5 Dariya News

ਸਮਾਰਟ ਬਣੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੀਤਾ ਉਦਘਾਟਨ

ਜ਼ਿਲ੍ਹੇ ਦੇ 224 ਅੱਪਰ ਪ੍ਰਾਇਮਰੀ ਸਕੂਲਾਂ ਵਿਚੋਂ 62 ਸਕੂਲ ਬਣਾਏ ਗਏ ਸਮਾਰਟ: ਵਿਧਾਇਕ ਪਿੰਕੀ

5 Dariya News

ਫ਼ਿਰੋਜ਼ਪੁਰ 21-Sep-2019

ਸਰਕਾਰੀ ਫ਼ੰਡਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਮਾਰਟ ਸਕੂਲ ਬਣੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਸ਼ਹਿਰ ਦਾ ਉਦਘਾਟਨ ਅੱਜ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੀਤਾ ਗਿਆ।ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 224 ਅੱਪਰ ਪ੍ਰਾਇਮਰੀ ਸਕੂਲਾਂ ਵਿਚੋਂ 62 ਸਕੂਲ ਸਮਾਰਟ ਬਣਾਏ ਜਾ ਚੁੱਕੇ ਹਨ ਜੋ ਦਿੱਖ ਅਤੇ ਸਿੱਖਿਆ ਪੱਖੋਂ ਪਬਲਿਕ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਅਤੇ ਦਰਿਆਈ ਮਾਰ ਨਾਂ ਪੈਣ ਕਾਰਨ ਵਿਕਾਸ ਦੀ ਲੀਹੋਂ ਲੈ ਪੱਛੜੇ ਪਣ ਦਾ ਸ਼ਿਕਾਰ ਹੋਏ ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲ ਸਮਾਰਟ ਬਣ ਸਿੱਖਿਆ ਦਾ ਚਾਨਣ ਮੁਨਾਰਾ ਬਣ ਚੁੱਕੇ ਹਨ। ਸ਼ਹਿਰੀ ਸਕੂਲ ਦੀ ਵਿਰਾਸਤੀ ਦਿੱਖ ਵਾਲੀ ਇਮਾਰਤ ਨੂੰ ਨਵਿਆਉਣ ਲਈ ਫ਼ੰਡਾਂ ਦੀ ਘਾਟ ਨਾ ਆਉਣ ਦੇਣ ਦਾ ਦਾਅਵਾ ਕਰਦਿਆਂ ਵਿਧਾਇਕ ਪਿੰਕੀ ਨੇ ਕਿਹਾ ਕਿ 5 ਲੱਖ ਰੁਪਏ ਪਹਿਲਾਂ ਦਿੱਤੇ ਸਨ ਅਤੇ 5 ਲੱਖ ਰੁਪਏ ਦੇ ਫ਼ੰਡ ਸਕੂਲ ਨੂੰ ਹੋਰ ਦਿੱਤੇ ਜਾਣ ਦਾ ਐਲਾਨ ਕੀਤਾ।ਇਸ ਤੋ ਪਹਿਲਾ ਸਕੂਲ ਪ੍ਰਬੰਧਕਾਂ ਵੱਲੋਂ ਪ੍ਰਿੰਸੀਪਲ ਰਾਜੇਸ਼ ਮਹਿਤਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰਭਾਵਸ਼ਾਲੀ ਰੰਗਾਰੰਗ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਡਿਪਟੀ ਡੀ.ਓ. ਕੋਮਲ ਅਰੋੜਾ, ਰਾਕੇਸ਼ ਸ਼ਰਮਾ ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ ਆਦਿ ਸਿੱਖਿਆ ਦੇ ਉੱਚ ਅਧਿਕਾਰੀਆਂ ਵੱਲੋਂ ਸਕੂਲ ਦਾ ਦੌਰਾ ਕਰਨ ਉਪਰੰਤ ਪ੍ਰਿੰਸੀਪਲ ਰਾਜੇਸ਼ ਮਹਿਤਾ ਵੱਲੋਂ ਆਏ ਫ਼ੰਡਾਂ ਦੀ ਸੁਚੱਜੀ ਵਰਤੋ ਕਰਕੇ ਸਕੂਲ ਦੀ ਬਦਲੀ ਨੁਹਾਰ ਦੀ ਭਰਪੂਰ ਪ੍ਰਸੰਸਾ ਕੀਤੀ। ਸਕੂਲ ਨੂੰ ਸਮੇਂ-ਸਮੇਂ ਸਿਰ ਦਿੱਤੇ ਗਏ ਫ਼ੰਡਾਂ 'ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕਰਦਿਆਂ ਪ੍ਰਿੰਸੀਪਲ ਰਾਕੇਸ਼ ਮਹਿਤਾ ਨੇ ਦੱਸਿਆ ਕਿ ਸਕੂਲ ਨੂੰ ਸਮਾਰਟ ਬਣਾਉਣ ਲਈ ਜਿੱਥੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਸਟਾਫ਼ ਵੱਲੋਂ ਜਿੱਥੇ ਲੱਖਾਂ ਰੁਪਏ ਇਕੱਤਰ ਕਰਕੇ ਸਕੂਲ ਦੀ ਦਿੱਖ ਸੰਵਾਰਨ ਲਈ ਲਗਾਏ ਹਨ, ਉੱਥੇ ਸਰਕਾਰੀ ਤੌਰ 'ਤੇ ਵੀ 22 ਤੋਂ 24 ਲੱਖ ਰੁਪਏ ਦੇ ਫ਼ੰਡਾਂ ਦੀ ਵਰਤੋਂ ਕਰਕੇ ਸਕੂਲ ਦੀ ਨੁਹਾਰ ਬਦਲੀ ਗਈ ਹੈ।  ਸਕੂਲ ਦੀਆਂ ਛੱਤਾਂ ਦੀ ਤਬਦੀਲੀ, ਰੰਗ ਰੋਗਨ ਕਰਨ, ਹੋਸਟਲ ਦੀ ਇਮਾਰਤ ਨੂੰ ਅੱਤ ਸੁੰਦਰ ਬਣਾਉਣ ਆਦਿ ਕੰਮਕਾਜ ਸਮੇਂ 4 ਕਮਰੇ ਜਿੱਥੇ ਸਮਾਰਟ ਕਲਾਸ ਰੂਮ ਬਣਾਏ ਗਏ ਹਨ, ਉੱਥੇ ਉਨ੍ਹਾਂ ਵਿਚ 2 ਲੱਖ 40 ਹਜ਼ਾਰ ਖ਼ਰਚ ਕੇ ਪ੍ਰੋਜੈਕਟਰ ਲਗਾਏ ਗਏ ਹਨ ਆਦਿ ਲੋੜੀਂਦੇ ਪ੍ਰਬੰਧ ਕਰਕੇ ਆਨ ਲਾਈਨ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ।ਸਮਾਗਮ ਦੌਰਾਨ ਸਟੇਜ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਲੈਕਚਰਾਰ ਬਲਰਾਜ ਸਿੰਘ ਨੇ ਜਿੱਥੇ ਸਕੂਲ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ, ਉੱਥੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸਕੂਲ ਦੀ ਦਸ਼ਾ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ 'ਤੇ ਵਿਸਥਾਰ ਸਾਹਿਤ ਚਾਨਣਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਛਾਬੜਾ ਉਪ ਚੇਅਰਮੈਨ ਜੈਨਕੋ ਪੰਜਾਬ, ਬਲਬੀਰ ਸਿੰਘ ਬਾਠ ਉਪ ਚੇਅਰਮੈਨ ਬਲਾਕ ਸੰਮਤੀ, ਸੁਖਵਿੰਦਰ ਸਿੰਘ ਅਟਾਰੀ ਪ੍ਰਧਾਨ ਯੂਥ ਕਾਂਗਰਸ ਹਲਕਾ ਸ਼ਹਿਰੀ, ਪਰਮਿੰਦਰ ਹਾਂਡਾ, ਰਿਸ਼ੀ ਸ਼ਰਮਾ, ਸੁਰਜੀਤ ਸਿੰਘ ਬੀ.ਡੀ.ਪੀ.ਓ., ਜਗਦੀਪ ਪਾਲ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਲੈਕਚਰਾਰ ਲਲਿਤ ਕੁਮਾਰ, ਕਮਲਦੀਪ ਸਿੰਘ, ਮਨਦੀਪ ਭੱਲਾ, ਅਮਨਪ੍ਰੀਤ ਕੌਰ, ਗੁਰਵਿੰਦਰ ਕੌਰ, ਅਰਵਿੰਦਰ ਪਾਲ ਕੌਰ, ਚਰਨਜੀਤ ਵਾਲੀਆ ਆਦਿ ਹਾਜ਼ਰ ਸਨ।