5 Dariya News

‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਲਗਾਇਆ ਤੀਜ ਮੇਲਾ

ਚੰਗਾ ਪਾਲਣ ਪੋਸ਼ਣ ਕਰਕੇ ਮਾਪੇ ਧੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਲੜਨ ਦੇ ਯੋਗ ਬਣਾਉਣ : ਵਧੀਕ ਡਿਪਟੀ ਕਮਿਸ਼ਨਰ

5 Dariya News

ਬਰਨਾਲਾ 28-Aug-2019

ਜ਼ਿਲਾ ਵਾਸੀਆਂ ਨੂੰ ਧੀਆਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਤੇ ਲੜਕੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ‘ਬੇਟੀ ਬਚਾਓ ਬੇਟੀ ਪੜਾਓ’ ਮਹਿੰਮ ਤਹਿਤ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਤੀਜ ਮੇਲਾ ਕਰਵਾਇਆ ਗਿਆ। ਇਸ ਮੇਲੇ ’ਚ ਛੋਟੀਆਂ ਬੱਚੀਆਂ ਲਈ ‘ਹੈਲਥੀ ਬੇਬੀ ਸ਼ੋਅ’ ਤੋਂ ਇਲਾਵਾ ਸਕੂਲਾਂ-ਕਾਲਜਾਂ ’ਚ ਪੜਦੀਆਂ ਲੜਕੀਆਂ ਤੇ ਵਿਆਹੀਆਂ ਔਰਤਾਂ ਲਈ ਵੀ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਨਾਂ ’ਚ ਵੱਡੀ ਗਿਣਤੀ ’ਚ ਲੜਕੀਆਂ ਤੇ ਮਹਿਲਾਵਾਂ ਨੇ ਭਾਗ ਲਿਆ। ਇਨਾਂ ਮੁਕਾਬਲਿਆਂ ’ਚ ਮਿਸ ਤੀਜ, ਮਿਸਿਜ਼ ਤੀਜ, ਪੱਖੀ ਬੁਣਨਾ, ਪੀੜੀ ਬੁਣਨਾ, ਨਾਲੇ ਬੁਣਨਾ, ਫੁਲਕਾਰੀ ਕੱਢਣਾ, ਰੰਗੋਲੀ ਤੇ ਮਹਿੰਦੀ ਲਗਾਉਣਾ ਆਦਿ ਸ਼ਾਮਲ ਸਨ। ਇਸ ਮੌਕੇ ਵੱਖਲੂ-ਵੱਖ ਸਕੂਲਾਂ, ਕਾਲਜਾਂ, ਸੈਲਫ਼ ਹੈਲਪ ਗਰੁੱਪਾਂ ਤੇ ਸਮਾਜ ਸੇਵੀਆਂ ਵੱਲੋਂ ਔਰਤਾਂ ਦੇ ਸਮਾਜ ’ਚ ਯੋਗਦਾਨ ਨੂੰ ਮੁੱਖ ਰੱਖਦਿਆਂ ਸਟਾਲਾਂ ਵੀ ਲਗਾਈਆਂ ਗਈਆਂ ਸਨ।ਤੀਜ ਮੇਲੇ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਰੂਹੀ ਦੁੱਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਮੇਲੇ ਦਾ ਮੁੱਖ ਮਕਸਦ ਜ਼ਿਲਾ ਵਾਸੀਆਂ ਨੂੰ ਧੀਆਂ ਦੇ ਚੰਗੇ ਪਾਲਣ ਪੋਸ਼ਣ ਪ੍ਰਤੀ ਪ੍ਰੇਰਿਤ ਕਰਨਾ ਹੈ ਤਾਂ ਜੋ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਮੌਕਾ ਮਿਲ ਸਕੇ। ਉਨਾਂ ਕਿਹਾ ਕਿ ਜੇਕਰ ਬਚਪਨ ਤੋਂ ਹੀ ਧੀਆਂ ਨੂੰ ਉਨਾਂ ਦੇ ਅਧਿਕਾਰ ਮਿਲਣ ਤਾਂ ਉਹ ਕਿਸੇ ਵੀ ਖੇਤਰ ’ਚ ਪਿੱਛੇ ਨਹੀਂ ਰਹਿੰਦੀਆਂ। 

