ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਦਿੱਤੀਆਂ ਮੱਛਰਦਾਨੀਆਂ, ਕਿਸ਼ਤੀਆਂ ਰਾਹੀਂ ਪਿੰਡਾਂ 'ਚ ਫੋਗਿੰਗ ਜਾਰੀ
5 Dariya News
ਜਲੰਧਰ 26-Aug-2019
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਲੋਕਾਂ ਨੂੰ ਮੱਛਰ ਦਾਨੀਆਂ ਦੇਣ ਦੀ ਸ਼ੁਰੂਆਤ ਕੀਤੀ ਗੲਂ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਘੱਟਣਾ ਸ਼ੁਰੂ ਹੋ ਗਿਆ ਹੈ ਅਤੇ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਉਨਾ ਨੂੰ ਮੱਛਰਦਾਨੀਆਂ ਮੁਹੱਈਆ ਕਰਵਾਈਆਂ ਜਾਣਾ ਬਹੁਤ ਜਰੂਰੀ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਮੱਛਰਾਂ ਤੋਂ ਬਚਾਉਣ ਲਈ 6 ਮਸ਼ੀਨਾਂ ਰਾਹੀਂ ਕਿਸ਼ਤੀਆਂ ਰਾਹੀਂ ਫੋਗਿੰਗ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਜਾਨੀਆ, ਜਾਨੀਆਂ ਚਾਹਲ , ਮਹਿਰਾਜ ਵਾਲਾ, ਗੱਟੀ ਰਾਏਪੁਰ, ਮੰਡੀ ਕਾਸੂ, ਮੰਡਾਲਾ ਛੰਨਾ, ਮੁੰਡੀ ਸ਼ਹਿਰੀਆਂ, ਮੰਡੀ ਕਾਲੂ, ਗੱਟਾ ਮੰਡੀ ਕਾਸੂ, ਮੰਡਾਲਾ, ਨਸੀਰਪੁਰ ਅਤੇ ਹੋਰ ਪਿੰਡਾਂ ਵਿੱਚ ਪਹਿਲਾਂ ਤੋਂ ਹੀ ਫੋਗਿੰਗ ਕਰਵਾਈ ਜਾ ਚੁੱਕੀ ਹੈ।ਸ੍ਰੀ ਸ਼ਰਮਾ ਨੇ ਕਿਹਾ ਕਿ ਫੋਗਿੰਗ ਮਸ਼ੀਨਾਂ ਰਾਹੀਂ ਉਦੋਂ ਤੱਕ ਫੋਗਿੰਗ ਕਰਵਾਈ ਜਾਵੇਗੀ ਜਦੋਂ ਤੱਕ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਟੱਲ ਨਹੀਂ ਜਾਂਦਾ ਅਤੇ ਇਸ ਤੋਂ ਇਲਾਵਾ ਮੈਡੀਕਲ ਕੈਂਪਾਂ ਵਿੱਚ ਲੋਕਾਂ ਦੀ ਡਾਇਰੀਆ, ਬੁਖ਼ਾਰ, ਗਲੇ ਇੰਨਫੈਕਸ਼ਨ ਅਤੇ ਚਮੜੀ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸ਼ਤੀਆਂ ਰਾਹੀਂ ਮੈਡੀਕਲ ਟੀਮਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਇਸ ਔਖੀ ਘੜੀ ਵਿੱਚ ਹਰ ਤਰ੍ਹਾਂ ਦੀ ਰਾਹਤ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।