5 Dariya News

'ਆਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ-ਬਰਤਾਨਵੀ ਨੌਜਵਾਨਾਂ ਵੱਲੋਂ ਸਨਅਤੀ ਸ਼ਹਿਰ ਲੁਧਿਆਣਾ ਦਾ ਦੌਰਾ

ਪੰਜਾਬ ਦਾ ਸਨਅਤੀ ਵਿਕਾਸ ਦੇਖ ਬਹੁਤ ਪ੍ਰਭਾਵਿਤ ਹੋਏ ਨੌਜਵਾਨ, ਪੰਜਾਬੀ ਮੂਲ ਦੇ 16 ਬਰਤਾਨਵੀ ਨੌਜਵਾਨਾਂ ਵੱਲੋਂ ਪਹਿਲੀ ਵਾਰ ਪੰਜਾਬ ਦਾ ਦੌਰਾ

5 Dariya News

ਲੁਧਿਆਣਾ 17-Aug-2019

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਆਪਣੀਆਂ ਜੜ੍ਹਾਂ ਨਾਲ ਜੁੜੋ' ਤਹਿਤ ਇੰਗਲੈਂਡ ਤੋਂ ਆਏ ਨੌਜਵਾਨਾਂ ਨੇ ਸਨਅਤੀ ਸ਼ਹਿਰ ਲੁਧਿਆਣਾ ਦਾ ਦੌਰਾ ਕੀਤਾ। ਪੰਜਾਬੀ ਮੂਲ ਦੇ 17 ਨੌਜਵਾਨਾਂ ਦਾ ਦੂਜਾ ਬੈਚ 10 ਤੋਂ 22 ਅਗਸਤ ਤੱਕ ਸੂਬੇ ਦਾ ਦੌਰਾ ਕਰ ਰਿਹਾ ਹੈ। ਇਸ ਗਰੁੱਪ ਵਿੱਚ 13-25 ਸਾਲ ਦੀ ਉਮਰ ਦੇ ਅੱਠ ਲੜਕੇ ਅਤੇ ਅੱਠ ਲੜਕੀਆਂ ਸ਼ਾਮਿਲ ਹਨ। ਜਦਕਿ ਪੰਜ ਮੈਂਬਰ ਕੋਆਰਡੀਨੇਟਰ ਵਜੋਂ ਵਫ਼ਦ ਨਾਲ ਆਏ ਹਨ।ਲੁਧਿਆਣਾ ਵਿਖੇ ਇਸ ਵਫ਼ਦ ਵੱਲੋਂ ਹੀਰੋ ਸਾਈਕਲਜ਼ ਅਤੇ ਮੌਂਟੇ ਕਾਰਲੋ ਦਾ ਦੌਰਾ ਕੀਤਾ। ਹੀਰੋ ਸਾਈਕਲਜ਼ ਵਿਖੇ ਮਿਸ ਸਲੋਨੀ ਅਤੇ ਮੌਂਟੇ ਕਾਰਲੋ ਵਿਖੇ ਸ੍ਰੀ ਅਜੇ ਥਾਪਰ ਨੇ ਇਸ ਵਫ਼ਦ ਦਾ ਸਵਾਗਤ ਕੀਤਾ ਅਤੇ ਆਪਣੀਆਂ ਕੰਪਨੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।ਵਫ਼ਦ ਵਿੱਚ ਸ਼ਾਮਿਲ ਵਰਿੰਦਰ ਸਿੰਘ ਖਹਿਰਾ, ਸੁਰਿੰਦਰ ਕੌਰ ਖਹਿਰਾ, ਦਨਵੀਰ ਕੌਰ ਕੈਲੇ, ਹਰਲੀਨ ਕੌਰ ਖਹਿਰਾ ਅਤੇ ਹੋਰ ਨੌਜਵਾਨਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਪੰਜਾਬ ਆਏ ਹਨ ਅਤੇ ਇਥੋਂ ਦੇ ਅਮੀਰ ਸੱਭਿਆਚਾਰ, ਰੀਤੀ ਰਿਵਾਜਾਂ ਅਤੇ ਪਿਆਰ ਸਦਭਾਵਨਾ ਨੂੰ ਦੇਖ ਕੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਉਹ ਇਥੋਂ ਦੇ ਸਨਅਤੀ ਵਿਕਾਸ ਨੂੰ ਦੇਖ ਕੇ ਵੀ ਬਹੁਤ ਖੁਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਮਨਾਂ 'ਤੇ ਪ੍ਰਭਾਵ ਸੀ ਕਿ ਸ਼ਾਇਦ ਪੰਜਾਬ ਇਕੱਲਾ ਖੇਤੀਬਾੜੀ 'ਤੇ ਅਧਾਰਿਤ ਸੂਬਾ ਹੀ ਹੈ ਪਰ ਉਹ ਇਸ ਦੇ ਸਨਅਤੀ ਵਿਕਾਸ ਨੂੰ ਦੇਖ ਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨਾਲ ਗੱਲਾਂ ਸਾਂਝੀਆਂ ਕਰਨਗੇ।ਦੱਸਣਯੋਗ ਹੈ ਕਿ ਇਸ ਯੋਜਨਾ ਤਹਿਤ ਪਹਿਲਾ ਵਫ਼ਦ ਵੀ ਪਿਛਲੇ ਸਾਲ ਲੁਧਿਆਣਾ ਪਹੁੰਚਿਆ ਸੀ ਅਤੇ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਇਹ ਨੌਜਵਾਨ ਪੁਲਿਸ ਅਕਾਦਮੀ ਫਿਲੌਰ ਤੋਂ ਸਿੱਧਾ ਹੀਰੋ ਸਾਈਕਲਜ਼ ਵਿਖੇ ਪੁੱਜੇ ਸਨ, ਜਿਸ ਉਪਰੰਤ ਉਨ੍ਹਾਂ ਵੱਲੋਂ ਮੌਂਟੇ ਕਾਰਲੋ ਦੀ ਹੌਜ਼ਰੀ ਫੈਕਟਰੀ ਦੇਖੀ ਗਈ। 

