5 Dariya News

ਕਾਇਆ ਕਲਪ ਮੁਹਿੰਮ ਤਹਿਤ ਸਿਹਤ ਵਿਭਾਗ ਕਪੂਰਥਲਾ ਨੂੰ ਮਿਲੇ 5 ਐਵਾਰਡ

ਡਾ. ਸਾਰਿਕਾ ਦੁੱਗਲ ਦੂਸਰੀ ਵਾਰ ਬੈਸਟ ਡੀ.ਐੱਮ.ਸੀ ਦੇ ਐਵਾਰਡ ਨਾਲ ਨਵਾਜੇ ਗਏ

5 Dariya News

ਕਪੂਰਥਲਾ 06-Sep-2019

ਸਿਹਤ ਵਿਭਾਗ ਕਪੂਰਥਲਾ ਨੇ ਇੱਕ ਵਾਰ ਫੇਰ  ਕਾਇਆਕਲਪ  ਪ੍ਰੋਗਰਾਮ ਵਿੱਚ ਵਧੀਆ ਪ੍ਰਦਰਸ਼ਨ ਕਰ 5 ਐਵਾਰਡ ਹਾਸਲ ਕੀਤੇ ਹਨ। ਇਹ ਐਵਾਰਡ ਮਾਨਸਾ ਵਿਖੇ ਹੋਏ ਰਾਜ ਪੱਧਰੀ ਸਮਾਰੋਹ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਭੇਂਟ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਕਪੂਰਥਲਾ ਨੂੰ ਸਬ ਡਵੀਜਨਲ ਪੱਧਰ ਤੇ 2 ਐਵਾਰਡ ਤੇ ਕਮਿਊਨਿਟੀ ਹੈਲਥ ਸੈਂਟਰ ਪੱਧਰ ਤੇ 3 ਐਵਾਰਡ ਹਾਸਲ ਹੋਏ ਹਨ।ਜਿਕਰਯੋਗ ਹੈ ਕਿ ਸਬ ਡਵੀਜਨਲ ਪੱਧਰ ਤੇ ਭੁੱਲਥ ਤੇ ਸੁਲਤਾਨਪੁਰ ਲੋਧੀ ਅਤੇ ਸੀ.ਐੱਚ.ਸੀ. ਪੱਧਰ ਤੇ ਫੱਤੂਢਿੰਗਾ, ਟਿੱਬਾ ਅਤੇ ਬੇਗੋਵਾਲ ਨੂੰ ਕਾਇਆ ਕਲਪ ਮੁਹਿੰਮ ਦੀ ਕਸੌਟੀ ਤੇ ਖਰਾ ਉਤਰਣ ਲਈ ਇਹ ਐਵਾਰਡ ਪ੍ਰਾਪਤ ਹੋਏ ਹਨ।ਇਸ ਤੋਂ ਇਲਾਵਾ ਕਾਇਆ ਕਲਪ ਦੇ ਪ੍ਰੋਗਰਾਮ ਅਫਸਰ ਡਾ. ਸਾਰਿਕਾ ਦੁੱਗਲ ਨੂੰ ਵੀ ਲਗਾਤਾਰ ਦੂਸਰੀ ਵਾਰ ਬੈਸਟ ਡੀ.ਐੱਮ.ਸੀ. ਦੇ ਐਵਾਰਡ ਨਾਲ ਨਵਾਜਿਆ ਗਿਆ। ਡਾ. ਜਸਮੀਤ ਕੌਰ ਬਾਵਾ ਨੇ ਐਵਾਰਡ ਹਾਸਲ ਕਰਨ ਵਾਲੀਆਂ ਸੰਸਥਾਵਾਂ ਨੂੰ ਅਤੇ ਡਾ. ਸਾਰਿਕਾ ਦੁੱਗਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।ਨਾਲ ਹੀ ਉਨ੍ਹਾਂ ਸਟਾਫ ਨੂੰ ਪ੍ਰੇਰਿਆ ਕਿ ਉਹ ਭਵਿੱਖ ਵਿਚ ਵੀ ਇਸ ਉੱਚ ਦਰਜੇ ਦੇ ਮਿਆਰ ਨੂੰ ਕਾਇਮ ਰੱਖਣ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਸਿਹਤ ਕੇਂਦਰਾਂ ਦੀ ਗੁਣਵੱਤਾ ਨੂੰ ਵੇਸਟ ਮੈਨੇਜਮੈਂਟ, ਹਾਈਜੀਨ ਪ੍ਰਮੋਸ਼ਨ, ਸਪੋਰਟ ਸਰਵਿਸ ਤੇ ਇੰਨਫੈਕਸ਼ਨ ਕੰਟਰੋਲ ਮੈਨੇਜਮੈਂਟ ਆਦਿ ਬਿੰਦੂਆਂ ਦੇ ਆਧਾਰ ਤੇ ਪਰਖਿਆ ਜਾਂਦਾ ਹੈ।

