5 Dariya News

ਚੰਗਰ ਇਲਾਕੇ ਦੇ ਪਿੰਡ ਕਾਹੀਵਾਲ ਤੋਂ ਲਖਨੋ ਨੂੰ ਨਾਨਕਸ਼ੱਕ ਲੈ ਕੇ ਜਾ ਰਹੇ ਨਾਨਕਿਆਂ ਦੇ ਨਾਲ ਭਰੀ ਬੱਸ ਪਲਟੀ, ਡੇਢ ਦਰਜਨ ਜਖਮੀ, ਦੋ ਦੀ ਮੌਤ

ਪੁਲੀਸ ਪ੍ਰਸ਼ਾਸਨ ਦੀ ਮੁਸਤੈਦੀ ਕਰਕੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ

5 Dariya News/(ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਆਨੰਦਪੁਰ ਸਾਹਿਬ 04-Aug-2019

ਅੱਜ ਦੇਰ ਸ਼ਾਮ ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਅਧੀਨ ਆਉਂਦੇ ਚੰਗਰ ਇਲਾਕੇ ਦੇ ਪਿੰਡ ਕਾਹੀਵਾਲ ਤੋਂ ਹਿਮਾਚਲ ਪ੍ਰਦੇਸ਼ ਦੇ ਪਿੰਡ ਲਖਨੋ ਵਿਖੇ ਨਾਨਕਸ਼ੱਕ ਲੈ ਕੇ ਜਾ ਰਹੇ ਨਾਨਕਿਆਂ ਨਾਲ ਖਚਾਖਚ ਭਰੀ ਬੱਸ ਬੇਕਾਬੂ ਹੋ ਕੇ ਪਲਟ ਗਈ। ਜਿਸ ਦੌਰਾਨ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਅਤੇ ਡੇਢ ਦਰਜਨ ਸਵਾਰੀਆਂ ਦੇ ਜਖਮੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।ਸ੍ਰੀ ਆਨੰਦਪੁਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਲਖੇੜ ਵਿਖੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਹੀਵਾਲ ਤੋਂ ਇੱਕ ਕਰਮ ਸਿੰਘ ਦਾ ਨਾਨਕਾ ਪਰਿਵਾਰ ਕੁਝ ਦੂਰੀ ਤੇ ਹੀ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਪਿੰਡ ਲਖਨੋ ਵਿਖੇ ਬਾਲੂ ਦੇ ਘਰ ਲੜਕੇ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਾਰੇ ਕੁਨਬੇ ਨੂੰ ਬੱਸ ਵਿੱਚ ਖਚਾਖਚ ਭਰ ਕੇ (ਛੱਤ ‘ਤੇ ਵੀ ਅੰਦਰ ਵੀ) ਜਿਨ੍ਹਾਂ ਵਿੱਚ ਅੌਰਤਾਂ, ਬੱਚੇ, ਬਜ਼ੁਰਗ ਅਤੇ ਪੁਰਸ਼ ਸ਼ਾਮਿਲ ਸਨ ਨੂੰ ਲੈ ਕੇ ਜਾ ਰਹੇ ਸੀ ਕਿ ਜਦੋਂ ਉਹ ਪਿੰਡ ਲਖੇੜ ਦੇ ਨਜ਼ਦੀਕ ਪਹੁੰਚ ਤਾਂ ਚਾਲਕ ਬੱਸ ਤੋਂ ਸੰਤੁਲਨ ਖੋ ਬੈਠਿਆ ਅਤੇ ਬੱਸ ਗਹਿਰੀ ਖਾਈ ਵਿੱਚ ਜਾ ਗਿਰੀ। ਸਿੱਟੇ ਵੱਜੋਂ ਡੇਢ ਦਰਜਨ ਸਵਾਰੀਆਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ ਅਤੇ ਇੱਕ ਬੱਚੇ ਸਣੇ ਇੱਕ ਮਰਦ ਦੀ ਮੌਕੇ ਤੇ ਹੀ ਮੌਤ ਹੋ ਗਈ। ਸਾਰੇ ਜਖਮੀਆਂ ਨੂੰ ਐਂਬੂਲੈਂਸਾਂ, ਕਾਰਾਂ ਰਾਂਹੀ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਗਿਆ , ਜਿੱਥੇ ਉਨ੍ਹਾਂ ਨੂੰ ਐਮਰਜੈਂਸੀ ਵਿਖੇ ਤੈਨਾਤ ਡਾ. ਅਨੰਦ ਘਈ ਵੱਲੋਂ ਆਪਣੇ ਅਮਲੇ ਦੇ ਨਾਲ ਮੁੱਢਲਾ ਉਪਚਾਰ ਦਿੱਤਾ ਜਾ ਰਿਹਾ ਹੈ। ਹਾਦਸੇ ਦੀ ਪੁਸ਼ਟੀ ਕਰਦੇ ਹੋਏ ਐਸ ਐਚ ਓ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਜਾਣ ਵਾਲੇ ਵਿਅਕਤੀ ਜੋ ਕਿ ਬੱਸ ਦਾ ਚਾਲਕ ਦੱਸਿਆ ਜਾ ਰਿਹਾ ਹੈ ਦੀ ਸ਼ਨਾਖਤ ਕਰਮ ਚੰਦ ਨਿਵਾਸੀ ਕਾਹੀਵਾਲ ਵੱਜੋਂ ਹੋਈ ਹੈ। ਇੱਥੇ ਇਹ ਲਿਖਣਾ ਹੋਵੇਗਾ ਕਿ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਡੀ ਐਸ ਪੀ ਦਵਿੰਦਰ ਸਿੰਘ, ਐਸ ਐਚ ਓ ਰਾਜਪਾਲ ਸਿੰਘ ਗਿੱਲ  ਅਤੇ ਉਨ੍ਹਾਂ ਦੀ ਟੀਮ ਦੀ ਮੁਸਤੈਦੀ ਕਰਕੇ ਤੁਰੰਤ ਐਂਬੂਲੈਂਸਾਂ ਆਈਆਂ ਜਦਕਿ ਹਾਦਸੇ ਵਿੱਚ ਜਖਮੀ ਲੋਕਾਂ ਨੂੰ ਸਹੀ ਸਮੇਂ ਤੇ ਬੱਸ ਵਿੱਚੋਂ ਕਢਵਾਇਆ ਜਾ ਸਕਿਆ ਅਤੇ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਉਨ੍ਹਾਂ ਦਾ ਇਲਾਜ ਵੀ ਹੋ ਸਕਿਆ।