5 Dariya News

ਮੰਤਰੀ ਮੰਡਲ ਦਾ ਫੈਸਲਾ ਨੇਹਾ ਸ਼ੋਰੀ ਦੇ ਪਰਿਵਾਰ ਨੂੰ 31 ਲੱਖ ਰੁਪਏ ਦੇ ਵਿਸ਼ੇਸ਼ ਵਿੱਤੀ ਲਾਭ ਮਿਲਣਗੇ

5 Dariya News

ਸੁਲਤਾਨਪੁਰ ਲੋਧੀ 10-Sep-2019

ਪੰਜਾਬ ਮੰਤਰੀ ਮੰਡਲ ਨੇ ਅੱਜ ਵਿਸ਼ੇਸ਼ ਕੇਸ ਵਜੋਂ ਮ੍ਰਿਤਕ ਨੇਹਾ ਸ਼ੋਰੀ ਦੇ ਕਾਨੂੰਨੀ ਵਾਰਸਾਂ ਨੂੰ ਲਗਭਗ 31 ਲੱਖ ਰੁਪਏ ਦੇ ਵਿੱਤੀ ਲਾਭ ਦੇਣ ਦੀ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਨੇਹਾ ਸ਼ੋਰੀ ਜ਼ੋਨਲ ਲਾਈਸੈਂਸਿੰਗ ਅਥਾਰਟੀ ਮੋਹਾਲੀ ਵਜੋਂ ਤਾਇਨਾਤ ਸੀ ਜਿਸ ਦੀ 29 ਮਾਰਚ, 2019 ਨੂੰ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਲਿਆ ਤਾਂ ਕਿ ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨੂੰ ਦਰਪੇਸ਼ ਵਿੱਤੀ ਔਕੜਾਂ ਦੂਰ ਕੀਤੀਆਂ ਜਾ ਸਕਣ।ਮੰਤਰੀ ਮੰਡਲ ਨੇ ਇਹ ਮਹਿਸੂਸ ਕੀਤਾ ਕਿ ਨੇਹਾ ਸ਼ੋਰੀ ਨੇ ਆਪਣੀ ਡਿਊਟੀ ਨਿਧੜਕ ਹੋ ਕੇ ਸਮਰਪਿਤ ਭਾਵਨਾ ਤੇ ਮਿਹਨਤ ਨਾਲ ਨਿਭਾਈ। ਇਸ ਕਰਕੇ ਉਸ ਦੇ ਪਰਿਵਾਰ ਨੂੰ ਵਿੱਤੀ ਲਾਭ ਦੇਣ ਲਈ ਕਾਰਜ ਬਾਅਦ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿੱਤੀ ਲਾਭਾਂ ਵਿੱਚ ਐਕਸ ਗ੍ਰੇਸ਼ੀਆ ਦੇ 20 ਲੱਖ ਰੁਪਏ, ਜੀ.ਆਈ.ਐਸ. ਦੀ ਬੱਚਤ ਰਾਸ਼ੀ 0.09 ਲੱਖ ਰੁਪਏ ਤੋਂ ਇਲਾਵਾ ਡੈੱਥ-ਕਮ-ਰਿਟਾਇਰਮੈਂਟ ਗ੍ਰੈਚਿਊਟੀ ਦੇ 6.99 ਲੱਖ ਰੁਪਏ, ਲੀਵ ਇਨਕੈਸ਼ਮੈਂਟ ਦੇ 3.28 ਲੱਖ ਰੁਪਏ ਅਤੇ ਜੀ.ਆਈ.ਐਸ. ਦੇ 0.60 ਲੱਖ ਰੁਪਏ ਸ਼ਾਮਲ ਹਨ।ਨੇਹਾ ਸ਼ੋਰੀ ਸਾਲ 2007 ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਡਰੱਗ ਇੰਸਪੈਕਟਰ ਚੁਣੀ ਗਈ ਸੀ। ਉਸ ਨੇ ਅਕਤੂਬਰ, 2007 ਵਿੱਚ ਰੋਪੜ ਜ਼ਿਲ੍ਹੇ ਵਿੱਚ ਡਿਊਟੀ ਜੁਆਇਨ ਕੀਤੀ ਅਤੇ ਸਾਲ 2013 ਵਿੱਚ ਵਿਭਾਗ ਨੇ ਉਸ ਨੂੰ ਜ਼ਿਲ੍ਹਾ ਜ਼ੋਨਲ ਲਾਇਸੈਂਸਿੰਗ ਅਥਾਰਟੀ ਦੀ ਜ਼ਿੰਮੇਵਾਰੀ ਦਿੱਤੀ। 29 ਮਾਰਚ, 2019 ਨੂੰ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਡਿਊਟੀ ਦੌਰਾਨ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।