5 Dariya News

ਹਾਕੀ ਖਿਡਾਰੀ ਅਜੀਤ ਪਾਲ ਨੇ ਵਿਸ਼ਵ ਹੈਪੇਟਾਇਟਸ ਦਿਵਸ ਮੌਕੇ ਹੈਲਥਕੇਅਰ ਪੇਸ਼ੇਵਰਾਂ ਵੱਲੋਂ ਕਰਵਾਈ 'ਰਨ ਫਾਰ ਅਵੇਅਰਨੈੱਸ' ਦੀ ਕੀਤੀ ਅਗਵਾਈ

ਸਿਹਤ ਪ੍ਰਤੀ ਜਾਗੂਕਤਾ ਲਈ ਟ੍ਰਾਇਸਿਟੀ ਦੇ ਲੋਕਾਂ ਨੇ ਵੱਡੇ ਪੱਧਰ 'ਤੇ ਲਿਆ ਹਿੱਸਾ

5 Dariya News

ਚੰਡੀਗੜ੍ਹ 28-Jul-2019

ਸਿਹਤ ਖੇਤਰ ਅਤੇ ਆਮ ਲੋਕਾਂ ਦਰਮਿਆਨ ਅਕਾਦਮਿਕ ਅਤੇ ਸਿਹਤ ਸਬੰਧੀ ਜਾਗਰੂਕਤਾ ਗਤੀਵਿਧੀਆਂ ਲਈ ਸਿਹਤ ਸੇਵਾਵਾਂ ਨਾਲ ਜੁੜੇ ਪੇਸ਼ੇਵਰਾਂ ਵੱਲੋਂ ਬਣਾਈ ਸੰਸਥਾ 'ਜੀ ਐਲ ਰੈਂਜਵਸ' ਵੱਲੋਂ ਅੱਜ ਵਿਸ਼ਵ ਹੈਪੇਟਾਇਟਸ ਦਿਵਸ ਮੌਕੇ ਇੱਥੇ ਸੁਖਨਾ ਝੀਲ ਤੋਂ ਕੈਪੀਟਲ ਕੰਪਲੈਕਸ ਤੱਕ 'ਰਨ ਫਾਰ ਅਵੇਰਨੈੱਸ' ਵਿਸ਼ੇ ਹੇਠ ਈਵੈਂਟ ਕਰਵਾਇਆ ਗਿਆ। ਭਾਰਤ ਨੂੰ ਆਪਣੀ ਕਪਤਾਨੀ ਹੇਠ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਾਲੇ ਮਹਾਨ ਹਾਕੀ ਓਲੰਪੀਅਨ ਪਦਮ ਸ੍ਰੀ ਅਜੀਤ ਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਇਸ ਜਾਗਰੂਕਤਾ ਦੌੜ ਵਿੱਚ ਟਰਾਈਸਿਟੀ ਦੇ 300 ਦੇ ਕਰੀਬ ਵਿਅਕਤੀਆਂ ਨੇ ਹਿੱਸਾ ਲਿਆ।ਵਿਸ਼ਵ ਸਿਹਤ ਸੰਗਠਨ ਦੁਆਰਾ ਹਰੇਕ ਸਾਲ 28 ਜੁਲਾਈ ਨੂੰ ਵਿਸ਼ਵ ਹੈਪੇਟਾਇਟਸ ਦਿਵਸ ਆਲਮੀ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਹੈਪੇਟਾਇਟਸ ਦਿਵਸ ਦੇ ਵਿਸ਼ਵ ''ਫਾਈਂਡ ਦ ਮਿਸਿੰਗ ਮਿਲੀਅਨਜ'' ਨੂੰ ਪੀ ਜੀ ਆਈ ਦੇ ਹੈਪਾਟੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਨੈਸ਼ਨਲ ਵਾਇਰਲ ਹੈਪੇਟਾਇਟਸ ਕੰਟਰੋਲ ਪ੍ਰੋਗਰਾਮ ਦੇ ਚੇਅਰਮੈਨ ਡਾ. ਆਰ.ਕੇ. ਧੀਮਾਨ ਵੱਲੋਂ ਢੁੱਕਵੇਂ ਢੰਗ ਨਾਲ ਉਜਾਗਰ ਕੀਤਾ ਗਿਆ। ਉਨਾਂ ਤਕਰੀਬਨ 300 ਲੋਕਾਂ ਨਾਲ ਲਿਵਰ ਦੇ ਬਚਾਅ ਅਤੇ ਹੈਪੇਟਾਇਟਸ ਦੇ ਖਾਤਮੇ ਸਬੰਧੀ ਆਪਣੇ ਕੀਮਤੀ ਵਿਚਾਰ ਵੀ ਸਾਂਝੇ ਕੀਤੇ। ਇੱਥੇ ਇਕੱਠੇ ਹੋਏ ਲੋਕਾਂ ਵਿੱਚੋਂ ਜ਼ਿਆਦਾਤਰ ਨੇ ਸੁਖਨਾ ਝੀਲ ਵਿਖੇ ਕਰਵਾਈ 'ਰਨ ਫਾਰ ਅਵੇਰਨੈਸ' ਵਿੱਚ ਹਿੱਸਾ ਲਿਆ ਅਤੇ ਡਾ. ਆ.ਕੇ. ਧੀਮਾਨ ਦੇ ਜਾਗਰੂਕਤਾ ਫੈਲਾਉਣ ਸਬੰਧੀ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੌੜ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਹਾਕੀ ਓਲੰਪੀਅਨ ਅਜੀਤ ਪਾਲ ਸਿੰਘ ਨੇ ਡਾ. ਧੀਮਾਨ ਦੇ ਵਿਚਾਰਾਂ 'ਤੇ ਅੱਗੇ ਬੋਲਦਿਆਂ ਕਿਹਾ ਕਿ ਜਿਗਰ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਸਿਹਤਮੰਦ ਰਹਿਣ ਲਈ ਇਸਦੀ ਸੰਭਾਲ ਅਤਿ ਜਰੂਰੀ ਹੈ। ਇਸ ਦੌੜ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਹਾਕੀ ਦੇ ਦਿੱਗਜ਼ ਖਿਡਾਰੀ ਅਜੀਤ ਪਾਲ ਸਿੰਘ ਨਾਲ ਫੋਟੋਆਂ ਖਿਚਾਉਣ ਦਾ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ। 

