5 Dariya News

ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਸੂਫ਼ੀ ਸ਼ਾਮ ਦਾ ਆਯੋਜਨ

ਪ੍ਰਸਿੱਧ ਸੂਫੀ ਗਾਇਕ ਅਤੇ ਕਵਾਲ ਸਾਬਰੀ ਬ੍ਰਦਰਜ਼ ਨੇ ਦੇਰ ਰਾਤ ਤੱਕ ਕੀਤਾ ਆਪਣੇ ਫ਼ਨ ਦਾ ਮੁਜ਼ਾਹਰਾ

5 Dariya News

ਫਰੀਦਕੋਟ 22-Sep-2019

ਬੀਤੀ ਰਾਤ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਇਥੋਂ ਦੀ ਦਾਣਾ ਮੰਡੀ ਦੇ ਪੰਡਾਲ ਵਿਖੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੱਵਾਲ ਸਾਬਰੀ ਬ੍ਰਦਰਜ਼ ਵੱਲੋਂ ਦੇਰ ਰਾਤ ਤੱਕ ਵੱਖ ਵੱਖ ਮਕਬੂਲ ਕਲਾਮਾਂ ਰਾਹੀਂ ਫ਼ਨ ਦਾ ਮੁਜ਼ਾਹਰਾ ਕਰਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ ਗਿਆ ।ਇਸ ਸਮਾਗਮ ਵਿੱਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਸਾਂਸਦ ਜਨਾਬ ਮੁਹੰਮਦ ਸਦੀਕ, ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ  ਅਤੇ ਮੁੱਖ ਮੰਤਰੀ ਦੇ ਓਐੱਸਡੀ ਸ: ਸੰਦੀਪ ਸਿੰਘ ਸੰਨੀ ਬਰਾੜ ਬਾਬਾ ਫ਼ਰੀਦ ਯੂਨੀਵਰਸਿਟੀ ਤੇ ਉਪ ਕੁਲਪਤੀ ਡਾ ਰਾਜ ਬਹਾਦਰ , ਮੈਡਮ ਜਯੋਤੀ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ ।ਸਮਾਗਮ ਦੀ ਸ਼ੁਰੂਆਤ ਸਾਬਰੀ ਬ੍ਰਦਰਸ ਵੱਲੋਂ ਬਾਬਾ ਨਾਨਕ ਦੀ ਬਾਣੀ ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਨਾਲ ਕੀਤੀ ਗਈ ।ਇਸ ਉਪਰੰਤ ਉਨ੍ਹਾਂ ਨੇ ਆਪਣੀਆਂ ਮਕਬੂਲ ਕੱਵਾਲੀਆਂ ਅਤੇ ਕਲਾਮਾਂ ਤੂੰ ਮਾਲਕ ਹੈਂ ਤੂੰ ਮਾਲਕ ਹੈ ,ਨਿਗਾਹੇ ਕਰਮ ਤਾਜ ਦਾਰੇ ਹਰਮ ਹਮ ਗ਼ਰੀਬੋਂ ਕੀ ਜ਼ਿੰਦਗੀ ਸੰਵਰ ਜਾਏਗੀ , ਤੂੰ ਸੇ ਨਾਇਨਾ ਮਿਲਾਈ ਕੇ ਅਤੇ ਸੰਸਾਰ ਪ੍ਰਸਿੱਧ ਗੀਤ ਦੇਰ ਨਾ ਹੋ ਜਾਏ ਕਹੀਂ ਦੇਰ ਨਾ ਹੋ ਜਾਏ ਸਮੇਤ ਵੱਡੀ ਗਿਣਤੀ ਵਿੱਚ ਮਕਬੂਲ ਕਵਾਲੀਆਂ ਰਾਹੀਂ ਆਪਣੀ ਹਾਜ਼ਰੀ ਲਵਾਈ ।ਇਸ ਮੌਕੇ ਪ੍ਰਸਿੱਧ ਕਵਾਲ ਉਸਤਾਦ ਫ਼ਰੀਦ ਸਾਬਰੀ ਨੇ ਦੱਸਿਆ ਕਿ ਉਹ 33 ਸਾਲ ਮਗਰੋਂ ਫ਼ਰੀਦਕੋਟ ਵਿਖੇ ਆਏ ਹਨ ਤੇ ਉਨ੍ਹਾਂ ਨੂੰ ਬਾਬਾ ਫ਼ਰੀਦ ਜੀ ਦੀ ਨਗਰੀ ਵਿੱਚ ਦਰਸ਼ਨ ਕਰਕੇ ਅਤੇ ਇੱਥੋਂ ਦੇ ਮਿਲਾਪੜੇ ਲੋਕਾਂ ਨੂੰ ਮਿਲ ਕੇ ਬੇਹੱਦ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ  ।  ਇਸ ਮੌਕੇ ਫ਼ਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਇਸ ਸੂਫੀ ਸ਼ਾਮ ਵਿੱਚ ਸ਼ਿਰਕਤ ਕਰਨ ਤੇ ਸਾਬਰੀ ਬ੍ਰਦਰਜ਼ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸੁਸਾਇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਵੀ ਕੀਤਾ।  ਦੇਰ ਰਾਤ ਤੱਕ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਸਾਬਰੀ ਬ੍ਰਦਰਜ਼ ਦੀਆਂ ਕਵਾਲੀਆਂ ਦਾ ਅਨੰਦ ਮਾਣਿਆ। ਮੰਚ ਸੰਚਾਲਨ ਜਸਬੀਰ ਜੱਸੀ ਵੱਲੋਂ ਕੀਤਾ ਗਿਆ। ਇਸ ਮੌਕੇ ਸ. ਪਰਮਦੀਪ ਸਿੰਘ ਐਸ ਡੀ ਐਮ ਫਰੀਦਕੋਟ, ਸ. ਬਲਵਿੰਦਰ ਸਿੰਘ, ਐਸ ਡੀ ਐਮ ਕੋਟਕਪੂਰਾ, ਸ. ਰਾਮ ਸਿੰਘ ਐਸ ਡੀ ਐਮ ਜੈਤੋ, ਸ ਜਗਜੀਤ ਸਿੰਘ ਚਾਹਲ, ਪਰਮਜੀਤ ਸਿੰਘ ਤਹਿਸੀਲਦਾਰ , ਲਵਪ੍ਰੀਤ ਕੋਰ ਤਹਿਸੀਲਦਾਰ  ਸਮੇਤ ਵੱਡੀ ਗਿਣਤੀ ਵਿੱਚ ਪੰਤਵੰਤੇ ਤੇ ਸਰੋਤੇ ਹਾਜ਼ਰ ਸਨ।