ਬੋਰ ਕਰਕੇ ਸਿੱਧਾ ਧਰਤੀ ਵਿੱਚ ਪਾਣੀ ਭੇਜਣਾ ਬੇਹੱਦ ਖ਼ਤਰਨਾਕ, ਲੋਕ ਅਜਿਹਾ ਨਾ ਕਰਨ : ਅਮਰਦੀਪ ਸਿੰਘ ਚੀਮਾ
5 Dariya News
ਬਟਾਲਾ 25-Jul-2019
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਮੀਨ ਵਿੱਚ ਬੋਰ ਕਰਕੇ ਸਿੱਧਾ ਪਾਣੀ ਧਰਤੀ ਵਿੱਚ ਨਾ ਪਾਇਆ ਜਾਵੇ ਕਿਉਂਕਿ ਇਸ ਤਰਾਂ ਕਰਨ ਨਾਲ ਜਮੀਨ ਦੀ ਸ਼ਤਹ ਉਪਰਲਾ ਗੰਦਾ ਤੇ ਕੀਟਨਾਸ਼ਟ ਮਿਲਿਆ ਹੋਇਆ ਪਾਣੀ ਸਿੱਧਾ ਧਰਤੀ ਵਿਚਲੇ ਪਾਣੀ ਦੀ ਉਸ ਪਰਤ ਤੱਕ ਪਹੁੰਚ ਜਾਂਦਾ ਹੈ ਜਿਸ ਤੋਂ ਪੀਣ ਵਾਲਾ ਪਾਣੀ ਪ੍ਰਾਪਤ ਕੀਤਾ ਜਾਂਦਾ ਹੈ, ਜੋ ਕਿ ਬੇਹੱਦ ਖ਼ਤਰਨਾਕ ਹੈ। ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਸੋਸਲ ਮੀਡੀਆ ’ਤੇ ਕੁਝ ਲੋਕਾਂ ਵਲੋਂ ਬੋਰ ਕਰਕੇ ਅਜਿਹੇ ਢੰਗ ਨਾਲ ਪਾਣੀ ਧਰਤੀ ਹੇਠ ਪਹੁੰਚਾਇਆ ਜਾ ਰਿਹਾ ਹੈ ਜੋ ਕਿ ਬਹੁਤ ਗਲਤ ਰੁਝਾਨ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪੀਣਯੋਗ ਪਾਣੀ ਇਨੀ ਛੇਤੀ ਦੂਸ਼ਿਤ ਹੋ ਜਾਵੇਗਾ ਕਿ ਸਾਨੂੰ ਮੁੜ ਸਾਫ ਪੀਣ ਵਾਲਾ ਪਾਣੀ ਨਹੀਂ ਲੱਭੇਗਾ। ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨੁੰ ਵੀ ਕਿਹਾ ਗਿਆ ਹੈ ਕਿ ਉਹ ਵੀ ਆਪਣੇ ਪੱਧਰ ਤੇ ਹਰੇਕ ਜ਼ਿਲੇ ਵਿੱਚ ਇਸ ਸਬੰਧੀ ਜਾਗਰੂਕਤਾ ਕੈਂਪ ਲਗਾਉਣ ਤਾਂ ਜੋ ਲੋਕ ਇਸ ਤਰਾਂ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਕੁਦਰਤੀ ਤੌਰ ਤੇ ਪਾਣੀ ਜਦੋਂ ਜਮੀਨ ਅੰਦਰ ਜਾਂਦਾ ਹੈ ਤਾਂ ਇਹ ਇਕ ਕੁਦਰਤੀ ਪ੍ਰੀਕਿਰਿਆ ਦਾ ਹਿੱਸਾ ਬਣਦਾ ਹੈ ਜਿਸ ਨਾਲ ਪਾਣੀ ਪੂਰੀ ਤਰਾਂ ਪੁਣਛਾਣ ਕੇ ਧਰਤੀ ਵਿੱਚ ਰਿਸਦਾ ਰਹਿੰਦਾ ਹੈ ਤੇ ਜਦੋਂ ਪੀਣਯੋਗ ਪਾਣੀ ਵਾਲੀ ਸ਼ਤਿਹ ਤੱਕ ਅਜਿਹਾ ਪਾਣੀ ਕੁਦਰਤੀ ਤਰੀਕੇ ਨਾਲ ਪਹੁੰਚਦਾ ਹੈ ਤਾਂ ਉਹ ਪੂਰੀ ਤਰਾਂ ਸੁਰੱਖਿਅਤ ਤੇ ਪੀਣਯੋਗ ਖਣਿਜ਼ਾ ਨਾਲ ਭਰਪੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਦਾ ਪਾਣੀ ਧਰਤ ਹੇਠ ਭੇਜਣ ਲਈ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਕੀਤੇ ਮਾਡਲ ਤਹਿਤ ਵਾਟਰ ਰੀਚਾਰਜ ਪਿੱਟ ਬਣਾਉਣੇ ਚਾਹੀਦੇ ਹਨ, ਜੋ ਕਿ ਪੂਰੀ ਤਰਾਂ ਸੁਰੱਖਿਅਤ ਹਨ।