ਮਹਾਤਮਾ ਗਾਂਧੀ ਦੀ ਜਨਮ ਵਰੇਗੰਢ ਮੌਕੇ ਸਾਂਤੀ ਮਾਰਚ ਕੱਢਿਆ, ਪੋਲੀਥੀਨ ਦੀ ਵਰਤੋਂ ਨਾ ਕਰਨ ਦਾ ਲਿਆ ਸੰਕਲਪ
ਵਾਤਾਵਰਨ ਦੀ ਸੰਭਾਲ ਦਾ ਕੀਤਾ ਪ੍ਰਣ
5 Dariya News
ਸ੍ਰ੍ਰੀ ਮੁਕਤਸਰ ਸਾਹਿਬ 02-Oct-2019
ਜ਼ਿਲਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਸ਼ਹਿਰ ਵਿਚ ਇਕ ਸਾਂਤੀ ਮਾਰਚ ਕੱਢਿਆ ਗਿਆ। ਇਹ ਸਾਂਤੀ ਮਾਰਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜਾਰਾਂ ਵਿਚੋਂ ਦੀ ਹੁੰਦਾ ਹੋਇਆ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਜਾ ਸਕੇ ਸੰਪਨ ਹੋਇਆ। ਇਸ ਨੂੰ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਏ.ਡੀ.ਸੀ. ਜਨਰਲ ਡਾ: ਰਿਚਾ, ਐਸ.ਡੀ.ਐਮ. ਸ੍ਰੀਮਤੀ ਵੀਰਪਾਲ ਕੌਰ, ਕਾਂਗਰਸ ਦੇ ਜ਼ਿਲਾ ਪ੍ਰਧਾਨ ਸ: ਹਰਚਰਨ ਸਿੰਘ ਬਰਾੜ, ਸਾਬਕਾ ਵਿਧਾਇਕ ਸ: ਸੁਖਦਰਸ਼ਨ ਸਿੰਘ ਮਰਾੜ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਸ: ਨਰਿੰਦਰ ਸਿੰਘ ਕਾਊਣੀ, ਸ: ਗੁਰਮੀਤ ਸਿੰਘ ਖੁੱਡੀਆਂ, ਸ: ਜਗਜੀਤ ਸਿੰਘ ਹਨੀ ਫੱਤਣਵਾਲਾ ਆਦਿ ਵੀ ਹਾਜਰ ਸਨ।ਸਾਂਤੀ ਮਾਰਚ ਦੌਰਾਨ ਬਜਾਰਾਂ ਵਿਚ ਦੁਕਾਨਦਾਰਾਂ ਅਤੇ ਲੋਕਾਂ ਨੂੰ ਪੋਲੀਥੀਨ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਦੁਕਾਨਦਾਰਾਂ ਤੋਂ ਪੋਲੀਥੀਨ ਇੱਕਤਰ ਕਰਕੇ ਨਿਪਟਾਰੇ ਲਈ ਨਗਰ ਕੌਂਸਲ ਨੂੰ ਸੌਂਪਿਆ ਗਿਆ। ਮਾਰਚ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਰਕ ਵਿਚ ਹੋਈ ਇੱਕਤਰਤਾ ਦੌਰਾਨ ਸੰਬੋਧਨ ਕਰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਹਾਜਰੀਨ ਨੂੰ ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਬਹੁਤ ਸਾਰੀਆਂ ਤਾਕਤਾਂ ਸਾਨੂੰ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਗਿਰਾਉਣ ਦੀ ਕੋਸ਼ਿਸ ਵਿਚ ਰਹਿੰਦੀਆਂ ਹਨ ਪਰ ਸਾਨੂੰ ਹਮੇਸ਼ਾ ਅਜਿਹੀਆਂ ਤਾਕਤਾਂ ਖਿਲਾਫ ਸੁਚੇਤ ਰਹਿਣਾ ਚਾਹੀਦਾ ਹੈ। ਉਨਾਂ ਨੇ ਵਾਤਾਵਰਨ ਦੀ ਸੰਭਾਲ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਆਪਣੀਆਂ ਰੋਜਮਰਾਂ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਵੈ ਅਵਲੋਕਨ ਕਰਨਾ ਚਾਹੀਦਾ ਹੈ ਕਿ ਸਾਡੇ ਕੰਮਾਂ ਨਾਲ ਵਾਤਾਵਰਨ ਤੇ ਕੀ ਪ੍ਰਭਾਵ ਪੈ ਰਿਹਾ ਹੈ। ਉਨਾਂ ਨੇ ਮੇਰਾ ਮੁਕਤਸਰ ਮੇਰਾ ਮਾਣ ਮੁਹਿੰਮ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਇਕਹਰੀ ਵਰਤੋਂ ਵਾਲੇ ਪੌਲੀਥੀਨ ਦੀ ਵਰਤੋਂ ਨੂੰ ਪੂਰੀ ਤਰਾਂ ਨਾਲ ਬੰਦ ਕਰਕੇ ਕਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।
ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੇ ਮਹਾਤਮਾ ਗਾਂਧੀ ਜੀ ਨੂੰ ਅਹਿੰਸਾ ਦਾ ਪੁਜਾਰੀ ਦੱਸਦਿਆਂ ਉਨਾਂ ਦੇ ਆਜਾਦੀ ਅੰਦੋਲਣ ਵਿਚ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਉਨਾਂ ਦਾ ਜੀਵਨ ਦਰਸ਼ਨ ਅਤੇ ਫਲਸਫਾ ਅੱਜ ਵੀ ਸਾਡੇ ਲਈ ਪ੍ਰੇਰਕ ਹੈ। ਉਨਾਂ ਨੇ ਵੀ ਲੋਕਾਂ ਨੂੰ ਪੋਲੀਥੀਨ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ।ਇਸ ਦੌਰਾਨ ਖੇਡ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਵੱਲੋਂ ਵੀ ਸਟੇਡੀਅਮ ਤੋਂ ਗੁਰੂ ਗੋਬਿੰਦ ਸਿੰਘ ਪਾਰਕ ਤੱਕ ਇਕ ਦੌੜ ਦਾ ਆਯੋਜਨ ਕੀਤਾ ਗਿਆ ਜਦ ਕਿ ਸਾਂਤੀ ਮਾਰਚ ਵਿਚ ਸਿੱਖਿਆ ਵਿਭਾਗ, ਯੁਵਕ ਸੇਵਾਵਾਂ ਵਿਭਾਗ, ਨਗਰ ਕੌਂਸਲ, ਮਾਰਕਿਟ ਕਮੇਟੀ, ਸ਼ਹਿਰ ਦੀਆਂ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੱਧ ਚੜ ਕੇ ਭਾਗ ਲਿਆ। ਇਸ ਮੌਕੇ ਸਭ ਨੇ ਪੋਲੀਥੀਨ ਦੀ ਵਰਤੋਂ ਨਾ ਕਰਨ ਦੀ ਸਹੁੰ ਵੀ ਚੁੱਕੀ।ਪੋਲੀਥੀਨ ਦੀ ਵਰਤੋਂ ਬੰਦ ਕਰਨ ਵਿਚ ਸਹਿਯੋਗ ਜਨਜਾਗਰੁਕਤਾ ਲਈ ਇਸ ਮੌਕੇ ਨਗਰ ਕੌਂਸਲ ਵੱਲੋਂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਸ੍ਰੀ ਮੁਕਤਸਰ ਸਾਹਿਬ, ਡੀਏਵੀ ਗਰਲਜ਼ ਸਕੂਲ ਮੌੜ ਰੋਡ ਸ੍ਰੀ ਮੁਕਤਸਰ ਸਾਹਿਬ, ਚੇਤ ਰਾਮ ਮੈਮੋਰੀਅਲ ਸਕੂਲ ਦੇ ਨਾਲ ਨਾਲ ਕੌਂਸਲ ਦੇ ਸ਼ੇ੍ਰਸਠ ਜਨ ਪ੍ਰੇਰਕ ਮਨੀਸ਼ਾ ਕੁਮਾਰ ਅਤੇ ਮਨਪ੍ਰੀਤ ਸਿੰਘ ਅਤੇ ਸ੍ਰੇਸ਼ਠ ਵੇਸਟ ਕੁਲੈਕਟਰ ਹਰਚੰਦ ਸਿੰਘ ਿਪਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਨਹਿਰੂ ਯੁਵਾ ਕੇਂਦਰ ਅਤੇ ਖੇਡ ਵਿਭਾਗ ਦੇ ਦੌੜ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਫਲਦਾਰ ਪੌਦੇ ਵੰਡੇ ਗਏ। ਪਾਰਕ ਵਿਚ ਪੌਦੇ ਵੀ ਲਗਾਏ ਗਏ।ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਮਾਸਟਰ ਜਸਪਾਲ ਸਿੰਘ, ਸ: ਸੀਮਰਜੀਤ ਸਿੰਘ ਭੀਨਾ ਬਰਾੜ, ਸਰਬਜੀਤ ਸਿੰਘ ਕਾਕਾ ਬਰਾੜ, ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ, ਕਾਰਜ ਸਾਧਕ ਅਫ਼ਸਰ ਸ੍ਰੀ ਵਿਪਨ ਕੁਮਾਰ, ਡਿਪਟੀ ਡਾਇਰੈਕਟਰ ਬਾਗਬਾਨੀ ਸ: ਨਰਿੰਦਰਜੀਤ ਸਿੰਘ ਸਿੱਧੂ, ਨਗਰ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ, ਸ: ਯਾਦਵਿੰਦਰ ਸਿੰਘ, ਸ੍ਰੀ ਜਿੰਮੀ ਬਰਾੜ, ਸ੍ਰੀ ਨਰੇਸ਼ ਪਰੂਥ, ਸ੍ਰੀ ਜਸਪ੍ਰੀਤ ਛਾਬੜਾ ਆਦਿ ਵੀ ਹਾਜਰ ਸਨ।