗ ਬਣਾਉਣ ਦੀ ਦਿੱਤੀ ਜਾਵੇਗੀ ਸਿਖ਼ਲਾਈ-ਵਧੀਕ ਡਿਪਟੀ ਕਮਿਸ਼ਨਰ

5 Dariya News

ਲੁਧਿਆਣਾ 03-Oct-2019

ਜ਼ਿਲ੍ਹਾ ਲੁਧਿਆਣਾ ਨੂੰ ਹਰ ਤਰ੍ਹਾਂ ਦੇ ਪਲਾਸਟਿਕ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹੁਣ ਹੁਨਰ ਵਿਕਾਸ ਕੇਂਦਰਾਂ ਦੇ ਸਿੱਖਿਆਰਥੀਆਂ ਅਤੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਕੱਪੜੇ ਦੇ ਬੈਗ ਬਣਾਉਣ ਦੀ ਸਿਖ਼ਲਾਈ ਦਿੱਤੀ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਬੈਗਾਂ ਦੀ ਖਰੀਦ ਵੇਚ ਲਈ ਸ਼ਹਿਰ ਦੇ ਪ੍ਰਮੁੱਖ ਸਥਾਨਾਂ 'ਤੇ ਇਨ੍ਹਾਂ ਦੇ ਸਟਾਲ ਸਥਾਪਤ ਕੀਤੇ ਜਾਣਗੇ।ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੇ ਹੁਨਰ ਵਿਕਾਸ ਕੇਂਦਰ ਦਾ ਦੌਰਾ ਕੀਤਾ ਅਤੇ ਸਿੱਖਿਆਰਥੀਆਂ ਤੋਂ ਉਨ੍ਹਾਂ ਦੀ ਸਿਖ਼ਲਾਈ ਬਾਰੇ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਯੋਜਨਾ ਬਣਾਈ ਗਈ ਹੈ ਕਿ ਜਿਸ ਤਹਿਤ ਹੁਨਰ ਵਿਕਾਸ ਕੇਂਦਰਾਂ ਦੇ ਸਿੱਖਿਆਰਥੀਆਂ ਅਤੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਕੱਪੜੇ ਦੇ ਬੈਗ ਬਣਾਉਣ ਦੀ ਸਿਖ਼ਲਾਈ ਦਿੱਤੀ ਜਾਵੇਗੀ। ਇਹ ਬੈਗ ਅੱਗੇ ਬਾਜ਼ਾਰ ਵਿੱਚ ਵੇਚੇ ਜਾ ਸਕਣਗੇ, ਖਰੀਦ ਵੇਚ ਲਈ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ 'ਤੇ ਸਟਾਲ ਲਗਵਾਏ ਜਾਣਗੇ। ਇਸ ਉਪਰਾਲੇ ਦਾ ਮਕਸਦ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚੋਂ ਪਲਾਸਟਿਕ ਦੇ ਲਿਫ਼ਾਫਿਆਂ ਦੇ ਵਰਤੋਂ 'ਤੇ ਮੁਕੰਮਲ ਰੋਕ ਲਗਾਉਣੀ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਅਧੀਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੀ. ਆਰ. ਡੀ. ਏ. ਹੁਨਰ ਵਿਕਾਸ ਕੇਂਦਰ ਖੋਲ੍ਹਿਆ ਗਿਆ ਹੈ। ਜਿਸ ਵਿੱਚ ਕੱਪੜਾ ਉਦਯੋਗ ਨਾਲ ਸੰਬੰਧਤ ਸਿਖ਼ਲਾਈ ਕਰਵਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਹੁਨਰ ਵਿਕਾਸ ਕੇਂਦਰ ਵਿੱਚ 18-40 ਸਾਲ ਤੱਕ ਦੇ ਲੜਕੇ ਅਤੇ ਲੜਕੀਆਂ ਕੱਪੜਾ (ਹੌਜਰੀ) ਉਦਯੋਗ ਨਾਲ ਸੰਬੰਧਤ ਸਿਲਾਈ ਮਸ਼ੀਨ ਆਪਰੇਟਰ ਦੀ ਸਿਖ਼ਲਾਈ ਪ੍ਰਾਪਤ ਕਰ ਸਕਦੇ ਹਨ। ਇਸ ਕੋਰਸ ਲਈ ਉਮੀਦਵਾਰ ਦੀ ਯੋਗਤਾ 5ਵੀਂ ਪਾਸ ਹੋਣੀ ਜ਼ਰੂਰੀ ਹੈ। ਕੁੱਲ 4 ਮਹੀਨੇ (300 ਘੰਟੇ) ਦੇ ਇਸ ਕੋਰਸ ਲਈ 60 ਸੀਟਾਂ ਰੱਖੀਆਂ ਗਈਆਂ ਹਨ। ਸਿੱਖਿਆਰਥੀਆਂ ਨੂੰ ਸਿਖ਼ਲਾਈ ਹਾਈਟੈੱਕ ਮਸ਼ੀਨਾਂ ਨਾਲ ਦਿੱਤੀ ਜਾਂਦੀ ਹੈ। ਇਹ ਮਸ਼ੀਨਾਂ ਸਨਅਤਾਂ ਨੂੰ ਹੁਨਰਮੰਦ ਕਾਮਿਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਕੇ ਆਧੁਨਿਕ ਤਰੀਕੇ ਦੀਆਂ ਖਰੀਦੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਦਾਖਲਾ ਸ਼ੁਰੂ ਹੈ ਅਤੇ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਬੈਚ ਲਗਾਏ ਜਾ ਰਹੇ ਹਨ। ਇਹ ਕੋਰਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੁਵਿਧਾ ਸੈਂਟਰ ਸਥਿਤ ਹਾਲ ਨੰਬਰ-4 (ਸੰਪਰਕ ਨੰਬਰ 8699091100) ਵਿੱਚ ਅਤੇ ਦਫ਼ਤਰ ਆਰ.ਸੇਟੀ ਹੰਬੜਾਂ ਰੋਡ, ਇਯਾਲੀ ਖੁਰਦ ਨੇੜੇ ਦਾਣਾ ਮੰਡੀ ਲੁਧਿਆਣਾ (ਸੰਪਰਕ ਨੰਬਰ 9872292313) ਵਿਖੇ ਕਰਵਾਇਆ ਜਾਂਦਾ ਹੈ। ਕੋਰਸ ਦੌਰਾਨ 3 ਮਹੀਨੇ ਦੀ ਸਿਖ਼ਲਾਈ ਕੇਂਦਰਾਂ ਵਿੱਚ ਦਿੱਤੀ ਜਾਂਦੀ ਹੈ, ਜਦਕਿ ਇੱਕ ਮਹੀਨੇ ਦੀ ਪ੍ਰੈਕਟੀਕਲ ਸਿਖ਼ਲਾਈ ਹੌਜਰੀ ਸਨਅਤਾਂ ਵਿੱਚ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਇਹ ਕੋਰਸ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਬਿਲਕੁਲ ਮੁਫ਼ਤ ਹੈ, ਜਦਕਿ ਪੱਛੜੀਆਂ/ਜਨਰਲ ਸ਼੍ਰੇਣੀਆਂ ਦੇ ਬੀ. ਪੀ. ਐੱਲ. ਸਿਖਿਆਰਥੀਆਂ ਲਈ ਫੀਸ 200 ਰੁਪਏ ਪ੍ਰਤੀ ਮਹੀਨਾ, ਪੱਛੜੀਆਂ ਸ਼੍ਰੇਣੀਆਂ ਦੇ ਸਿੱਖਿਆਰਥੀਆਂ ਲਈ 400 ਰੁਪਏ ਪ੍ਰਤੀ ਮਹੀਨਾ ਅਤੇ ਜਨਰਲ ਸ਼੍ਰੇਣੀਆਂ ਦੇ ਸਿੱਖਿਆਰਥੀਆਂ ਲਈ ਫੀਸ 500 ਰੁਪਏ ਪ੍ਰਤੀ ਮਹੀਨਾ ਹੈ। ਸਿਖ਼ਲਾਈ ਕਰਨ ਉਪਰੰਤ ਸਿੱਖਿਆਰਥੀਆਂ ਨੂੰ ਪਹਿਲੇ ਦਿਨ ਤੋਂ ਘੱਟ ਤੋਂ ਘੱਟ 8500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਣ ਲੱਗ ਜਾਂਦੀ ਹੈ, ਜੋ ਕਿ ਤਜ਼ਰਬੇ ਨਾਲ ਵਧਦੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਕੋਰਸ ਦੌਰਾਨ ਸਿੱਖਿਆਰਥੀਆਂ ਨੂੰ ਕਿੱਤੇ ਪ੍ਰਤੀ ਉਤਸ਼ਾਹਿਤ ਕਰਨ ਲਈ ਲੋਕਲ ਇੰਡਸਟਰੀ ਦਾ ਦੌਰਾ (ਵਿਜ਼ਿਟ) ਵੀ ਕਰਵਾਇਆ ਜਾਵੇਗਾ। ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਸਫ਼ਲ ਰਹੇ ਸਿੱਖਿਆਰਥੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਲੋਕਲ ਇੰਡਸਟਰੀ ਵਿੱਚ ਨੌਕਰੀ ਦਿਵਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਉਪਰਾਲੇ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਛੁੱਕ ਉਮੀਦਵਾਰ ਵਧੇਰੀ ਜਾਣਕਾਰੀ ਲਈ ਦਫ਼ਤਰ ਡਿਪਟੀ ਕਮਿਸ਼ਨਰ (ਵ), ਲੁਧਿਆਣਾ ਵਿਖੇ ਵੀ ਸੰਪਰਕ ਕਰਨ ਅਤੇ ਇਸ ਕੇਂਦਰ ਦਾ ਲਾਭ ਲੈਣ ਕਿਉਂਕਿ ਸਿਲਾਈ ਮਸ਼ੀਨ ਆਪਰੇਟਰਾਂ ਦੀ ਹੌਜਰੀ ਸਨਅਤਾਂ ਵਿੱਚ ਭਾਰੀ ਮੰਗ ਹੈ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਪ੍ਰੋਜੈਕਟ ਅਫ਼ਸਰ ਸ੍ਰ. ਅਵਤਾਰ ਸਿੰਘ ਵੀ ਹਾਜ਼ਰ ਸਨ।