300 ਦੇ ਕਰੀਬ ਹਨ ਕਾਇਆ ਕਲਪ ਦੇ ਪੈਰਾਮੀਟਰ

ਡਿਪਟੀ ਮੈਡੀਕਲ ਕਮਿਸ਼ਨਰ ਕਮ ਪ੍ਰੋਗਰਾਮ ਅਫਸਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਕਾਇਆ ਕਲਪ ਮੁਹਿੰਮ ਦਾ ਉਦੇਸ਼ ਸਰਕਾਰੀ ਸਿਹਤ ਕੇਂਦਰਾਂ ਵਿੱਚ ਸਫਾਈ ਵਿਵਸਥਾ ਨੂੰ ਵਧਾਵਾ ਦੇਣਾ ਹੈ ਨਾਲ ਹੀ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਮੁਹੱਇਆ ਕਰਵਾਉਣਾ ਹੈ।ਡਾ. ਸਾਰਿਕਾ ਦੁੱਗਲ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਵਿੱਚ ਭਾਗ ਲੈਣ ਵਾਲੀਆਂ ਸਿਹਤ ਸੰਸਥਾਵਾਂ ਨੂੰ ਕਾਇਆ ਕਲਪ ਮੁਹਿੰਮ ਦੇ ਵੱਖੋ ਵੱਖਰੇ 300 ਦੇ ਕਰੀਬ ਮਾਪਦੰਡਾਂ ਤੇ ਖਰਾ ਉਤਰਣ ਤੇ ਇਹ ਐਵਾਰਡ ਦਿੱਤੇ ਜਾਂਦੇ ਹਨ।ਜਿਕਰਯੋਗ ਹੈ ਕਿ ਡਾ. ਸਾਰਿਕਾ ਦੁੱਗਲ ਨਵੰਬਰ 2016 ਤੋਂ ਇਸ ਮੁਹਿੰਮ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਨੂੰ ਇਸ ਮੁਹਿੰਮ ਤਹਿਤ ਪਹਿਲਾਂ ਵੀ ਕਈ ਐਵਾਰਡ ਹਾਸਲ ਹੋ ਚੁੱਕੇ ਹਨ। ਡਾ. ਸਾਰਿਕਾ ਕਾਇਆ ਕਲਪ ਮੁਹਿੰਮ ਦੀ ਸਟੇਟ ਅਸੈਸਮੈਂਟ ਟੀਮ ਦੇ ਵੀ ਮੈਂਬਰ ਹਨ ਤੇ ਦੂਸਰੇ ਜਿਲ੍ਹਿਆਂ ਦੇ ਸਰਕਾਰੀ ਸਿਹਤ ਕੇਂਦਰਾਂ ਦੀ ਅਸੈਸਮੈਂਟ ਕਰਨ ਵਿੱਚ ਆਪਣੀ ਅਹਿਮ ਭੁਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੀ ਅਣਥੱਕ ਮਿਹਨਤ ਤੇ ਜਿਲੇ ਦੇ ਸਰਕਾਰੀ ਸਿਹਤ ਕੇਂਦਰਾਂ ਦੀ ਉੱਚ ਗੁਣਵੱਤਾ ਨੂੰ ਕਾਇਮ ਰੱਖਣ ਸਦਕਾ ਇਹ ਐਵਾਰਡ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱੱਤਾ ਗਿਆ ਹੈ।ਡਾ. ਸਾਰਿਕਾ ਦੁੱਗਲ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦੇ ਕੁਸ਼ਲ ਮਾਰਗਦਰਸ਼ਨ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਣਦੇਹੀ ਨਾਲ ਕੰਮ ਕਰਣਗੇ ਤੇ ਸਾਰਿਆਂ ਦੇ ਸਹਿਯੋਗ ਨਾਲ ਸਿਹਤ ਵਿਭਾਗ ਕਪੂਰਥਲਾ ਨੂੰ ਸਟੇਟ ਪੱਧਰ ਤੇ ਮੋਹਰੀ ਜਿਲ੍ਹਿਆਂ ਵਿੱਚ ਸ਼ਾਮਲ ਕਰਣਗੇ।