5 Dariya News

ਮੋਹਾਲੀ-ਚੰਡੀਗੜ੍ਹ ਏਅਰਪੋਰਟ ਨੂੰ ਸ਼ਹੀਦ ਭਗਤ ਸਿੰਘ ਦਾ ਨਾਮ ਦੇਣ ਦੇ ਵਿਰੋਧ ਦੇ ਮਾਮਲੇ ’ਤੇ ਹਰਿਆਣਾ ਸਰਕਾਰ ਪੁਨਰ ਵਿਚਾਰ ਕਰੇ : ਮਨੀਸ਼ ਤਿਵਾੜੀ

ਸੰਸਦ ਮੈਂਬਰ ਮਨੀਸ਼ ਤਿਵਾੜੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਖਟਕੜ ਕਲਾਂ ਸ਼ਰਧਾ ਸੁਮਨ ਅਰਪਿਤ ਕਰਨ ਪੁੱਜੇ

5 Dariya News

ਬੰਗਾ 30-Sep-2019

ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਸ਼ਾਮ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 112ਵੇਂ ਜਨਮ ਦਿਹਾੜੇ ਮੌਕੇ ਯੂਥ ਕਲੱਬ ਅਤੇ ਪਿੰਡ ਵਾਸੀਆਂ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹਰਿਆਣਾ ਸਰਕਾਰ ਮੋਹਾਲੀ-ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਨਾਮ ਦੇਣ ਦੇ ਮਾਮਲੇ ’ਤੇ ਆਪਣਾਏ ਆਪਣੇ ਵਿਰੋਧੀ ਰੁੱਖ ’ਤੇ ਪੁਨਰ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਬੰਧੀ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਇਸ ਹਵਾਈ ਅੱਡੇ ਦਾ ਨਾਮਕਰਣ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਮ ’ਤੇ ਕਰਨ ਦੀ ਮੰਗ ਰੱਖ ਚੁੱਕੇ ਹਨ ਪਰ ਹਰਿਆਣਾ ਸਰਕਾਰ ਵੱਲੋਂ ਸਹਿਮਤੀ ਨਾ ਪ੍ਰਗਟਾਏ ਜਾਣ ਕਾਰਨ ਮਾਮਲਾ ਲਮਕਿਆ ਹੋਇਆ ਹੈ।ਅੱਜ ਸ਼ਾਮ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰ ਅਤੇ ਅਜਾਇਬ ਘਰ ਵਿਖੇ ਉਨ੍ਹਾਂ ਦੇ ਬੁੱਤ ਅੱਗੇ ਨਤਮਸਤਕ ਹੋਣ ਮਗਰੋਂ ਉਨ੍ਹਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਰ ਜੁਆਨ ਉਮਰੇ ਦੇਸ਼ ਲਈ ਬਲੀਦਾਨ ਦੇ ਕੇ ਜਿੱਥੇ ਨੌਜੁਆਨਾਂ ’ਚ ਆਜ਼ਾਦੀ ਦੀ ਲੜਾਈ ਦੀ ਚਿਣਗ ਪੈਦਾ ਕੀਤੀ ਉੱਥੇ ਦੇਸ਼ ਪ੍ਰੇਮ ਲਈ ਅਦੁੱਤੀ ਤਿਆਗ ਦੀ ਮਿਸਾਲ ਵੀ ਬਣੇ।ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜਿੱਥੇ ਗਦਰੀ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦੇ ਸਨ, ਉੱਥੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਨੇ ਵੀ ਉਨ੍ਹਾਂ ਦੇ ਬਾਲ ਮਨ ’ਤੇ ਗਹਿਰਾ ਪ੍ਰਭਾਵ ਛੱਡਿਆ ਸੀ।

