5 Dariya News

ਇੰਗਲੈਡ ਤੋਂ ਆਏ ਬੱਚੇ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ

ਜ਼ਲਿਆਂ ਵਾਲਾ ਬਾਗ ਦਾ ਦੌਰਾ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

5 Dariya News

ਅੰਮ੍ਰਿਤਸਰ 19-Aug-2019

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਆਪਣੀਆਂ ਜੜ੍ਹਾਂ ਨਾਲ ਜੁੜੋ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 17 ਬੱਚਿਆਂ ਨੇ ਅੱਜ ਸ੍ਰੀ ਦਰਬਾਰ ਸਾਹਿਬ ਅਤੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਜਲਿਆਂ ਵਾਲਾ  ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ. ਗੁਰਸ਼ਰਨ ਸਿੰਘ ਟੂਰਿਜ਼ਮ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਨੂੰ ਇਹ ਬੱਚੇ ਪਾਰਟੀਸ਼ਨ ਮਿਊਜੀਅਮ ਅਤੇ ਵਾਰ ਮੈਮੋਰੀਅਲ ਦਾ ਦੌਰਾ ਕਰਨਗੇ। ਸ. ਗਰਸ਼ਰਨ ਸਿੰਘ ਨੇ ਦੱਸਿਆ ਕਿ ਇਸ ਦੌਰੇ ਦਾ ਮੰਤਵ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜਣਾ ਹੈ ਅਤੇ ਉਨ੍ਹਾਂ ਨੂੰ ਆਪਣੇ ਅਮੀਰ ਸਭਿਆਚਾਰ ਤੋਂ ਜਾਣੂੰ ਕਰਵਾਉਣਾ ਹੈ, ਤਾਂ ਜੋ ਬੱਚੇ ਆਪਣੇ ਵਿਰਸੇ ਤੋਂ ਦੂਰ ਨਾ ਹੋਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਇਹ ਉਦੇਸ਼ ਹੈ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣੇ ਅਮੀਰ ਵਿਰਸੇ ਦੇ ਗਿਆਨ ਹੋਵੇ। ਉਨਾਂ ਨੇ ਦੱਸਿਆ ਕਿ ਪੰਜਾਬ ਪੰਜਾਬੀਆਂ ਦਾ ਹੈ, ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਹਨ। ਉਨਾਂ ਨੇ ਇਹ ਵੀ ਦੱਸਿਆ ਕਿ ਇਹ ਤੀਸਰਾ ਬੈਚ ਸੀ ਅਤੇ ਇਸ ਤੋਂ ਉਪਰੰਤ ਹੁਣ ਯੂਰਪ ਅਤੇ ਹੋਰ ਦੇਸ਼ਾਂ ਵਿੱਚ ਵੱਸੇ ਪੰਜਾਬੀ ਬੱਚਿਆਂ ਨੂੰ ਇਥੇ ਲਿਆ ਕੇ ਉਨ੍ਹਾਂ ਨੂੰ ਪੰਜਾਬੀ ਵਿਰਸੇ ਤੋਂ ਜਾਣੂੰ ਕਰਵਾਇਆ ਜਾਵੇਗਾ। ਅੱਜ ਬੱਚਿਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਨਤਮਸਤਕ ਹੋ ਕੇ ਅਥਾਹ ਖੁਸ਼ੀ ਮਿਲੀ ਅਤੇ ਜਲਿਆਂ ਵਾਲਾ  ਬਾਗ ਦੇ ਦੌਰੇ ਮੌਕੇ ਸਾਰੇ ਬੱਚੇ ਭਾਵੁਕ ਨਜ਼ਰ ਆਏ। ਇੰਗਲੈਂਡ ਦੀ ਹਕੂਮਤ ਵੱਲੋਂ ਕੀਤੇ ਗਏ ਨਹਿੱਥੇ ਲੋਕਾਂ ਦੇ ਕਤਲੇਆਮ ਦਾ ਇਤਹਾਸ ਪੜ੍ਹਦੇ ਬੱਚਿਆਂ ਦੀਆਂ ਅੱਖਾਂ ਨਮ ਹੋ ਗਈਆਂ। ਭਾਰਤ ਦੀ ਆਜ਼ਾਦੀ ਲਈ ਪੰਜਾਬੀਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਵੇਖ ਕੇ ਬੱਚਿਆਂ ਅੰਦਰ ਅਥਾਹ ਜੋਸ਼ ਵੀ ਵਿਖਾਈ ਦੇ ਰਿਹਾ ਸੀ।