5 Dariya News

ਤਿਵਾੜੀ ਨੇ ਵਿਦੇਸ਼ ਮੰਤਰੀ ਨੂੰ ਨਵਾਂ ਸ਼ਹਿਰ ਵਿਖੇ ਪਾਸਪੋਰਟ ਦਫ਼ਤਰ ਸਥਾਪਤ ਕਰਨ ਦੀ ਅਪੀਲ ਕੀਤੀ

5 Dariya News

ਨਵਾਂ ਸ਼ਹਿਰ 30-Jul-2019

ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੋਂ ਨਵਾਂ ਸ਼ਹਿਰ ਵਿਖੇ ਖੇਤਰੀ ਪਾਸਪੋਰਟ ਦਫਤਰ ਸਥਾਪਤ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਉਨ੍ਹਾਂ ਦੇ ਹਲਕੇ ਚ ਰਹਿੰਦੀ ਵੱਡੀ ਗਿਣਤੀ ਚ ਆਬਾਦੀ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।ਤਿਵਾੜੀ ਨੇ ਅੱਜ ਦਿੱਲੀ ਵਿਖੇ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਇਸ ਵਿਸ਼ੇ ਤੇ ਉਨ੍ਹਾਂ ਇੱਕ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੋਕ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਚ ਪੈਂਦੇ ਗੜ੍ਹਸ਼ੰਕਰ, ਨਵਾਂ ਸ਼ਹਿਰ, ਬੰਗਾ, ਬਲਾਚੌਰ ਤੇ ਸ੍ਰੀ ਅਨੰਦਪੁਰ ਸਾਹਿਬ ਚ ਵੱਡੀ ਗਿਣਤੀ ਚ ਆਬਾਦੀ ਐੱਨਆਰਆਈ ਭਾਈਚਾਰੇ ਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਚ ਐਨਆਰਆਈ ਭਾਈਚਾਰੇ ਦੀ ਆਬਾਦੀ ਕਰੀਬ 20 ਲੱਖ ਹੈ ਅਤੇ ਇਹ ਐਨਆਰਆਈ ਦੁਨੀਆ ਦੇ ਵੱਖ ਵੱਖ ਹਿੱਸਿਆਂ ਚ ਵੱਸਦੇ ਹਨ। ਇਨ੍ਹਾਂ ਐਨਆਰਆਈਜ਼ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਇਨ੍ਹਾਂ ਆਪਣੇ ਪਾਸਪੋਰਟ ਬਣਵਾਉਣ ਜਾਂ ਅਪਡੇਟ ਕਰਵਾਉਣ ਲਈ ਜਲੰਧਰ ਤੱਕ ਦਾ ਲੰਬਾ ਸਫਰ ਤੈਅ ਕਰਨਾ ਪੈਂਦਾ ਹੈ।ਤਿਵਾੜੀ ਨੇ ਕਿਹਾ ਕਿ ਸਰਕਾਰ ਵੱਲੋਂ "ਪਾਸਪੋਰਟ ਸੇਵਾ" ਪ੍ਰੋਗਰਾਮ ਹੇਠ ਹਰੇਕ ਲੋਕ ਸਭਾ ਹਲਕੇ ਚ ਇੱਕ ਖੇਤਰੀ ਪਾਸਪੋਰਟ ਦਫ਼ਤਰ ਬਣਾਉਣ ਦੀ ਗੱਲ ਕੀਤੀ ਗਈ ਸੀ, ਪਰ ਇਹ ਮੁਹਿੰਮ ਵੱਡੇ ਲੋਕ ਸਭਾ ਹਲਕਿਆਂ ਜਾਂ ਫਿਰ ਜਿੱਥੇ ਪਾਸਪੋਰਟ ਸੇਵਾਵਾਂ ਦੀ ਵੱਧ ਲੋੜ ਹੈ, ਉਪਰ ਵਿਚਾਰ ਕਰਨ ਤੇ ਨਾਕਾਮਯਾਬ ਰਹੀ।ਮੰਤਰੀ ਨੂੰ ਸੌਂਪੇ ਮੰਗ ਪੱਤਰ ਚ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਗੜ੍ਹਸ਼ੰਕਰ, ਨਵਾਂ ਸ਼ਹਿਰ, ਬੰਗਾ, ਬਲਾਚੌਰ ਤੇ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਵੱਡੀ ਗਿਣਤੀ ਚ ਐਨਆਰਆਈਜ਼ ਨੂੰ ਪਾਸਪੋਰਟ ਸੇਵਾਵਾਂ ਦੀ ਲੋੜ ਪੈਂਦੀ ਹੈ, ਪਰ ਉਨ੍ਹਾਂ ਇਨ੍ਹਾਂ ਸੇਵਾਵਾਂ ਲਈ ਜਲੰਧਰ ਤੱਕ ਦਾ ਲੰਬਾ ਸਫਰ ਤੈਅ ਕਰਨਾ ਪੈਂਦਾ ਹੈ। ਅਜਿਹੇ ਚ ਇਲਾਕੇ ਅੰਦਰ ਇੱਕ ਖੇਤਰੀ ਪਾਸਪੋਰਟ ਦਫਤਰ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਮੰਤਰੀ ਨੂੰ ਨਵਾਂ ਸ਼ਹਿਰ ਜਾਂ ਫਿਰ ਨਾਲ ਲੱਗਦੇ ਇਲਾਕਿਆਂ ਚ ਇੱਕ ਖੇਤਰੀ ਪਾਸਪੋਰਟ ਦਫਤਰ ਸਥਾਪਤ ਕੀਤੇ ਜਾਣ ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਜਿਹੜਾ ਇਲਾਕੇ ਦੇ ਲੋਕਾਂ ਨੂੰ ਸੇਵਾਵਾਂ ਦੇਵੇਗਾ ਅਤੇ ਇਸ ਨਾਲ ਪਾਸਪੋਰਟ ਦਬਾਉਣਾ ਜਾਂ ਫਿਰ ਅਪਡੇਟ ਕਰਵਾਉਣਾ ਆਸਾਨ ਹੋ ਜਾਵੇਗਾ।