ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਜ਼ਿਲਾ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ
ਵਿਦਿਆਰਥੀਆਂ ਨੇ ਗੁਰੂ ਜੀ ਦੇ ਜੀਵਨ ਦਰਸ਼ਨ ਬਾਰੇ ਪ੍ਰਗਟਾਏ ਵਿਚਾਰ
5 Dariya News
ਸ੍ਰੀ ਮੁਕਤਸਰ ਸਾਹਿਬ 25-Aug-2019
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਵੱਡੇ ਪੱਧਰ ਤੇ ਮਨਾਏ ਜਾ ਰਹੇ ਹਨ। ਇਸ ਤਹਿਤ ਵੱਖ ਵੱਖ ਗਤੀਵਿਧੀਆਂ ਹੋ ਰਹੀਆਂ ਹਨ। ਇਸੇ ਲੜੀ ਤਹਿਤ ਜ਼ਿਲਾ ਪੱਧਰੀ ਵਿਦਿਅਕ ਮੁਕਾਬਲੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਵਿਖੇ ਕਰਵਾਏ ਗਏ। ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਦੀ ਅਗਵਾਈ ਵਿਚ ਅਤੇ ਪ੍ਰਿੰਸੀਪਲ ਦਵਿੰਦਰ ਰਜੌਰੀਆ ਦੀ ਦੇਖਰੇਖ ਵਿਚ ਇਹ ਮੁਕਾਬਲੇ ਕਰਵਾਏ ਗਏ।ਇਸ ਮੌਕੇ ਪ੍ਰਿੰਸੀਪਲ ਸ੍ਰੀ ਦਵਿੰਦਰ ਰਜੌਰੀਆ ਨੇ ਕਿਹਾ ਕਿ ਇੰਨਾਂ ਮੁਕਾਬਲਿਆਂ ਨਾਲ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ, ਸਿਧਾਂਤ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ ਹੈ।ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਪ੍ਰਸ਼ਨੋਤਰੀ ਮੁਕਾਬਲੇ ਵਿਚ ਸੈਕੰਡਰੀ ਵਰਗ ਵਿਚ ਸਰਕਾਰੀ ਸੀਨਿਅਰ ਸੈਕੰਡਰੀ ਸਮਾਰਟ ਸਕੂਲ ਉਦੇਕਰਨ ਅਤੇ ਮਿੱਡਲ ਵਰਗ ਵਿਚ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਤਾਮਕੋਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਰਗ ਵਿਚ ਦੂਜਾ ਸਥਾਨ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਮਾਨ ਤਹਿਸੀਲ ਮਲੋਟ ਨੇ ਹਾਸਲ ਕੀਤਾ। ਪੁਸਤਕ ਸਮੀਖਿਆ ਮੁਕਾਬਲੇ ਵਿਚ ਸੈਕੰਡਰੀ ਵਰਗ ਵਿਚ ਪਹਿਲਾ ਸਥਾਨ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਸ੍ਰੀ ਮੁਕਤਸਰ ਸਾਹਿਬ ਨੇ ਹਾਸਲ ਕੀਤਾ। ਲੇਖ ਮੁਕਾਬਲੇ ਵਿਚ ਸੈਕੰਡਰੀ ਅਤੇ ਮਿੱਡਲ ਦੋਨਾਂ ਵਰਗਾਂ ਵਿਚ ਪਹਿਲਾਂ ਸਥਾਨ ਸਰਕਾਰੀ ਸੀਨਿਅਰ ਸੈਕੰਡਰੀ ਸਮਾਰਟ ਸਕੂਲ ਉਦੇਕਰਨ ਨੇ ਪ੍ਰਾਪਤ ਕੀਤਾ। ਇੰਨਾਂ ਮੁਕਾਬਲਿਆਂ ਵਿਚ ਜੱਜ ਦੀ ਭੁਮਿਕਾ ਸ੍ਰੀਮਤੀ ਪੂਜਾ ਬੱਤਰਾ, ਸ੍ਰੀਮਤੀ ਸੁਮਨ, ਸਾਹਿਬ ਸਿੰਘ, ਅਵਤੰਸ਼ ਸਿੰਘ, ਸੁਖਵੰਤ ਕੌਰ ਤੇ ਪ੍ਰਵੀਨ ਕੁਮਾਰ ਨੇ ਨਿਭਾਈ। ਸਟੇਜ ਸਕੱਤਰ ਦੀ ਭੁਮਿਕਾ ਸਨਵੀਰ ਕੌਰ ਨੇ ਨਿਭਾਈ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦਿੱਤੀਆਂ ਗਈਆਂ।
ਇਹ ਵਿਦਿਆਰਥੀ ਰਹੇ ਜੇਤੂ
ਪੁਸਤਕ ਸਮੀਖਿਆ ਮੁਕਾਬਲੇ ਵਿਚ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀ ਭਾਰਤ ਭੁਸ਼ਣ ਨੇ ਪਹਿਲਾ ਅਤੇ ਇਸੇ ਸਕੂਲ ਦੇ ਅਮਰਵੀਰ ਨੇ ਦੂਜਾ ਸਥਾਨ ਹਾਸਲ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਲੇਖ ਰਚਨਾ ਮੁਕਾਬਲੇ ਵਿਚ ਮਿੱਡਲ ਪੱਧਰ ਤੇ ਸਰਕਾਰੀ ਸੀਨਿਅਰ ਸੈਕੰਡਰੀ ਸਮਾਰਟ ਸਕੂਲ ਉਦੇਕਰਨ ਦੀ ਕਿਰਨਵੀਰ ਕੌਰ ਨੇ ਪਹਿਲਾਂ ਅਤੇ ਸਰਕਾਰੀ ਮਿੱਡਲ ਸਕੂਲ ਚੱਕ ਮੋਤਲੇ ਵਾਲਾ ਦੀ ਵਿਦਿਆਰਥਣ ਵਤਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਸੈਕੰਡਰੀ ਵਰਗ ਵਿਚ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਉਦੇਕਰਨ ਦੀ ਕਿਰਨਵੀਰ ਕੌਰ ਨੇ ਪਹਿਲਾਂ ਅਤੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਕੰਨਿਆ ਅਬੁਲ ਖੁਰਾਣਾ ਦੀ ਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।