ਸ਼ਾਮ ਨੂੰ ਇਹ ਵਫ਼ਦ ਵਾਪਸ ਜਲੰਧਰ ਚਲਾ ਗਿਆ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੌਜਵਾਨਾਂ ਦੇ ਰਹਿਣ-ਸਹਿਣ ਦੇ ਪ੍ਰਬੰਧਾਂ ਤੋਂ ਇਲਾਵਾ ਪ੍ਰਮੁੱਖ ਥਾਵਾਂ 'ਤੇ ਜਾਣ ਅਤੇ ਹੋਰ ਪ੍ਰੋਗਰਾਮਾਂ ਲਈ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਸੂਬੇ ਵਿਚਲੀਆਂ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਵਾਲੀਆਂ ਵੱਖ-ਵੱਖ ਥਾਵਾਂ 'ਤੇ ਵੀ ਜਾਣ ਦਾ ਪ੍ਰੋਗਰਾਮ ਹੈ। ਲੁਧਿਆਣਾ ਤੋਂ ਇਲਾਵਾ ਇਨ੍ਹਾਂ ਨੌਜਵਾਨਾਂ ਵੱਲੋਂ ਚੰਡੀਗੜ੍ਹ, ਸ੍ਰੀ ਫਤਹਿਗੜ੍ਹ ਸਾਹਿਬ, ਜਲੰਧਰ, ਕਪੂਰਥਲਾ ਅਤੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਹੱਤਵਪੂਰਨ ਸਥਾਨਾਂ ਅਤੇ ਆਪਣੇ ਪੁਰਖਿਆਂ ਦੇ ਸਥਾਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਪੁਰਖ਼ਿਆਂ ਦੇ ਸਥਾਨਾਂ ਦਾ ਦੌਰਾ ਕਰਨ ਦੌਰਾਨ ਉਹ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਮਾਪਿਆਂ ਅਤੇ ਬਜ਼ੁਰਗਾਂ ਦੇ ਰਿਸ਼ਤੇਦਾਰਾਂ ਨੂੰ ਮਿਲਣਗੇ, ਜਿਸ ਨਾਲ ਉਨ੍ਹਾਂ ਨੂੰ ਆਪਣੇ ਪੁਰਖ਼ਿਆਂ ਦੀਆਂ ਜੜ੍ਹਾਂ ਨਾਲ ਜੁੜਨ ਦਾ ਮੌਕਾ ਮਿਲੇਗਾ।ਇਹ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ, 2017 ਨੂੰ ਲੰਡਨ ਤੋਂ 'ਆਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਅਧੀਨ ਕਦੀ ਵੀ ਮੁਲਕ ਵਿੱਚ ਨਾ ਆਉਣ ਵਾਲੇ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀਆਂ ਜੜ੍ਹਾਂ ਨਾਲ ਜੁੜਨ ਦਾ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰੇ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਦੇ ਯਾਤਰਾ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਦੇ ਲੁਧਿਆਣਾ ਦੌਰੇ ਦੌਰਾਨ ਉਨ੍ਹਾਂ ਨੂੰ ਸ਼ਹਿਰ ਲੁਧਿਆਣਾ ਖਾਸ ਕਰਕੇ ਸੂਬਾ ਪੰਜਾਬ ਦੇ ਸਨਅਤੀ ਵਿਕਾਸ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਜੋ ਉਹ ਆਪਣੇ ਮੌਜੂਦਾ ਦੇਸ਼ ਵਿੱਚ ਜਾ ਕੇ ਪੰਜਾਬ ਦੇ ਸਨਅਤੀ ਵਿਕਾਸ ਬਾਰੇ ਦੱਸ ਸਕਣ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਸ੍ਰੀ ਐੱਸ. ਐੱਸ. ਰੇਖੀ ਵੀ ਹਾਜ਼ਰ ਸਨ।