5 Dariya News

2 ਦਿਨਾਂ ਤੋਂ ਚੱਲ ਰਹੀਆਂ ਜਿਲਾ ਪੱਧਰੀ ਖੇਡਾਂ ਦੌਰਾਨ ਫੁੱਟਬਾਲ ਵਿੱਚ ਨਥਾਣਾ ਰਿਹਾ ਮੋਹਰੀ

ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਵਲੋਂ ਦਿਖਾਏ ਗਏ ਆਪਣੀ ਖੇਡ ਦੇ ਜ਼ੌਹਰ

5 Dariya News

ਬਠਿੰਡਾ 04-Aug-2019

ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਚੱਲ ਰਹੀਆਂ ਜ਼ਿਲਾ ਪੱਧਰੀ ਖੇਡਾਂ ਵਿੱਚ ਅੱਜ ਸਮਾਪਤੀ ਵਾਲੇ ਦਿਨ  ਫੁਟਬਾਲ ਲੜਕਿਆਂ ਵਿੱਚ ਨਥਾਣਾ ਸਕੂਲ ਪਹਿਲੀ ਪੁਜ਼ੀਸਨ ਹਾਸਲ ਕਰਕੇ ਮੋਹਰੀ ਰਿਹਾ ਜਦਕਿ ਰਾਮਾਂ ਮੰਡੀ ਨੇ ਦੂਸਰਾ ਅਤੇ ਭਾਈਰੂਪਾ ਚੰਦ ਸਕੂਲ ਭਾਈਰੂਪਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਨਾਂ ਖੇਡਾਂ ਦਾ ਆਗਾਜ਼ 2 ਅਗਸਤ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਬੀ ਸ੍ਰੀਨਿਵਾਸਨ ਵਲੋਂ ਕੀਤਾ ਗਿਆ ਸੀ। ਜਿਲਾ ਪੱਧਰੀ ਖੇਡ ਮੁਕਾਬਲਿਆਂ ਦੇ ਅੱਜ ਆਖਰੀ ਦਿਨ ਜ਼ਿਲਾ ਖੇਡ ਅਫ਼ਸਰ ਸ਼ੀ ਵਿਜੇ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਵੰਡਕੇ ਆਸ਼ੀਰਵਾਦ ਦਿੱਤਾ । ਇਸ ਮੋਕੇ ਸ਼੍ਰੀ ਵਿਜੈ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਚੰਗੇ ਖਿਡਾਰੀ ਇੱਕ ਵਧੀਆ ਸਮਾਜ ਦੀ ਸਿਰਜਣਾ ਕਰਦੇ ਹਨ ਕਿਉਂਕਿ ਖਿਡਾਰੀ ਰੂਲਾਂ ਅਤੇ ਨਿਯਮਾਂ ਦੀ ਪਾਲਣਾ ਕਰਕੇ ਹੀ ਗੇਮਾਂ ਖੇਲਦੇ ਹਨ। ਇਸ ਤੋਂ ਇਲਾਵਾ ਉਨਾਂ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਅਗਾਂਹ ਵਧਣ ਲਈ ਵੀ ਪ੍ਰੇਰਿਆ ਅਤੇ ਨਸ਼ਿਆ ਵਰਗੀ ਭੈੜੀ ਲਾਹਨਤ ਤੋਂ ਦੂਰ ਰਹਿਣ ਲਈ ਵੀ ਕਿਹਾ।ਜ਼ਿਲਾ ਪੱਧਰੀ ਹੋ ਰਹੀਆਂ ਇਨਾਂ ਖੇਡਾਂ ਵਿੱਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ-ਆਪਣੀ ਖੇਡ ਦੇ ਬਹੁਤ ਹੀ ਵਧੀਆ ਜ਼ੌਹਰ ਦਿਖਾਉਂਦਿਆਂ ਖੇਡਾਂ ਦੇਖਣ ਵਾਲੇ ਦਰਸ਼ਕਾਂ ਨੂੰ ਕੀਲੀ ਰੱਖਿਆ। ਇਨਾਂ ਖੇਡਾਂ ਦੇ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਕਬੱਡੀ ਲੜਕਿਆਂ ਵਿਚ ਕੋਟੜਾ ਕੋੜਾ ਨੇ ਪਹਿਲਾ ਸਥਾਨ, ਚੱਕ ਹੀਰਾ ਸਿੰਘ ਵਾਲਾ ਨੇ ਦੂਸਰਾ ਅਤੇ ਰਾਮਪੁਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਲੜਕੀਆਂ ਵਿਚ ਚੱਕ ਹੀਰਾ ਸਿੰਘ ਨੇ ਪਹਿਲਾ, ਰਾਮ ਨਗਰ ਨੇ ਦੂਸਰਾ ਅਤੇ ਲਹਿਰਾ ਮੁਹੱਬਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਜਿਮਨਾਸਟਿਕ ਗੇਮ ਲੜਕਿਆਂ ਵਿਚ ਪੁਲਿਸ ਪਬਲਿਕ ਸਕੂਲ ਬਠਿੰਡਾ ਨੇ ਪਹਿਲਾ, ਡੀ.ਏ.ਵੀ. ਸਕੂਲ ਬਠਿੰਡਾ ਨੇ ਦੂਸਰਾ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਜਿਮਨਾਸਟਿਕ ਲੜਕੀਆਂ ਵਿਚ ਪੁਲਿਸ ਪਬਲਿਕ ਸਕੂਲ ਬਠਿੰਡਾ ਪਹਿਲੇ, ਜਿਮਨਾਸਟਿਕ ਕਲੱਬ ਬਠਿੰਡਾ ਦੂਸਰੇ ਅਤੇ ਮਿਲੇਨੀਅਮ ਸਕੂਲ ਬਠਿੰਡਾ ਤੀਸਰੇ ਸਥਾਨ 'ਤੇ ਰਿਹਾ।ਇਸ ਮੌਕੇ ਹਰਦੀਪ ਸਿੰਘ ਬਾਕਸਿੰਗ ਕੋਚ, ਹਰਨੇਕ ਸਿੰਘ ਅਥਲੈਟਿਕਸ ਕੋਚ, ਪਰਮਿੰਦਰ ਸਿੰਘ ਪਾਵਰਲਿਫਟਿੰਗ ਕੋਚ, ਰੁਪਿੰਦਰ ਸਿੰਘ ਹਾਕੀ ਕੋਚ, ਮਨਜਿੰਦਰ ਸਿੰਘ ਫੁੱਟਬਾਲ ਕੋਚ, ਬਲਜੀਤ ਸਿੰਘ ਬਾਸਕਟਬਾਲ ਕੋਚ, ਅਵਤਾਰ ਸਿੰਘ ਹਾਕੀ ਕੋਚ, ਸੰਦੀਪ ਕੌਰ ਬਾਕਸਿੰਗ ਕੋਚ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।