5 Dariya News

ਹੜ੍ਹ ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਦੇਵਾਂਗੇ : ਮਨੀਸ਼ ਤਿਵਾੜੀ

ਐਮਪੀ ਤਿਵਾੜੀ ਨੇ ਮਾਜਰੀ ਬਲਾਕ ਦਾ ਦੌਰਾ ਕਰਕੇ ਅਫਸਰਾਂ ਨੂੰ ਦਿੱਤੇ ਨਿਰਦੇਸ਼

5 Dariya News

ਖਰੜ 30-Aug-2019

ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅੱਜ ਖਰੜ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਉਥੋਂ ਦੇ ਪ੍ਰਭਾਵਿਤ ਲੋਕਾਂ ਤੋਂ ਉਨ੍ਹਾਂ ਦੀ ਤਕਲੀਫ ਸੁਣ ਕੇ ਮੌਕੇ ’ਤੇ ਹੀ ਡ੍ਰੇਨੇਜ ਵਿਭਾਗ, ਪੰਚਾਇਤੀ ਵਿਭਾਗ ਅਤੇ ਹੋਰਨਾਂ ਵਿਭਾਗਾਂ ਨੂੰ ਤੱਤਕਾਲ ਗਿਰਦਾਵਰੀ ਕਰਵਾਉਣ ਅਤੇ ਨੁਕਸਾਨ ਦੀ ਵਿਸਥਾਰ ਨਾਲ ਰਿਪੋਰਟ ਬਣਾ ਕੇ ਮੁਆਵਜਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਤਿਵਾੜੀ ਨੇ ਵੱਖ-ਵੱਖ ਪਿੰਡਾਂ ਜਯੰਤੀ ਮਾਜਰੀਆ, ਛੋਟੀ ਬੜੀ ਨੰਗਲ, ਮਾਜਰੀ, ਸਲੇਮਪੁਰ ਖੁਰਦ, ਕੁਰਾਲੀ ਸ਼ਹਿਰ, ਸਹੌੜਾ, ਸਵਾੜਾ ਦਾ ਦੌਰਾ ਕੀਤਾ ਅਤੇ ਖਾਸ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਤੇ ਉਥੇ ਜਾਰੀ ਰਾਹਤ ਕਾਰਜਾਂ ਦੀ ਸਥਿਤੀ ਦਾ ਜਾਇਜਾ ਲਿਆ। ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਤਿਵਾੜੀ ਨੇ ਪ੍ਰਸ਼ਾਸਨਿਕ ਅਫਸਰਾਂ ਨੂੰ ਸੇਮ ਦੇ ਪਾਣੀ ਨੂੰ ਰਿਹਾਇਸ਼ੀ ਏਰੀਆ ’ਚ ਆਉਣ ਤੋਂ ਰੋਕਣ ਤੇ ਭਵਿੱਖ ’ਚ ਅਜਿਹੇ ਨੁਕਸਾਨ ’ਤੇ ਲਗਾਮ ਲਗਾਉਣ ਲਈ ਠੋਸ ਕਦਮ ਚੁੱਕਣ ਨੂੰ ਕਿਹਾ।ਉਨ੍ਹਾਂ ਕਿਹਾ ਕਿ ਉਹ ਇਸ ਕੁਦਰਤੀ ਆਫਤ ਮੌਕੇ ਪ੍ਰਭਾਵਿਤਾਂ ਦੇ ਦੁੱਖ ’ਚ ਹਰ ਪੱਲ ਉਨ੍ਹਾਂ ਨਾਲ ਡੱਟ ਕੇ ਖੜ੍ਹੇ ਹਨ ਅਤੇ ਜਿਨ੍ਹਾਂ ਦੇ ਘਰ ਤੇ ਪਸ਼ੂਧਨ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਵੀ ਜ਼ਲਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਤਿਵਾੜੀ ਨਾਲ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਜਿਲ੍ਹਾ ਪ੍ਰੀਸ਼ਦ ਮੈਂਬਰ ਰਾਜਵਿੰਦਰ ਕੰਗ, ਸ਼ਹਿਰੀ ਪ੍ਰਧਾਨ ਨਿੰਦੀ ਬਾਂਸਲ, ਕੌਂਸਲਰ ਹੈੱਪੀ ਧੀਮਾਨ, ਰਮਾਕਾਂਤ ਕਾਲੀਆ, ਜਗਦੀਪ ਕੌਰ, ਸੰਜੀਵ ਟੰਡਨ, ਜੀਤੀ ਬਡਿਆਲਾ, ਸਰਪੰਚ ਰਮਨਜੀਤ, ਜਸਬੀਰ ਰਾਣਾ, ਕ੍ਰਿਪਾਲ ਸਿੰਘ ਆਦਿ ਵੀ ਮੌਜ਼ੂਦ ਰਹੇ।