ਖਟਕੜ ਕਲਾਂ ਨੂੰ ਸਮੁੱਚੇ ਦੇਸ਼ ਵਾਸੀਆਂ ਲਈ ਪ੍ਰੇਰਨਾ ਦਾ ਸੋਮਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਲਾਕੇ ਦੇ ਲੋਕਾਂ ਨੇ ਉਸ ਨੂੰ ਇਸ ਪਵਿੱਤਰ ਧਰਤੀ ਦੀ ਦੇਸ਼ ਦੀ ਲੋਕ ਸਭਾ ’ਚ ਨੁਮਾਇੰਦਗੀ ਕਰਨ ਦਾ ਮੌਕਾ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੇ ਇਸ ਮਾਣ ਅਤੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਪ੍ਰਤੀ ਆਪਣੀ ਸ਼ਰਧਾ ਅਤੇ ਸਤਿਕਾਰ ਨੂੰ ਬਰਕਰਾਰ ਰੱਖਦੇ ਹੋਏ ਇਸ ਇਤਿਹਸਾਕ ਪਿੰਡ ਅਤੇ ਜ਼ਿਲ੍ਹੇ ਦੇ ਚਹੁੰਪੱਖੀ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।ਯੂਥ  ਕਲੱਬ ਵੱਲੋਂ ਪਿੰਡ ਦੇ ਸਟੇਡੀਅਮ ਦੀ ਰੱਖੀ ਮੰਗ ਨੂੰ ਉਨ੍ਹਾਂ ਨੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਆਗੂ ਸਤਬੀਰ ਸਿੰਘ ਪੱਲੀ ਝਿੱਕੀ ਨੂੰ ਨਾਲ ਲੈ ਕੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ ਦੋ ਲੱਖ ਦੀ ਗਰਾਂਟ ਤੁਰੰਤ ਦੇਣ ਦੀ ਮੰਗ ਕਰਨ ’ਤੇ ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ’ਚੋਂ ਅਗਲੇ ਦਿਨਾਂ ’ਚ ਗਰਾਂਟ ਭੇਜਣ ਦਾ ਐਲਾਨ ਕੀਤਾ।ਇਸ ਮੌਕੇ ਸਤਬੀਰ ਸਿੰਘ ਪੱਲੀ ਝਿੱਕੀ ਤੋਂ ਇਲਾਵਾ ਸਾਬਕਾ ਐਮ ਐਲ ਏ ਮੋਹਣ ਸਿੰਘ ਬੰਗਾ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਗੁਰਮੇਲ ਸਿੰਘ ਪਹਿਲਵਾਨ, ਡਾ. ਹਰਪ੍ਰੀਤ ਸਿੰਘ ਕੈਂਥ, ਠੇਕੇਦਾਰ ਰਜਿੰਦਰ ਸਿੰਘ, ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਸਕੱਤਰ ਤਰਲੋਕ ਸਿੰਘ ਸੰਧੂ, ਮੀਤ ਪ੍ਰਧਾਨ ਗੁਰਦੇਵ ਸਿੰਘ ਦੁਸਾਂਝ, ਮੇਲਾ ਇੰਚਾਰਜ ਸਤਨਾਮ ਸਿੰਘ ਸੰਧੂ ਤੇ ਜੀਤਾ ਖਟਕੜ, ਦ੍ਰਵਜੀਤ ਸਿੰਘ ਪੂਨੀਆ ਪ੍ਰਧਾਨ ਯੂਥ ਕਾਂਗਰਸ ਬੰਗਾ, ਸੁਖਜਿੰਦਰ ਸਿੰਘ ਆਜ਼ਾਦ, ਸੋਖੀ ਰਾਮ ਬੱਜੋਂ, ਸਾਬ੍ਹੀ ਕੰਗਰੋੜ, ਰਘਵੀਰ ਸਿੰਘ ਬਿੱਲਾ ਤੇ ਕਮਲਜੀਤ ਬੰਗਾ ਮੌਜੂਦ ਸਨ।ਫ਼ੋਟੋ ਕੈਪਸ਼ਨ: ਸੋਮਵਾਰ ਨੂੰ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ’ਚ ਸ਼ਿਰਕਤ ਕਰਨ ਆਏ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੋਣ ਬਾਅਦ ਸਮਰਥਕਾਂ ਨਾਲ ਦਿਖਾਈ ਦੇ ਰਹੇ ਹਨ।