ਉਨਾਂ ਕਿਹਾ ਕਿ ਇਸਦੇ ਨਾਲ ਹੀ ਇਸ ਮੇਲੇ ’ਚ ਲੜਕੀਆਂ ਦੇ ਹੁਨਰ ਤਰਾਸ਼ਣ ਤੇ ਉਨਾਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਵੱਖ-ਵੱਖ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ ਸੀ। ਮੈਡਮ ਰੂਹੀ ਦੁੱਗ ਨੇ ਕਿਹਾ ਕਿ ਸਮਾਜ ਵਿੱਚ ਬੱਚੀਆਂ ਦਾ ਸਤਿਕਾਰ ਪੈਦਾ ਕਰਨ ਅਤੇ ਲਿੰਗ ਅਨੁਪਾਤ ’ਚ ਸੁਧਾਰ ਲਿਆਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਜ਼ਿਲਾ ਪੋ੍ਰਗਰਾਮ ਅਫ਼ਸਰ ਬਰਨਾਲਾ ਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ‘ਬੇਟੀ ਬਚਾਓ ਬੇਟੀ ਪੜਾਓ’ ਪ੍ਰੋਗਰਾਮ ਤਹਿਤ ਨਿਯਮਤ ਪੱਧਰ ’ਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਮੁੰਡੇ ਤੇ ਕੁੜੀ ਦੀ ਜਨਮ ਦਰ ਵਿਚਲੇ ਪਾੜੇ ਨੂੰ ਖ਼ਤਮ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਨਾਂ ਗਤੀਵਿਧੀਆਂ ’ਚ ਧੀਆਂ ਦੇ ਜਨਮ ਦਿਨ ਮਨਾਉਣੇ, ਘਰਾਂ ਦੇ ਬਾਹਰ ਉਨਾਂ ਦੇ ਨਾਂਵਾਂ ਦੀ ਤਖਤੀ ਲਗਵਾਉਣੀ ਆਦਿ ਸ਼ਾਮਲ ਹਨ। ਉਨਾਂ ਇਹ ਵੀ ਦੱਸਿਆ ਕਿ ਜਾਗਰੂਕਤਾ ਗਤੀਵਿਧੀਆਂ ਦੇ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਆ ਰਹੇ ਹਨ ਤੇ ਆਮ ਲੋਕ ਸੰਜੀਦਗੀ ਨਾਲ ਧੀਆਂ ਦੇ ਪਾਲਣ-ਪੋਸ਼ਣ ਵੱਲ ਧਿਆਨ ਦੇ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਵਿਜਯ ਭਾਸਕਰ, ਸੀ.ਡੀ.ਪੀ.ਓ. ਨੇਹਾ ਸਿੰਘ, ਸੀ.ਡੀ.ਪੀ.ਓ. ਨਿਕਿਤਾ ਢੀਂਗਰਾ, ਸੀ.ਡੀ.ਪੀ.ਓ. ਅਰਵਿੰਦਰ ਸਿੰਘ, ਪਿ੍ਰੰਸੀਪਲ ਨੀਲਮ ਸ਼ਰਮਾ, ਪ੍ਰੋਫੈਸਰ ਅਰਚਨਾ ਸ਼ਰਮਾ, ਪ੍ਰੋਫੈਸਰ ਤਰਸਪਾਲ ਕੌਰ ਅਤੇ ਪਿ੍ਰੰਸੀਪਲ ਅਰੁਣ ਗੁਰਗ ਵੀ ਹਾਜ਼ਰ ਸਨ।