ਉਨਾਂ ਬੱਚਿਆਂ ਅਤੇ ਨਾਲ 1975 ਦੇ ਵਿਸ਼ਵ ਕੱਪ ਦੀਆਂ ਯਾਦਾਂ ਤਾਜਾ ਕੀਤੀਆਂ ਅਤੇ ਉਨਾਂ ਨੂੰ ਪ੍ਰੇਰਿਤ ਕੀਤਾ। ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਤੇ ਚੰਡੀਗੜ੍ਹ ਦੇ ਖੇਡ ਸਕੱਤਰ ਸ੍ਰੀ ਕੇ.ਕੇ. ਯਾਦਵ ਨੇ ਦੋਵੇਂ ਉੱਘੀਆਂ ਸਖ਼ਸ਼ੀਅਤਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਈਵੈਂਟ ਦਾ ਹਿੱਸਾ ਹੋਣਾ ਉਨਾਂ ਲਈ ਮਾਣ ਵਾਲੀ ਗੱਲ ਹੈ। ਉਨਾਂ ਅੱਗੇ ਕਿਹਾ ਕਿ ਆਪਣੇ ਆਪ ਨੂੰ ਸਿਹਤਮੰਦ ਅਤੇ ਰਿਸਟ-ਪੁਸਟ ਰੱਖਣ ਸਬੰਧੀ ਲੋਕਾਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਵਾਲੇ ਅਜਿਹੇ ਈਵੈਂਟ ਦਾ ਨਗਰ ਨਿਗਮ ਸਮਰਥਨ ਕਰਦਾ ਹੈ।'ਜੀ ਐਲ ਰੈਂਜਵਸ' ਦੇ ਕਨਵੀਨਰ ਡਾ. ਗੁਰਬਿਲਾਸ ਪੀ. ਸਿੰਘ ਅਤੇ ਡਾ. ਸੁਖਬੀਰ ਸਿੰਘ ਸੋਢੀ ਨੇ ਕਿਹਾ ਕਿ ਉਹ ਵੱਖ ਵੱਖ ਸਟਰੀਮਾਂ ਅਤੇ ਟ੍ਰਾਇਸਿਟੀ ਦੇ ਵੱਖ ਵੱਖ ਹਸਪਤਾਲਾਂ 'ਚੋਂ ਉਨਾਂ ਦੇ ਮੈਡੀਕਲ ਸਾਥੀਆਂ  ਅਤੇ ਚੰਡੀਗੜ ਦੇ ਰਨਰਜ ਸਮੇਤ ਇੰਡਸੰਡ ਬੈਂਕ ਰਨਰਜ, ਜੋ ਕਿ ਕਰਨਾਲ ਤੱਕ ਤੋਂ ਇਸ ਈਵੈਂਟ ਵਿੱਚ ਹਿੱਸਾ ਲੈਣ ਲਈ ਬੜੇ ਉਤਸ਼ਾਹ ਨਾਲ ਪਹੁੰਚੇ ਹਨ, ਨੂੰ ਵੇਖ ਕੇ ਉਹ ਬੜੇ ਖੁਸ਼ ਹਨ। ਹੈਲਥਕੇਅਰ ਪੇਸੇਵਰਾਂ ਦੀ ਟੀਮ ਨੇ ਕਿਹਾ ਕਿ ਉਹ ਪਿਛਲੇ 3 ਸਾਲਾਂ ਤੋਂ ਪੰਜਾਬ ਭਰ ਵਿੱਚ ਹੈਪੇਟਾਇਟਸ ਦਿਵਸ ਮਨਾ ਰਹੇ ਹਨ ਪਰ ਟ੍ਰਾਇਸਿਟੀ ਵਿਖੇ ਉਨ੍ਹਾਂ ਨੂੰ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਕਾਬਲੇਗੌਰ ਹੈ ਕਿ ਹੈਪੇਟਾਇਟਸ ਸੀ ਦਾ ਇਲਾਜ ਜਿਸ 'ਤੇ ਲੱਖਾਂ ਰੁਪਏ ਦਾ ਖ਼ਰਚ ਆਉਂਦਾ ਹੈ, ਸਾਲ 2016 ਤੋਂ ਪੰਜਾਬ ਵਿੱਚ ਸਭਨਾਂ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ ਅਤੇ ਹਰਿਆਣਾ ਨੇ ਵੀ ਇਸਨੂੰ ਅਪਣਾਇਆ ਹੈ। ਇਹ ਮਾਡਲ ਹੁਣ ਡਾ.ਆਰ.ਕੇ. ਧੀਮਾਨ ਅਤੇ ਉਨ੍ਹਾਂ ਦੀ ਪੀ.ਜੀ.ਆਈ. ਟੀਮ ਦੁਆਰਾ ਵਿਕਸਿਤ ਪੰਜਾਬ ਮਾਡਲ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਮਾਡਲ ਹੁਣ ਹੋਰਨਾਂ ਸੂਬਿਆਂ ਵੱਲੋਂ ਵੀ ਅਪਣਾਇਆ ਜਾ ਰਿਹਾ ਹੈ ਅਤੇ ਡਾ. ਧੀਮਾਨ ਨੇ ਦੱਸਿਆ ਕਿ ਮਹਾਂਰਾਸ਼ਟਰ ਨੇ ਇਹ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਹੈ।ਗੁਰੂ ਨਾਨਕ ਸਕੂਲ ਦੇ ਐਨ.ਸੀ.ਸੀ. ਕੈਡਿਟ ਇਸ ਈਵੈਂਟ ਵਿੱਚ ਆਪਣਾ ਸਹਿਯੋਗ ਦੇਣ ਲਈ ਪਹੁੰਚੇ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ,  ਓਲੰਪੀਅਨ ਗੁਰਦਿਸ ਪਾਲ ਸਿੰਘ, ਪੰਜਾਬੀ ਗਾਇਕ ਹਰਦੀਪ, ਸੁਖਜੀਤ ਲਹਿਲ, ਡਾ. ਜਸਪ੍ਰੀਤ ਸਿੰਘ ਬਾਠ, ਰਣਬੀਰ ਸਿੰਘ ਰਾਣਾ, ਡਾ. ਸੁਵਿਰ ਗੁਪਤਾ (ਜਨਰਲ ਹਸਪਤਾਨ ਸੈਕਟਰ 16, ਚੰਡੀਗੜ ਤੋਂ ਲਪਾਰੋਸਕੋਪਿਕ ਸਰਜਨ) ਅਤੇ ਦੀਪਕ ਸ਼ਰਮਾ ਹਾਜਰ ਸਨ।