5 Dariya News

ਅਰਥ ਵਿਵਸਥਾ ਦੀ ਤਰੱਕੀ ਲਈ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਪੈਸੇ ਦੀ ਤੋਟ ਨਾ ਆਉਣ ਦਿੱਤੀ ਜਾਵੇ-ਰਿਜ਼ਰਵ ਬੈਂਕ

ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਛੋਟੀਆਂ ਤੇ ਦਰਿਮਆਨੀਆਂ ਇਕਾਈਆਂ ਦਾ ਕੰਮ ਸਾਲਹੁਣਯੋਗ-ਡਿਪਟੀ ਕਮਿਸ਼ਨਰ

5 Dariya News

ਅੰਮ੍ਰਿਤਸਰ 23-Aug-2019

ਦੇਸ਼ ਦੀ ਅਰਥ ਵਿਸਸਥਾ ਵਿਚ ਵਾਧੇ ਲਈ ਜ਼ਰੂਰੀ ਹੈ ਕਿ ਬਹੁਤ ਛੋਟੇ, ਛੋਟੇ ਅਤੇ ਦਰਮਿਆਨੇ ਸਨਅਤੀ ਯੂਨਿਟਾਂ ਨੂੰ ਬੈਂਕ ਪੈਸੇ ਦੀ ਕਮੀ ਨਾ ਆਉਣ ਦੇਣ ਅਤੇ ਲੋੜ ਪੈਣ ਉਤੇ ਇਸ ਵਰਗ ਦੀ ਹਰ ਤਰਾਂ ਦੀ ਮਦਦ ਤਰੁੰਤ ਕੀਤੀ ਜਾਵੇ। ਉਕਤ ਸਬਦਾਂ ਦਾ ਪ੍ਰਗਟਾਵਾ ਭਾਰਤੀ ਰਿਜ਼ਰਵ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਅਨਿਲ ਕੇ. ਸ਼ਰਮਾ ਨੇ ਅੰਮ੍ਰਿਤਸਰ ਦੇ ਉਦਮੀਆਂ ਅਤੇ ਬੈਂਕਾਂ ਨਾਲ ਕੀਤੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ। ਉਕਤ ਮੀਟਿੰਗ ਵਿਚ ਸ੍ਰੀ ਸ਼ਰਮਾ ਤੋਂ ਇਲਾਵਾ ਰਿਜ਼ਰਵ ਬੈਂਕ ਦੇ ਖੇਤਰੀ ਡਾਇਰੈਕਟਰ (ਪੰਜਾਬ, ਹਰਿਆਣਾ ਤੇ ਚੰਡੀਗੜ੍ਹ) ਸ੍ਰੀਮਤੀ ਰਚਨਾ ਦੀਕਸ਼ਤ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ, ਰਿਜ਼ਰਵ ਬੈਂਕ ਦੇ ਜਨਰਲ ਮੈਨੇਜਰ ਸ੍ਰੀ ਅਨਿਲ ਕੁਮਾਰ ਯਾਦਵ, ਨਾਬਾਰਡ ਦੇ ਮੁੱਖ ਅਧਿਕਾਰੀ ਸ੍ਰੀ ਜੇ. ਪੀ. ਐਸ. ਬਿੰਦਰਾ, ਸਮਾਲ ਇੰਡਸਟਰੀਅਲ ਡਿਵਲਪਮੈਂਟ ਬੈਂਕ ਆਫ ਇੰਡੀਆ ਦੇ ਜੀ. ਐਮ ਸ੍ਰੀ ਰਾਹੁਲ ਪ੍ਰੀਆਦਰਸ਼ੀ, ਸਟੇਟ ਬੈਂਕ ਆਫ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਸ੍ਰੀ ਪ੍ਰਣਵ ਰੰਜਨ ਦਿਵੇਦੀ, ਪੰਜਾਬ ਗ੍ਰਾਮੀਣ ਬੈਂਕ ਦੇ ਚੇਅ੍ਰਮੈਨ ਸ੍ਰੀ ਸੰਜੀਵ ਕੁਮਾਰ ਦੁਬੇ, ਹੋਰ ਬੈਂਕਾਂ ਦੇ ਸੀਨੀਅਰ ਅਧਿਕਾਰੀ, ਸਨਅਤੀ ਅਤੇ ਵਪਾਰੀ ਐਸੋਸੀਏਸ਼ਨ ਦੇ ਨੁੰਮਾਇਦੇ ਵੀ ਹਾਜ਼ਰ ਸਨ। ਅੰਮ੍ਰਿਤਸਰ ਤੋਂ ਟੈਕਸਟਾਈਲ, ਇੰਜੀਨੀਅਰ, ਰਾਇਸ ਮਿਲ ਅਤੇ ਹੋਰ ਸਨਅਤਾਂ ਦੇ 200 ਤੋਂ ਵੱਧ ਪ੍ਰਤੀਨਿਧੀਆਂ ਨੇ ਇਸ ਮੀਟਿੰਗ ਵਿਚ ਸ਼ਿਰਕਤ ਕੀਤੀ ਅਤੇ ਆਪਣੀਆਂ ਤਰਜੀਹਾਂ ਵਿੱਤੀ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ। ਸ੍ਰੀ ਅਨਿਲ ਕੇ. ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਉਕਤ ਛੋਟੇ ਤੇ ਦਰਮਿਆਨੀਆਂ ਸਨਅਤਾਂ ਨੂੰ ਉਤਸ਼ਾਹਿਤ ਕਰਨਾ ਹੈ, ਜੋ ਕਿ ਦੇਸ਼ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨਾਂ ਕਿਹਾ ਕਿ ਸਨਅਤਕਾਰਾਂ ਅਤੇ ਬੈਂਕਰਾਂ ਨੂੰ ਇਕ ਪਲੇਟਫਾਰਮ ਉਤੇ ਲਿਆਉਣ ਦਾ ਮਕਸਦ ਇਹ ਹੈ ਕਿ ਬੈਂਕ ਸਨਅਤਕਾਰਾਂ ਨਾਲ ਦੋਸਤਾਨਾ ਰਿਸ਼ਤਾ ਰੱਖਣ ਅਤੇ ਕਿਸੇ ਵੀ ਲੋੜ ਵੇਲੇ ਉਨਾਂ ਦੀ ਦਿਲ ਖੋਲ੍ਹ ਕੇ ਮਦਦ ਕਰਨ। ਉਨਾਂ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੁਆਰਾ ਉਕਤ ਵਰਗ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਇੰਨਾਂ ਨੂੰ ਨਾ ਕੇਵਲ ਜਾਣੂੰ ਕਰਵਾਉਣ ਬਲਕਿ ਉਨਾਂ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਵੀ ਕਰਨ।  ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਅੰਮ੍ਰਿਤਸਰ ਦੀ ਤਰੱਕੀ ਵਿਚ ਬਹੁਤ ਛੋਟੇ, ਛੋਟੇ ਅਤੇ ਦਰਮਿਆਨੇ ਸਨਅਤੀ ਯੂਨਿਟਾਂ ਵੱਲੋਂ ਪਾਏ ਗਏ ਯੋਗਦਾਨ ਦੀ ਸਰਾਹਨਾ ਕਰਦੇ ਕਿਹਾ ਕਿ ਇਹ ਕੇਵਲ ਰੋਜ਼ਗਾਰ ਉਤਪਤੀ ਵਿਚ ਹੀ ਮਦਦਗਾਰ ਸਾਬਿਤ ਨਹੀਂ ਹੋ ਰਹੇ, ਬਲਕਿ ਅੰਮ੍ਰਿਤਸਰ ਆਉਂਦੇ ਲੱਖਾਂ ਸੈਲਾਨੀਆਂ ਜ਼ਰੀਏ ਖਿੱਤੇ ਦੇ ਇਤਹਾਸ ਅਤੇ ਵਿਰਾਸਤ ਨੂੰ ਵਿਸ਼ਵ ਪੱਧਰ ਉਤੇ ਪ੍ਰਚਾਰਨ ਤੇ ਪ੍ਰਸਾਰਨ ਦਾ ਕੰਮ ਵੀ ਕਰ ਰਹੇ ਹਨ। ਵਿੱਤੀ ਸੰਸਥਾਵਾਂ ਦੇ ਅਧਿਕਾਰੀਆਂ ਨੇ ਇਸ ਮੌਕੇ ਨਾ ਕੇਵਲ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਉਦਮੀਆਂ ਨੂੰ ਜਾਣੂੰ ਕਰਵਾਇਆ ਬਲਕਿ ਭਰੋਸਾ ਦਿੱਤਾ ਕਿ ਉਕਤ ਸਨਅਤਕਾਰਾਂ ਲਈ ਬੈਂਕ ਹਰ ਵੇਲੇ ਤਿਆਰ ਹਨ ਅਤੇ ਅਜਿਹਾ ਵਰਗ ਜੋ ਦੇਸ਼ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ, ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।