ਲੁੱਟ ਖੋਹ ਦੀਆਂ ਵਾਰਦਾਤਾਂ ਰੋਕਣ ਲਈ ਲਈ ਸ਼ਹਿਰ ਨੂੰ 08 ਬੀਟਾਂ ਵਿੱਚ ਵੰਡਿਆ ਗਿਆ- ਐਸ.ਐਸ.ਪੀ. ਰਾਜ ਬਚਨ ਸਿੰਘ ਸੰਧੂ
ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ 08 ਪੀ.ਸੀ.ਆਰ. ਮੋਟਰ ਸਾਈਕਲ ਅਤੇ 05 ਐਕਟਿਵਾ ਸ਼ਹਿਰ 'ਚ ਕਰਨਗੇ 24 ਘੰਟੇ ਗਸ਼ਤ
5 Dariya News
ਫ਼ਰੀਦਕੋਟ 09-Aug-2019
ਸ਼ਹਿਰ ਫਰੀਦਕੋਟ ਵਿਖੇ ਲੁੱਟ ਖੋਹ ਦੀਆਂ ਵਾਰਦਾਤਾਂ ਰੋਕਣ ਅਤੇ ਸ਼ਹਿਰ 'ਚ ਅਮਨ ਅਮਾਨ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਨੂੰ 08 ਬੀਟਾਂ 'ਚ ਵੰਡਿਆ ਗਿਆ ਹੈ। ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਸ. ਰਾਜ ਬਚਨ ਸਿੰਘ ਸੰਧੂ ਨੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖਣ ਲਈ 08 ਮੋਟਰ ਸਾਈਕਲ (ਪੀ.ਸੀ.ਆਰ. ਮੋਟਰ ਸਾਈਕਲ) ਅਤੇ 05 ਐਕਟਿਵਾਂ ਸਕੂਟਰਾਂ ਨੂੰ ਪੁਲਿਸ ਲਾਈਨ, ਫਰੀਦਕੋਟ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਟਰ ਸਾਈਕਲਾਂ ਤੇ ਲੌੜ ਅਨੁਸਾਰ ਯੋਗ ਸਟਾਫ ਤਾਇਨਾਤ ਕੀਤਾ ਗਿਆ ਹੈ। ਜੋ ਸ਼ਹਿਰ ਵਿੱਚ 24 ਘੰਟੇ ਆਪਣੀ-ਆਪਣੀ ਬੀਟ ਵਿੱਚ ਮੌਜੂਦ ਰਹਿਣਗੇ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਅਗਰ ਕੋਈ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਤੁਰੰਤ 112 ਤੇ ਫੋਨ ਕਰਨ ਅਤੇ ਸਬੰਧਿਤ ਬੀਟ ਵਿੱਚ ਤਾਇਨਾਤ ਪੀ.ਸੀ.ਆਰ. ਮੋਟਰਸਾਈਕਲ ਪੀੜਤ ਵਿਅਕਤੀ ਵੱਲੋ ਦਿੱਤੇ ਗਏ ਅਡਰੈਸ ਤੇ ਬਿਨਾਂ ਕਿਸੇ ਦੇਰੀ ਦੇ ਲੌੜੀਦੀ ਕਾਰਵਾਈ ਲਈ ਪੁੱਜੇਗਾ । ਇਸੇ ਤਰ੍ਹਾਂ ਹੀ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ 05 ਐਕਟਿਵਾ ਸਕੂਟਰ ਚਲਾਏ ਗਏ ਹਨ ਜਿੰਨ੍ਹਾਂ ਤੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਇਹ ਐਕਟਿਵਾ ਸਕੂਟਰ ਤੇ ਮਹਿਲਾ ਕਰਮਚਾਰੀ ਸਕੂਲਾਂ/ਕਾਲਜਾਂ ਜਾਂ ਹੋਰ ਭੀੜ-ਭਾੜ ਵਾਲੇ ਇਲਾਕੇ ਵਿੱਚ ਘੁੰਮਦੀਆਂ ਰਹਿਣਗੀਆਂ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ । ਉਨ੍ਹਾਂ ਦੱਸਿਆ ਕਿ ਜਲਦ ਹੀ ਸ਼ਹਿਰ ਕੋਟਕਪੂਰਾ ਅਤੇ ਜੈਤੋ ਵਿਖੇ ਵੀ ਜਲਦੀ ਹੀ ਅਜਿਹੇ ਪੀ.ਸੀ.ਆਰ. ਮੋਟਰ ਸਾਈਕਲ ਅਤੇ ਐਕਟਿਵਾ ਸਕੂਟਰ ਚਲਾਏ ਜਾਣਗੇ ।ਸੀਨੀਅਰ ਕਪਤਾਨ ਪੁਲਿਸ, ਫਰੀਦਕੋਟ ਸ. ਰਾਜਬਚਨ ਸਿੰਘ ਨੇ ਸਪੱਸ਼ਟ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਕਿਸੇ ਕਿਸਮ ਦੀ ਇਤਲਾਹ ਦੇਣ ਲਈ ਪਹਿਲਾਂ ਚਲਦੇ ਨੰਬਰ:100 ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਨਵਾਂ ਕੰਟਰੋਲ ਰੂਮ ਜਿਸ ਦਾ ਨੰਬਰ:112 ਹੈ, ਸਥਾਪਿਤ ਕੀਤਾ ਗਿਆ ਹੈ । ਹੁਣ ਕਿਸੇ ਵੀ ਨਾਗਰਿਕ ਨੂੰ ਕੋਈ ਵੀ ਸਮੱਸਿਆ ਆਉਦੀ ਹੈ ਤਾਂ ਉਹ 112 ਤੇ ਸੂਚਿਤ ਕਰ ਸਕਦਾ ਹੈ, ਜਿਸ ਨੂੰ ਤੁਰੰਤ ਲੌੜੀਦੀ ਸਹਾਇਤਾ ਮੁਹੱਈਆ ਕਰਾਉਣ ਲਈ ਇਸ ਕੰਟਰੋਲ ਰੂਮ ਤੋ ਸਬੰਧਿਤ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ, ਸਮਾਜ ਵਿਰੋਧੀ ਅਨਸਰਾਂ ਜਾਂ ਹੁਲੜਬਾਜਾਂ ਬਾਰੇ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਸ਼ਰਾਰਤੀ, ਸਮਾਜ ਵਿਰੋਧੀ ਅਨਸਰਾਂ, ਹੁਲੜਬਾਜਾਂ ਨੂੰ ਨੱਥੀ ਪਾਈ ਜਾ ਸਕੇ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।