ਅਧਿਆਪਕ ਦਿਵਸ ਤੇ ਸਨਮਾਨੇ ਅਧਿਆਪਕ, ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਮਿਲਿਆ ਸਨਮਾਨ
ਰਾਸ਼ਟਰਪਤੀ ਵੱਲੋਂ ਅਧਿਆਪਕ ਅਮਰਜੀਤ ਸਿੰਘ ਨੂੰ ਰਾਸ਼ਟਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ
5 Dariya News
ਮਾਨਸਾ 05-Sep-2019
ਜ਼ਿਲ੍ਹਾ ਮਾਨਸਾ ਦੀ ਅਵਾਰਡਾਂ ਦੀ ਲੜੀ ਵਿਚ ਹੋਰ ਅਵਾਰਡਾਂ ਦਾ ਨਾਮ ਵੀ ਜੁੜ ਗਿਆ ਹੈ ਜਿਸ ਲਈ ਜ਼ਿਲ੍ਹੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਅੱਜ ਅਧਿਆਪਕ ਦਿਵਸ ਤੇ ਮਾਨਸਾ ਜ਼ਿਲ੍ਹੇ ਦੇ 9 ਅਧਿਆਪਕਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿਚੋਂ ਅਧਿਆਪਕ ਸ੍ਰੀ ਅਮਰਜੀਤ ਸਿੰਘ ਨੂੰ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਜ਼ਿਲ੍ਹੇ ਦੇ 8 ਹੋਰ ਅਧਿਆਪਕਾਂ ਨੂੰ ਦਫ਼ਤਰ ਸਿੱਖਿਆ ਵਿਭਾਗ ਮੋਹਾਲੀ ਵਿਖੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਇਹ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਅਧਿਆਪਕ ਦਿਵਸ ਤੇ ਮਾਨਸਾ ਦੇ 9 ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਮਿਲੇ ਹਨ ਜਿੰਨ੍ਹਾਂ ਵਿਚ 1 ਰਾਸ਼ਟਰੀ ਪੁਰਸਕਾਰ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਮਾਨਸਾ ਵਾਸੀ ਹਰ ਖੇਤਰ ਵਿਚ ਚਾਹੇ ਉਹ ਸਿੱਖਿਆ ਦਾ ਖੇਤਰ ਹੈ, ਖੇਡਾਂ ਦਾ ਖੇਤਰ ਹੈ, ਸਾਹਿਤ ਜਾਂ ਰੰਗਮੰਚ ਦਾ ਖੇਤਰ ਹੋਵੇ, ਇਥੋਂ ਦੇ ਲੋਕਾਂ ਨੇ ਹਮੇਸ਼ਾ ਹੀ ਮੱਲਾਂ ਮਾਰੀਆਂ ਹਨ। ਇੱਥੋਂ ਦੇ ਲੋਕ ਹਰ ਖੇਤਰ ਵਿਚ ਮੋਹਰੀ ਅਤੇ ਹੋਰਨਾ ਲਈ ਰਾਹਦਸੇਰਾ ਹਨ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਨ੍ਹਾਂ ਅਧਿਆਪਕਾਂ ਤੋਂ ਸੇਧ ਲੈ ਕੇ ਹਰ ਖੇਤਰ ਵਿਚ ਕੰਮ ਕਰਨ ਵਾਲੇ ਵਿਅਕਤੀ ਸਮਾਜ ਵਿਚ ਅਹਿਮ ਭੂਮਿਕਾ ਅਦਾ ਕਰਨਗੇ।ਮਾਨਸਾ ਦੇ ਸ੍ਰੀ ਅਮਰਜੀਤ ਸਿੰਘ ਜੋ ਕਿ ਪਿੰਡ ਰੰਘੜਿਆਲ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਵਿਗਿਆਨ ਵਿਸ਼ੇ ਦੇ ਅਧਿਆਪਕ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਅੱਜ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਅਮਰਜੀਤ ਸਿੰਘ ਜੋ ਕਿ 13 ਸਾਲ ਤੋਂ ਅਧਿਆਪਕ ਦੇ ਤੌਰ ਤੇ ਕੰਮ ਕਰ ਰਹੇ ਹਨ ਸਮਾਰਟ ਸਕੂਲਾਂ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਬਿਲਡਿੰਗ ਤੇ ਲਰਨਿੰਗ ਐਡ (ਬਾਲਾ) ਦੇ ਕੋਆਰਡੀਨੇਟਰ ਵੀ ਹਨ। ਜ਼ਿਲ੍ਹੇ ਭਰ ਵਿਚ ਬਣੇ ਸਮਾਰਟ ਸਕੂਲਾਂ ਨੂੰ ਬਣਾਉਣ ਅਤੇ ਸਿੱਖਿਆ ਦਾ ਪੱਧਰ ਸੁਧਾਰਨ ਲਈ ਦਿੱਤੇ ਵਿਸ਼ੇਸ਼ ਯੋਗਦਾਨ ਸਦਕਾ ਉਨ੍ਹਾਂ ਦੀ ਚੋਣ ਰਾਸ਼ਟਰੀ ਪੁਰਸਕਾਰ ਲਈ ਹੋਈ ਹੈ।ਅਧਿਆਪਕ ਸ੍ਰੀ ਅਮਰਜੀਤ ਸਿੰਘ ਨੇ ਜਿੱਥੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਉੱਥੇ ਹੀ ਜਿਸ ਸਕੂਲ ਵਿਚ ਉਨ੍ਹਾਂ ਦੀ ਨਿਯੁਕਤੀ ਹੋਈ ਉਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ, ਜਿਸ ਲਈ ਸ੍ਰੀ ਅਮਰਜੀਤ ਸਿੰਘ ਨੂੰ ਸਟੇਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸ੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਵਾਰ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਇਲਾਵਾ ਸਾਲ 2016 ਵਿਚ ਸਿੱਖਿਆ ਮੰਤਰੀ ਦੁਆਰਾ ਵੀ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 8 ਹੋਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਵੱਲੋਂ ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਸੇਵਾਵਾਂ ਨਿਭਾਉਣ ਬਦਲੇ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿੰਨ੍ਹਾਂ ਵਿਚ ਸ੍ਰੀ ਅਸ਼ੋਕ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾਂ, ਸ੍ਰੀ ਪਰਵਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਘਰਾਂਗਣਾ, ਸ੍ਰੀ ਗੁਰਨੈਬ ਸਿੰਘ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਨ ਮਘਾਣੀਆਂ, ਸ੍ਰੀ ਜਗਜੀਤ ਸਿੰਘ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਮੂਸਾ, ਸ੍ਰੀ ਜਗਮੀਤ ਸਿੰਘ ਪੰਜਾਬੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲਾ, ਸ੍ਰੀ ਮੱਖਣ ਸਿੰਘ ਲੈਕਚਰਾਰ ਸਰੀਰਿਕ ਸਿੱਖਿਆ, ਸ੍ਰੀ ਸਤਪਾਲ ਸਿੰਘ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬੱਛੋਆਣਾ, ਸ੍ਰੀ ਵਨੀਤ ਕੁਮਾਰ ਸਿੰਗਲਾ ਐਸ.ਐਸ. ਅਧਿਆਪਕ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਸ਼ਾਮਿਲ ਹਨ।