5 Dariya News

ਬਾਬਾ ਫਰੀਦ ਜੀ ਦੇ ਜੀਵਨ, ਬਾਣੀ, ਸਿੱਖਿਆਵਾਂ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

ਡਾ ਰਾਜ ਮੋਹਿੰਦਰ ਸਿੰਘ ਬੇਦੀ, ਡਾ ਮੁਸ਼ਤਾਕ ਕਾਦਰੀ, ਪ੍ਰੋ: ਅਖਤਰ ਉੱਲਾ, ਪ੍ਰੋ: ਬ੍ਰਹਮ ਜਗਦੀਸ਼, ਪ੍ਰੋ: ਦਲਬੀਰ ਸਿੰਘ ਨੇ ਹਿੱਸਾ ਲਿਆ

5 Dariya News

ਫਰੀਦਕੋਟ 19-Sep-2019

ਬਾਬਾ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਇਥੋਂ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਵਿਖੇ ਬਾਬਾ ਫਰੀਦ ਦੇ ਜੀਵਨ ,ਸਿੱਖਿਆਵਾਂ ਅਤੇ ਸਮਾਜ ਨੂੰ ਦੇਣ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਡਾ ਰਾਜ ਮਹਿੰਦਰ ਸਿੰਘ ਬੇਦੀ ਚਾਂਸਲਰ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼, ਡਾ ਮੁਸ਼ਤਾਕ ਕਾਦਰੀ ਦਿੱਲੀ ਯੂਨੀਵਰਸਿਟੀ ਅਤੇ ਪ੍ਰੋਫੈਸਰ ਅਖਤਰ ਉਲਾ ਵਾਈਸ ਚਾਂਸਲਰ ਮੌਲਾਨਾ ਆਜ਼ਾਦ ਯੂਨੀਵਰਸਿਟੀ ,ਪ੍ਰੋਫ਼ੈਸਰ ਬ੍ਰਹਮ ਜਗਦੀਸ਼ ਸਿੰਘ ਅਤੇ ਪ੍ਰੋਫੈਸਰ ਦਲਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਇਸ ਸਮਾਗਮ ਵਿਚ ਫ਼ਰੀਦਕੋਟ ਤੋਂ ਸਾਂਸਦ ਜਨਾਬ ਮੁਹੰਮਦ ਸਦੀਕ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਰਾਜ ਬਹਾਦਰ,ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ,ਐਸਐਸਪੀ ਸ: ਮਨਜੀਤ ਸਿੰਘ ਢੇਸੀ ਤੋਂ ਇਲਾਵਾ ਵੱਖ ਵੱਖ ਸਿਵਲ ,ਪ੍ਰਸ਼ਾਸਨਿਕ ਪੁਲੀਸ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖਿਆ ਜਗਤ ਦੀਆਂ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ ।ਸੈਮੀਨਾਰ ਦੇ ਸਵਾਗਤੀ ਭਾਸ਼ਣ ਵਿੱਚ ਪ੍ਰੋ: ਦਲਬੀਰ ਸਿੰਘ ਨੇ ਸਮੂਹ ਸ਼ਖ਼ਸੀਅਤਾਂ ਦਾ ਬਾਬਾ ਫ਼ਰੀਦ ਜੀ ਦੀ ਨਗਰੀ ਵਿੱਚ ਆਉਣ ਤੇ ਸਵਾਗਤ ਕਰਦਿਆਂ ਦੱਸਿਆ ਕਿ ਭਾਵੇਂ ਬਾਬਾ ਸ਼ੇਖ਼ ਫ਼ਰੀਦ ਜੀ 40 ਦਿਨ ਫ਼ਰੀਦਕੋਟ ਵਿੱਚ ਰਹੇ ਅਤੇ ਉਹ ਇੱਥੋਂ ਦੇ ਹੋ ਗਏ ।ਸ਼ਹਿਰ ਦਾ ਨਾਮ ਬਾਬਾ ਜੀ ਦੇ ਨਾਮ ਤੇ ਹੈ ਤੇ ਬਾਬਾ ਜੀ ਨੇ ਹੀ ਸ਼ਹਿਰ ਨੂੰ ਸਦਾਚਾਰ ਦਿੱਤਾ ਤੇ ਅੱਜ ਫਰੀਦਕੋਟ  ਦਾ ਨਾਮ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ।ਆਪਣੇ ਸੰਬੋਧਨ ਵਿੱਚ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ ਹਰਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਬਾਬਾ ਫਰੀਦ ਜੀ ਬਾਰ੍ਹਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਸਨ ਜਿਨ੍ਹਾਂ ਨੇ ਸੂਫੀਇਜ਼ਮ ਰਾਹੀ ਮੁਹੱਬਤ ਦਾ ਸੰਦੇਸ਼ ਪੂਰੀ ਦੁਨੀਆਂ ਨੂੰ ਦਿੱਤਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉੱਚ ਕੋਟੀ ਦੀ ਬਾਣੀ ਜੋ ਕਿ ਸਾਡਾ ਮਾਰਗ ਦਰਸ਼ਨ ਕਰਦੀ ਹੈ ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਗਿਆ।ਡਾ ਮੁਸ਼ਤਾਕ ਕਾਦਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਫਰੀਦ ਜੀ ਨੇ ਪੂਰੀ ਦੁਨੀਆਂ ਨੂੰ ਸੱਚ ਦਾ ਰਸਤਾ ਵਿਖਾਇਆ ਹੈ ਤੇ ਉਨ੍ਹਾਂ ਦੇ ਉਪਦੇਸ਼ ਪੂਰੀ ਮਨੁੱਖਤਾ ਲਈ ਸਦੀਵੀ ਤੇ ਪ੍ਰਮਾਣਿਕ ਹਨ।ਮੌਲਾਨਾ ਆਜ਼ਾਦ ਯੂਨੀਵਰਸਿਟੀ ਦੇ ਉਪ ਕੁਲਪਤੀ ਪਦਮ ਸ੍ਰੀ ਪ੍ਰੋਫੈਸਰ ਅਖਤਰ ਉੱਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਫ਼ਰੀਦ ਦੀ ਬਾਣੀ ਸੱਚ ਹੈ ਤੇ ਸੱਚ ਹਮੇਸ਼ਾਂ ਕਾਇਮ ਰਹਿੰਦਾ ਹੈ ਅਤੇ ਪੂਰੀ ਦੁਨੀਆਂ ਤੱਕ ਉਨ੍ਹਾਂ ਦੀ ਬਾਣੀ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੀ ਰਹੇਗੀ ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਉਪਰੰਤ ਬਾਬਾ ਜੀ ,ਇਸਲਾਮ ਤੇ ਸੂਫੀਵਾਦ ਦੀ ਪਰੰਪਰਾ ਨੂੰ ਹੋਰ ਬਲ ਮਿਲਿਆ। ਆਪਣੇ ਕੁੰਜੀਵਤ ਭਾਸ਼ਣ ਵਿੱਚ ਪ੍ਰੋਫ਼ੈਸਰ ਬ੍ਰਹਮ ਜਗਦੀਸ਼ ਸਿੰਘ ਨੇ ਕਿਹਾ ਕਿ ਬਾਬਾ ਫਰੀਦ ਜੀ ਦੀ ਬਾਣੀ  ਦਾ ਅਸਲ ਸੁਨੇਹਾ ਉਨ੍ਹਾਂ ਦੀ ਬਾਣੀ ਨੂੰ ਪੜ੍ਹ ਕੇ ਹੀ ਪ੍ਰਾਪਤ ਹੁੰਦਾ ਹੈ ।ਉਨ੍ਹਾਂ ਕਿਹਾ ਕਿ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਾਡਾ ਮਾਰਗ ਦਰਸ਼ਨ ਕਰਦੀ ਆਈ ਹੈ ਤੇ ਕਰਦੀ ਰਹੇਗੀ ।ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਉਪ ਕੁਲਪਤੀ ਡਾ ਰਾਜ ਬਹਾਦਰ ਨੇ ਇਸ ਸੈਮੀਨਾਰ ਵਿਚ ਭਾਗ ਲੈਣ ਵਾਲੀਆਂ ਵੱਖ ਵੱਖ  ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ  ਯੂਨੀਵਰਸਿਟੀ ਬਾਬਾ ਫਰੀਦ ਜੀ ਦੇ ਕਦਮ ਚਿੰਨ੍ਹਾਂ ਤੇ ਚੱਲ ਕੇ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਰਾਜ ਦੇ ਵਸਨੀਕਾਂ ਨੂੰ ਸਿਹਤ ਸਿੱਖਿਆ ਅਤੇ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।ਇਸ ਮੌਕੇ ਸਾਬਕਾ ਮੰਤਰੀ ਸ੍ਰੀ ਉਪੇਂਦਰ ਸ਼ਰਮਾ, ਡਾ ਐਸ ਪੀ ਸਿੰਘ, ਕੰਟਰੋਲਰ, ਸ੍ਰੀ ਸੁਰਿੰਦਰ ਗੁਪਤਾ,ਦੀਪਕ ਜੋਨ ਭੱਟੀ, ਰਜਿਸਟਰਾਰ ਡਾ ਗਿਆਨ ਚੰਦ ਅਹੀਰ ਸਮੇਤ ਵੱਡੀ ਗਿਣਤੀ ਵਿਚ ਸਖਸ਼ੀਅਤਾਂ ਹਾਜ਼ਰ ਸਨ।