ਬਾਬਾ ਫਰੀਦ ਸੁਸਾਇਟੀ ਵੱਲੋਂ ਤਿੰਨ ਸ਼ਖਸ਼ੀਅਤਾਂ ਨੂੰ ਅਵਾਰਡ ਦਿੱਤਾ ਗਿਆ
ਇਮਾਨਦਾਰੀ ਅਵਾਰਡ ਆਈ.ਜੀ. ਬੀ.ਚੰਦਰਸ਼ੇਖਰ ਭਗਤ ਪੂਰਨ ਸਿੰਘ ਮਾਨਵਤਾ ਸੇਵਾ ਅਵਾਰਡ ਸਾਬਕਾ ਆਈ.ਏ.ਐਸ. ਅਧਿਕਾਰੀ ਗੁਰਦੇਵ ਸਿੰਘ ਅਤੇ ਜਲੰਧਰ ਦੇ ਸਮਾਜਸੇਵੀ ਤਰਸੇਮ ਕਪੂਰ ਨੂੰ ਦਿੱਤਾ ਗਿਆ
5 Dariya News
ਫ਼ਰੀਦਕੋਟ 23-Sep-2019
ਬਾਬਾ ਫਰੀਦ ਆਗਮਨ ਪੁਰਬ ਮੌਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਬਾਬਾ ਫਰੀਦ ਸੁਸਾਇਟੀ ਵੱਲੋਂ ਤਿੰਨ ਸ਼ਖਸ਼ੀਅਤਾਂ ਜਿੰਨ੍ਹਾਂ ਵਿਚ ਬਾਬਾ ਫਰੀਦ ਇਮਾਨਦਾਰੀ ਅਵਾਰਡ ਐਸ.ਟੀ.ਐਫ ਪੰਜਾਬ ਦੇ ਆਈ.ਜੀ. ਬੀ.ਚੰਦਰਸ਼ੇਖਰ ਆਈ.ਪੀ.ਐਸ. ਜਦੋਂ ਕਿ ਭਗਤ ਪੂਰਨ ਸਿੰਘ ਮਾਨਵਤਾ ਸੇਵਾ ਐਵਾਰਡ ਲਈ ਸਾਬਕਾ ਆਈ.ਏ.ਐਸ. ਅਧਿਕਾਰੀ ਗੁਰਦੇਵ ਸਿੰਘ ਅਤੇ ਜਲੰਧਰ ਦੇ ਸਮਾਜਸੇਵੀ ਤਰਸੇਮ ਕਪੂਰ ਨੂੰ ਸੁਸਾਇਟੀ ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਖਾਲਸਾ ਵੱਲੋਂ ਦਿੱਤੇ ਗਏ। ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ ਦਾ ਮੇਲੇ ਦੌਰਾਨ ਕੀਤੇ ਗਏ ਪ੍ਰਬੰਧਾਂ ਲਈ ਵਿਸ਼ੇਸ਼ ਅਵਾਰਡ ਦਿੱਤਾ ਗਿਆ। ਜਿਸ ਵਿਚ ਉਨ੍ਹਾਂ ਨੂੰ ਸਮ੍ਰਿਤੀ ਚਿੰਨ੍ਹ ਤੇ ਸਿਰੋਪਾਓ ਭੇਂਟ ਕੀਤਾ ਗਿਆ।ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪਿਛਲੇ 19 ਸਾਲਾਂ ਤੋਂ ਸਮਾਜ ਦੇ ਇਮਾਨਦਾਰ ਅਤੇ ਮਾਨਵ ਸੇਵਾ ਨੂੰ ਉਤਸ਼ਾਹਤ ਕਰਕੇ ਇਹ ਪੁਰਸਕਾਰ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਬਾਬਾ ਫਰੀਦ ਅਵਾਰਡ ਲਈ ਚੁਣੇ ਗਏ ਆਈ.ਜੀ. ਬੀ.ਚੰਦਰਸ਼ੇਖਰ ਨੇ ਪੁਲਿਸ ਵਿਭਾਗ ਵਿੱਚ ਆਪਣੇ ਸੇਵਾਕਾਲ ਨੂੰ ਇਮਾਨਦਾਰੀ ਦੀ ਜਿੰਦਾ ਮਿਸਾਲ ਬਣਾਇਆ ਹੈ । ਉਹ ਆਪਣੀ ਸੇਵਾ ਬਹੁਤ ਹੀ ਇਮਾਨਦਾਰੀ ਅਤੇ ਬਿਨਾਂ ਰਾਜਨੀਤਿਕ ਦਬਾਅ ਦੇ ਨਿਭਾਅ ਰਹੇ ਹਨ । ਇਸੇ ਤਰ੍ਹਾਂ ਭਗਤ ਪੂਰਨ ਸਿੰਘ ਐਵਾਰਡ ਲਈ ਚੁਣੀਆਂ ਗਈਆਂ ਦੋਵੇ ਸਖਸ਼ੀਅਤਾਂ ਵੀ ਮਾਨਵ ਸੇਵਾ ਦੀ ਬਿਹਤਰ ਮਿਸਾਲ ਹਨ । ਇਨ੍ਹਾਂ ਵਿਚੋਂ ਸਾਬਕਾ ਆਈ.ਏ.ਐਸ. ਗੁਰਦੇਵ ਸਿੰਘ ਸਾਲ 1984 ਦੇ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਅੰਮ੍ਰਿਤਸਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਤਾਇਨਾਤ ਸਨ । ਉਸ ਵੇਲੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਉਹ ਹਰਿਮੰਦਰ ਸਾਹਿਬ ਵਿਖੇ ਸੈਨਾ ਦੀ ਕਾਰਵਾਈ ਨਾ ਕਰਵਾਉਣ । ਜਦੋਂ ਉਨ੍ਹਾਂ ਦੀ ਸਲਾਹ ਨਾ ਮੰਨੀ ਗਈ ਤਾਂ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ । ਇਸੇ ਤਰ੍ਹਾਂ ਜਲੰਧਰ ਦੇ ਸਮਾਜ ਸੇਵੀ ਤਰਸੇਮ ਕਪੂਰ ਪਿਛਲੇ ਕਈ ਸਾਲਾਂ ਤੋਂ ਉੱਥੇ ਅਪਾਹਜ ਲੋਕਾਂ ਦੀ ਸੇਵਾ ਕਰ ਰਹੇ ਹਨ । ਹੁਣ ਤੱਕ ਉਹਨਾਂ ਨੇ ਤਕਰੀਬਨ 200 ਅਪਾਹਜ ਲੋਕਾਂ ਦੀ ਸੇਵਾ ਕੀਤੀ ਹੈ । ਇਨ੍ਹਾਂ ਨੂੰ ਇਕ ਇਕ ਲੱਖ ਰੁਪਏ ਨਕਦ, ਸਿਰੋਪਾਓ, ਦੋਸ਼ਾਲਾ ਅਤੇ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੇਵਾਦਾਰ ਟਿੱਲਾ ਬਾਬਾ ਫ਼ਰੀਦ ਐਡਵੋਕੇਟ ਮਹੀਪਇੰਦਰ ਸਿੰਘ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।