5 Dariya News

ਬਾਰਸ਼ਾਂ ਅਤੇ ਚੋਆਂ ਦੇ ਪਾਣੀ ਨਾਲ ਹੋਏ ਖਰਾਬੇ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ - ਮਨੀਸ਼ ਤਿਵਾੜੀ

ਐਮ.ਐਲ.ਏ. ਅੰਗਦ ਸਿੰਘ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 09-Sep-2019

ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਨੇ ਅੱਜ ਬਾਰਸ਼ਾਂ ਅਤੇ ਚੋਆਂ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਐਮ.ਐਲ.ਏ. ਅੰਗਦ ਸਿੰਘ ਨਾਲ ਦੌਰਾ ਕਰਦੇ ਹੋਏ, ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਲੋਂ ਇਸ ਖਰਾਬੇ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਬਬਲਾਨੀ ਨਾਲ ਫੋਨ `ਤੇ ਗੱਲਬਾਤ ਕਰਕੇ ਖਰਾਬੇ ਦੀ ਚੱਲ ਰਹੀ ਗਿਰਦਾਵਰੀ `ਚ ਤੇਜ਼ੀ ਲਿਆਉਣ ਲਈ ਆਖਿਆ ਤਾਂ ਜੋ ਸਰਕਾਰ ਨੂੰ ਮੁਆਵਜ਼ੇ ਦੀ ਰਾਸ਼ੀ ਦਾ ਸਹੀ ਅਨੁਮਾਨ ਜਲਦ ਤੋਂ ਜਲਦ ਭੇਜਿਆ ਜਾ ਸਕੇ।ਮਲਕਪੁਰ, ਧੈਂਗੜਪੁਰ ਅਤੇ ਤਾਜੋਵਾਲ `ਚ ਬੰਨ੍ਹ ਅੰਦਰ ਸਥਿਤ ਫ਼ਸਲ ਦੇ ਪਾਣੀ ਨਾਲ ਹੋਏ ਨੁਕਸਾਨ ਨੂੰ ਦੇਖਦਿਆਂ ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਇੱਕ ਇੱਕ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਦਰਿਆ ਕਾਰਨ ਹੁੰਦੇ ਨੁਕਸਾਨ ਦੀ ਰੋਕਥਾਮ ਲਈ ਕੇਂਦਰੀ ਜਲ ਸ੍ਰੋਤ ਮੰਤਰਾਲੇ ਨਾਲ ਵੀ ਗੱਲ ਕਰਨਗੇ ਤਾਂ ਜੋ ਇਸ ਦਾ ਕੋਈ ਪੱਕਾ ਹੱਲ ਲੱਭਿਆ ਜਾ ਸਕੇ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਵਲੋਂ ਦਰਿਆਵਾਂ ਦਾ ਨਹਿਰਾਂ ਦੀ ਤਰਜ਼ `ਤੇ `ਕੈਨੇਲਾਈਜ਼` ਕਰਨ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਦਾ ਦਰਦ ਭਲੀਭਾਂਤ ਸਮਝਦੇ ਹਨ ਅਤੇ ਦਰਿਆਵਾਂ ਦੇ ਕੈਨੇਲਾਈਜ਼ ਦਾ ਉਨ੍ਹਾਂ ਦਾ ਫੈਸਲਾ ਨਿਸ਼ਚੇ ਹੀ ਕਿਸਾਨਾਂ ਦੇ ਹਿੱਤ ਵਿੱਚ ਜਾਵੇਗਾ।ਲੋਕ ਸਭਾ ਮੈਂਬਰ ਸ਼੍ਰੀ ਤਿਵਾੜੀ ਨੇ ਭਾਖੜਾ ਡੈਮ ਤੋਂ ਦਰਿਆ ਵਿੱਚ ਵਾਧੂ ਪਾਣੀ ਛੱਡੇ ਜਾਣ ਦੌਰਾਨ ਐਮ.ਐਲ.ਏ. ਅੰਗਦ ਸਿੰਘ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਦਰਿਆ ਦੇ ਕੰਢਿਆਂ ਨੂੰ ਟੁੱਟਣ ਤੋਂ ਬਚਾਉਣ `ਚ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ, ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਪ੍ਰਸ਼ੰਸ਼ਾ ਕੀਤੀ।ਇਸ ਮੌਕੇ ਪੰਜਾਬ ਲਾਰਜ ਇੰਡੀਸਟਰੀਅਨ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਸੀਨੀਅਰ ਕਾਂਗਰਸ ਆਗੂ ਰਾਣਾ ਕੁਲਦੀਪ ਸਿੰਘ ਜਾਡਲਾ, ਚਮਨ ਸਿੰਘ ਭਾਨ ਮਜਾਰਾ, ਬਲਾਕ ਕਾਂਗਰਸ ਨਵਾਂਸ਼ਹਿਰ ਦੇ ਪ੍ਰਧਾਨ ਜੋਗਿੰਦਰ ਸਿੰਘ ਬਗੌਰਾਂ, ਮੈਂਬਰ ਬਲਾਕ ਸੰਮਤੀ ਗੁਰਬਚਨ ਸਿੰਘ ਦੋਪਾਲਪੁਰ, ਗੁਰਜਿੰਦਰ ਸਿੰਘ ਛੋਕਰਾਂ, ਹੁਕਮ ਚੰਦ ਰਾਣੇਵਾਲ, ਮੱਖਣ ਸਿੰਘ ਤਾਜੋਵਾਲ ਮੌਜੂਦ ਸਨ।